ਸਿੱਧੂ ਨੇ ਕੀਤਾ ਹਿਸਾਬ ਬਰਾਬਰ, ਕੇਜਰੀਵਾਲ ਨੇ ਪੰਜਾਬ ਵਿੱਚ ਅਧਿਆਪਕਾਂ ਦਾ ਕੀਤਾ ਸੀ ਸਮਰਥਨ, ਦਿੱਲੀ ਵਿੱਚ ਕੇਜਰੀਵਾਲ ਦੇ ਘਰ ਦੇ ਬਾਹਰ ਸਿੱਧੂ ਦਾ ਧਰਨਾ
ਦੀਪਕ ਗਰਗ
- ਸਿੱਧੂ ਨੇ ਕਿਹਾ : ਦਿੱਲੀ ਦਾ ਭਰਮ ਤੋੜਨ ਆਇਆ ਹਾਂ, 'ਆਪ' ਆਗੂ ਪੰਜਾਬ ਜਾਕੇ ਛੱਡ ਰਹੇ ਸ਼ਿਗੁਫ਼ੇ
- ਕੇਜਰੀਵਾਲ ਨੂੰ ਦਿੱਤੀ ਖੁੱਲੀ ਚੁਣੌਤੀ
ਕੋਟਕਪੂਰਾ, 5 ਦਸੰਬਰ 2021 - ਅਗਲੇ ਸਾਲ ਪੰਜਾਬ ਵਿੱਚ ਚੋਣਾਂ ਹੋ ਰਹੀਆਂ ਹਨ, ਪਰ ਲੜਾਈ ਦਾ ਮੈਦਾਨ ਦਿੱਲੀ ਬਣਿਆ ਹੋਇਆ ਹੈ। ਅੱਜ ਪੰਜਾਬ ਕਾਂਗਰਸ ਦੇ ਸੁੱਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਧਰਨਾ ਦਿੱਤਾ। ਸਿੱਧੂ ਦਿੱਲੀ ਦੇ ਗੈਸਟ ਅਧਿਆਪਕਾਂ ਦੀ ਮੰਗ ਨੂੰ ਉਠਾ ਰਹੇ ਸਨ। ਇਸ ਧਰਨੇ ਵਿੱਚ ਉਨ੍ਹਾਂ ਦੇ ਨਾਲ ਗੈਸਟ ਅਧਿਆਪਕ ਵੀ ਮੌਜੂਦ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੋਹਾਲੀ ਵਿੱਚ ਠੇਕਾ ਅਧਿਆਪਕਾਂ ਦਾ ਮੁੱਦਾ ਉਠਾਇਆ ਸੀ ਅਤੇ ਪੰਜਾਬ ਦੇ ਠੇਕਾ ਅਧਿਆਪਕਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।
ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਦੀ ਵਾਰੀ ਸੀ ਅਤੇ ਉਹ ਵੀ ਦਿੱਲੀ ਵਿੱਚ ਮੁੱਖ ਮੰਤਰੀ ਨਿਵਾਸ ਦੇ ਬਾਹਰ ਗੈਸਟ ਟੀਚਰਾਂ ਦੇ ਧਰਨੇ ਵਿੱਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਝੂਠ ਦਾ ਭਰਮ ਜਾਲ ਫੈਲਾਇਆ ਹੈ, ਇਸ ਨੂੰ ਤੋੜਨ ਲਈ ਹੀ ਮੈਂ ਇਥੇ ਆਇਆ ਹੈ।
ਕੇਜਰੀਵਾਲ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਸਿੱਧੂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਕੂਲ ਪ੍ਰਬੰਧਕ ਕਮੇਟੀਆਂ 'ਚ ਆਪਣੇ ਲੋਕਾਂ ਨੂੰ ਲਗਾਇਆ ਹੋਇਆ ਹੈ, ਜਿਨ੍ਹਾਂ ਨੂੰ ਹਰ ਮਹੀਨੇ ਪੰਜ ਲੱਖ ਰੁਪਏ ਮਿਲਦੇ ਹਨ। ਇੱਥੇ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਨਹੀਂ ਮਿਲ ਰਹੀ ਅਤੇ ਮੂੰਹ ਖੋਲ੍ਹਣ ’ਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਨੇ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ 'ਤੇ ਨਿਸ਼ਾਨਾ ਸਾਧਣ ਲਈ ਟਵਿਟਰ ਦਾ ਵੀ ਸਹਾਰਾ ਲਿਆ ਹੈ। ਆਮ ਆਦਮੀ ਪਾਰਟੀ ਇਸ ਸਿੱਖਿਆ ਮਾਡਲ ਨੂੰ ਪੰਜਾਬ ਵਿੱਚ ਆਪਣੀ ਮੁੱਖ ਪ੍ਰਾਪਤੀ ਵਜੋਂ ਦਿਖਾ ਰਹੀ ਹੈ।
ਸਿੱਧੂ ਨੇ ਕਈ ਟਵੀਟ ਕਰਕੇ ਲਿਖਿਆ ਹੈ ਕਿ ਸਾਲ 2015 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਸਨ, ਪਰ 2021 ਵਿੱਚ 19,907 ਅਸਾਮੀਆਂ ਖਾਲੀ ਹਨ। ਜਦਕਿ ‘ਆਪ’ ਸਰਕਾਰ ਗੈਸਟ ਲੈਕਚਰਾਰਾਂ ਰਾਹੀਂ ਖਾਲੀ ਅਸਾਮੀਆਂ ਭਰ ਰਹੀ ਹੈ। 2015 ਦੇ ਮੈਨੀਫੈਸਟੋ ਵਿੱਚ ਤੁਸੀਂ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਸੀਂ ਦਿੱਲੀ ਵਿੱਚ ਸਿਰਫ਼ 440 ਨੌਕਰੀਆਂ ਦਿੱਤੀਆਂ ਹਨ। ਪਿਛਲੇ 5 ਸਾਲਾਂ 'ਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵਧੀ ਹੈ
ਉਨ੍ਹਾਂ ਕਿਹਾ ਕਿ ਟਵਿੱਟਰ 'ਤੇ ਜੋ ਅੰਕੜੇ ਪਾਏ ਗਏ ਹਨ, ਉਹ ਅਸਲੀਅਤ ਹੈ। ਕੇਜਰੀਵਾਲ ਨੇ 2013 ਵਿੱਚ ਦਿੱਲੀ ਵਿੱਚ ਵਾਅਦਾ ਕੀਤਾ ਸੀ ਕਿ ਉਹ ਕੰਟਰੈਕਟ ਵਰਕਰਾਂ ਨੂੰ ਪੱਕਾ ਕਰਨਗੇ। ਪਰ ਕਿਸੇ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ। 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ 8 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ ਅਤੇ ਸਿਰਫ਼ 440 ਨੌਕਰੀਆਂ ਦਿੱਤੀਆਂ ਗਈਆਂ। ਝੂਠ ਦਾ ਨਮੂਨਾ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸਾਬੁਣ ਦੇ ਬੁਲਬੁਲੇ ਵਾਂਗ ਖੋਖਲੀਆਂ ਗੱਲਾਂ ਕਰਦੇ ਹਨ ਅਤੇ ਪੰਜਾਬ ਜਾ ਕੇ ਸ਼ਗੂਫਾ ਛੱਡ ਦਿੰਦੇ ਹਨ ਕਿ ਉਹ ਅਧਿਆਪਕਾਂ ਨੂੰ ਪੱਕਾ ਕਰਨਗੇ।
ਕੇਜਰੀਵਾਲ ਨੂੰ ਪਹਿਲਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਅੱਜ ਦਿੱਲੀ 'ਚ 22 ਹਜ਼ਾਰ ਗੈਸਟ ਟੀਚਰ ਸੜਕਾਂ 'ਤੇ ਹਨ
