ਕਸ਼ਮੀਰ ਤੋਂ ਆਈਆਂ ਸਰਪੰਚ ਲੇਡੀਜ਼ ਅਤੇ ਅਧਿਕਾਰੀਆਂ ਨਾਲ ਤਜਰਬਾ ਸਾਂਝਾ ਕਰਦੇ ਹੋਏ ਅਮੀਰ ਖਾਸ ਦੇ ਸਰਪੰਚ ਦੀ ਧਰਮ ਸੁਪਤਨੀ
ਜਗਦੀਸ਼ ਥਿੰਦ
ਫਾਜ਼ਿਲਕਾ, 5 ਦਸੰਬਰ
ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਤੋਂ ਬੀਡੀਪੀਓ ਮਦਨ ਮੋਹਨ ਦੀ ਅਗਵਾਈ ਹੇਠ 12 ਮਹਿਲਾਵਾਂ ਸਮੇਤ 40 ਸਰਪੰਚਾਂ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਮੀਰ ਖ਼ਾਸ ਤਹਿਸੀਲ ਜਲਾਲਾਬਾਦ ਦਾ ਦੌਰਾ ਕੀਤਾ। ਇਸ ਦੌਰੇ ਦਾ ਮੰਤਵ ਪੰਚਾਇਤੀ ਰਾਜ ਸੰਸਥਾਵਾਂ ਅਤੇ ਗ੍ਰਾਮ ਪੰਚਾਇਤ ਦੇ ਅਧੀਨ ਹੁੰਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਸੀ
ਇਸ ਟੀਮ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮੈਡੀਕਲ ਸਬ ਸੈਂਟਰ, ਆਂਗਣਵਾੜੀ ਸੈਂਟਰ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਵਾਟਰ ਟਰੀਟਮੈਂਟ ਸਿਸਟਮ, ਵਿਲੇਜ਼ ਸੈਲਫੀ ਪੁਆਇੰਟ ਅਤੇ ਅਖੀਰ ਵਿੱਚ ਸ਼ਮਸ਼ਾਨ ਘਾਟ ਦਾ ਦੌਰਾ ਕੀਤਾ।ਇਹ ਟੀਮ ਇਨ੍ਹਾਂ ਪ੍ਰੋਜੈਕਟਾਂ ਦੀ ਬਣਤਰ, ਵਰਤੀ ਗਈ ਸਮੱਗਰੀ ਨੂੰ ਵੇਖ ਕੇ ਪ੍ਰਭਾਵਿਤ ਹੋਈ।
ਪਿੰਡ ਅਮੀਰ ਖਾਸ ਦੇ ਸਰਪੰਚ ਦੇ ਨਾਲ ਜੰਮੂ ਕਸ਼ਮੀਰ ਤੋਂ ਆਏ ਪੰਚਾਇਤਾਂ ਦੇ ਨੁਮਾਇੰਦੇ ਅਤੇ ਅਧਿਕਾਰੀ । ਤਸਵੀਰਾਂ : ਜਗਦੀਸ਼ ਥਿੰਦ
ਜੀ.ਓ.ਜੀ. ਤਹਿਸੀਲ ਦੇ ਮੁਖੀ ਐਚ. ਕੈਪਟਨ ਅੰਮ੍ਰਿਤ ਲਾਲ ਨੇ ਸਾਰੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਹਰਬੰਸ ਲਾਲ ਨੇ ਜਮੂ ਕਸ਼ਮੀਰ ਤੋਂ ਆਏ ਵਫਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਗ੍ਰਾਂਟਾਂ, ਮਗਨਰੇਗਾ ਸਕੀਮ ਬਾਰੇ ਜਾਣਕਾਰੀ ਦਿੱਤੀ। ਜੰਮੂ ਤੋਂ ਆਉਣ ਵਾਲਾ ਵਫ਼ਦ ਆਪਣੀ ਇਸ ਫੇਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਇਆ ਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਪ੍ਰਗਟ ਕੀਤਾ।