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਰੰਗਾਂ ਵਿੱਚ ਨਜ਼ਰ ਆਏ। ਉਨ੍ਹਾਂ ਕਿਹਾ, '' ਗੁਰੂ ਕੇਜਰੀਵਾਲ ਸਾਹਿਬ ਪੰਜਾਬ ਆ ਕੇ ਲੈਕਚਰ ਦਿਓ, ਆਪਣੀ ਬੀਮਾਰੀ ਨੂੰ ਵਧਣ ਦਿਓ ਅਤੇ ਦੂਜਿਆਂ ਨੂੰ ਦਵਾਈ ਦੱਸੋ।'' ਇਸ ਦੌਰਾਨ ਸਿੱਧੂ ਨੇ ਪ੍ਰਸਿੱਧ ਹਿੰਦੀ ਗੀਤ ''ਭੋਲੀ ਸੂਰਤ ਦਿਲ ਦੇ ਖੋਟੇ, ਨਾਮ ਬਡੇ ਔਰ ਦਰਸ਼ਨ ਛੋਟੇ'' ਗਾਇਆ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਨਾਅਰੇਬਾਜ਼ੀ ਵੀ ਕੀਤੀ। ਉਸ ਨੇ ਨਾਅਰਾ ਬੁਲੰਦ ਕੀਤਾ, 'ਉਚੀ ਦੁਕਾਨ ਫੀਕੇ ਪਕਵਾਨ"
ਦੱਸ ਦੇਈਏ ਕਿ ਆਲ ਇੰਡੀਆ ਗੈਸਟ ਟੀਚਰ ਐਸੋਸੀਏਸ਼ਨ ਮੁਤਾਬਕ ਦਿੱਲੀ ਸਰਕਾਰ ਨੇ 7 ਸਾਲ ਪਹਿਲਾਂ ਤਿੰਨ ਵਾਰ ਵਾਅਦਾ ਕੀਤਾ ਸੀ ਕਿ ਉਹ ਦਿੱਲੀ ਦੇ ਗੈਸਟ ਟੀਚਰਾਂ ਨੂੰ ਪੱਕੀ ਨੌਕਰੀ ਦੇਵੇਗੀ ਪਰ 7 ਸਾਲ ਬਾਅਦ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਕੋਰੋਨਾ ਦੇ ਦੌਰ 'ਚ ਦਿੱਲੀ ਦੇ ਗੈਸਟ ਟੀਚਰਾਂ ਦੀ ਹਾਲਤ ਵਿਗੜ ਗਈ।
ਅੰਕੜਿਆਂ ਅਨੁਸਾਰ ਕਰੀਬ 7 ਸਾਲਾਂ ਤੋਂ 22000 ਤੋਂ ਵੱਧ ਗੈਸਟ ਅਧਿਆਪਕ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ। ਜਥੇਬੰਦੀ ਦੇ ਪ੍ਰਧਾਨ ਅਰੁਣ ਡੇਢਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਪੰਜਾਬ ਵਿੱਚ ਕਿਹਾ ਕਿ ਆਰਜ਼ੀ ਅਧਿਆਪਕਾਂ ਨੂੰ ਪੱਕੇ ਕਰਨਾ ਬਹੁਤ ਛੋਟਾ ਕੰਮ ਹੈ। ਕੇਜਰੀਵਾਲ ਦੇ ਇਸ ਬਿਆਨ ਨਾਲ ਦਿੱਲੀ ਦੇ 22000 ਗੈਸਟ ਟੀਚਰਾਂ ਵਿੱਚ ਇੱਕ ਵਾਰ ਫਿਰ ਉਮੀਦ ਜਾਗੀ ਹੈ ਕਿ ਜੋ ਕੰਮ ਪੰਜਾਬ ਵਿੱਚ ਸਭ ਤੋਂ ਛੋਟਾ ਹੈ, ਉਹ ਦਿੱਲੀ ਵਿੱਚ ਵੀ ਹੋ ਸਕਦਾ ਹੈ।
ਜਥੇਬੰਦੀ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੇ ਗੈਸਟ ਟੀਚਰਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਹੁਕਮਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਸਾਰਿਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ।
ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਦਿੱਲੀ ਸਰਕਾਰ ਦੀ ਆਲੋਚਨਾ ਕਰਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਕਿੰਨੀਆਂ ਔਰਤਾਂ ਹਨ। ਪੰਜਾਬ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦੇ ਖਾਲੀ ਵਾਅਦੇ ਕਰਨ ਵਾਲੇ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਦਿੱਲੀ ਦੀਆਂ ਕਿੰਨੀਆਂ ਔਰਤਾਂ ਨੂੰ ਇਹ ਰਕਮ ਦਿੱਤੀ ਹੈ। ਪੰਜਾਬ ਦੀਆਂ ਔਰਤਾਂ ਆਤਮ ਨਿਰਭਰ ਹੋਣਾ ਚਾਹੁੰਦੀਆਂ ਹਨ, ਭੀਖ ਨਹੀਂ।
ਮਜੀਠੀਆ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ 'ਚ ਨਸ਼ੇ ਦੇ ਸੌਦਾਗਰਾਂ ਖਿਲਾਫ ਲੜਾਈ ਲੜ ਰਹੇ ਹਾਂ ਅਤੇ ਕੇਜਰੀਵਾਲ ਉਨ੍ਹਾਂ ਤੋਂ ਮੁਆਫੀ ਮੰਗ ਰਿਹਾ ਹੈ।
ਨਵਜੋਤ ਸਿੱਧੂ ਨੇ ਇਸ ਦੌਰਾਨ ਪੰਜਾਬ ਵਿੱਚ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਮੁਲਾਜ਼ਮ ਦਿੱਲੀ ਵਾਂਗ ਸੜਕਾਂ ’ਤੇ ਹਨ। ਹਰ ਰੋਜ਼ ਮਿਲਦੇ ਹਾਂ ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਹਰ ਇੱਕ ਨੂੰ ਯਕੀਨੀ ਬਣਾਇਆ ਜਾਵੇ ਪਰ ਇਸ ਤੋਂ ਪਹਿਲਾਂ ਬਜਟ ਵਿੱਚ ਪੈਸੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬਾਅਦ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ। 1000 ਕਰੋੜ ਰੁਪਏ ਦੇ ਬਜਟ ਨਾਲ ਪੰਜਾਬ ਦਾ ਮਸਲਾ ਹੱਲ ਹੋ ਸਕਦਾ ਹੈ ਅਤੇ ਸਾਰੇ ਧਰਨੇ-ਮੁਜ਼ਾਹਰੇ ਬੰਦ ਕੀਤੇ ਜਾ ਸਕਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ 'ਚ ਵੀ ਮੁਲਾਜ਼ਮਾਂ ਦੇ ਨਾਲ ਹਨ ਅਤੇ ਇਸੇ ਲਈ ਉਹ ਮੁਲਾਜ਼ਮਾਂ ਦਾ ਸਮਰਥਨ ਕਰਨ ਲਈ ਦਿੱਲੀ ਆਏ ਹਨ। ਉਨ੍ਹਾਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਅਜਿਹੀ ਨੀਤੀ ਲੈ ਕੇ ਆ ਰਹੇ ਹਨ, ਜਿਸ ਨਾਲ ਪੰਜਾਬ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਜੇਕਰ ਕੇਜਰੀਵਾਲ ਇਸ ਨੂੰ ਦਿੱਲੀ ਵਿੱਚ ਵੀ ਲਾਗੂ ਕਰ ਦਿੰਦੇ ਹਨ ਤਾਂ ਇੱਥੇ ਵੀ ਹੱਲ ਹੋ ਜਾਵੇਗਾ। ਇਹ ਸਭ ਬਜਟ ਵਿੱਚ ਪੈਸੇ ਦੀ ਵਿਵਸਥਾ ਨਾਲ ਹੋਵੇਗਾ। ਪ੍ਰਧਾਨ ਵਜੋਂ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਸੜਕਾਂ 'ਤੇ ਬੈਠੇ ਸਾਰੇ ਲੋਕ ਘਰ ਨਹੀਂ ਜਾਂਦੇ, ਉਦੋਂ ਤੱਕ ਉਹ ਵੀ ਸ਼ਾਂਤੀ ਨਾਲ ਨਹੀਂ ਬੈਠਣਗੇ।
ਸਿੱਧੂ ਨੇ ਕਿਹਾ ਕਿ ਅਧਿਆਪਕ ਹੀ ਗੁਰੂ ਹੁੰਦਾ ਹੈ ਅਤੇ ਗੁਰੂ ਦੇ ਚਰਨਾਂ ਵਿੱਚ ਹਰ ਕੋਈ ਸਿਰ ਝੁਕਾਉਂਦਾ ਹੈ। ਆਪਣੇ ਹੱਕਾਂ ਲਈ ਸੜਕਾਂ 'ਤੇ ਬੈਠੇ ਅਧਿਆਪਕ, ਇਹ ਨਾ ਤਾਂ ਪੰਜਾਬ ਲਈ ਚੰਗਾ ਹੈ ਅਤੇ ਨਾ ਹੀ ਦਿੱਲੀ ਲਈ । ਅਧਿਆਪਕਾਂ ਦੇ ਨਾਲ-ਨਾਲ ਉਹ ਪੰਜਾਬ ਵਿੱਚ ਵੀ ਖੜੇ ਹਨ ਅਤੇ ਦਿੱਲੀ ਵਿੱਚ ਵੀ ਖੜੇ ਹਨ। ਅਧਿਆਪਕਾਂ ਦੀ ਸੱਚਾਈ ਦੀ ਆਵਾਜ਼ ਨੂੰ ਉਹ ਪੂਰਨ ਸਹਿਯੋਗ ਦੇਣਗੇ। ਅਧਿਆਪਕਾਂ ਦਾ ਮਸਲਾ ਬਹੁਤ ਅਹਿਮ ਹੈ ਅਤੇ ਇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।
ਸਿੱਧੂ ਨੇ ਪ੍ਰਦੂਸ਼ਣ ਦੇ ਮੁੱਦੇ 'ਤੇ ਦਿੱਲੀ ਸਰਕਾਰ 'ਤੇ ਵੀ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਨਹੀਂ, ਸਗੋਂ ਦਿੱਲੀ ਦੇ ਵਾਹਨਾਂ ਦੇ ਧੂੰਏਂ ਕਾਰਨ ਹਵਾ ਖਰਾਬ ਹੋ ਰਹੀ ਹੈ। ਉਨ੍ਹਾਂ ਦਿੱਲੀ ਦੀਆਂ ਬੱਸਾਂ 'ਤੇ ਵੀ ਸਵਾਲ ਉਠਾਏ ਕਿ ਕੇਜਰੀਵਾਲ ਦੱਸਣ ਕਿ ਦਿੱਲੀ 'ਚ ਕਿੰਨੀਆਂ ਬੱਸਾਂ ਵਧੀਆਂ ਹਨ। ਸ਼ੀਲਾ ਦੀਕਸ਼ਿਤ ਦੇ ਸਮੇਂ ਦਿੱਲੀ ਵਿੱਚ 6000 ਹਜ਼ਾਰ ਬੱਸਾਂ ਸਨ ਅਤੇ ਅੱਜ 3000 ਹਨ। ਸ਼ੀਲਾ ਦੀਕਸ਼ਿਤ 22 ਫੀਸਦੀ ਗ੍ਰੀਨ ਕਵਰ ਦੇ ਨਾਲ ਗਈ ਸੀ। ਕੇਜਰੀਵਾਲ 23 ਵੀ ਨਹੀਂ ਕਰ ਸੱਕਿਆ। ਸ਼ੀਲਾ ਦੀਕਸ਼ਿਤ ਨੇ ਮੈਟਰੋ ਦੇ ਸਾਢੇ ਤਿੰਨ ਪੜਾਅ ਪੂਰੇ ਕੀਤੇ ਅਤੇ ਇਹ ਚਾਰ ਤੋਂ ਅੱਗੇ ਨਹੀਂ ਵਧ ਸਕੇ। ਪਹਿਲਾਂ 45 ਲੱਖ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਸਨ, ਹੁਣ 29 ਹਜ਼ਾਰ ਰਹਿ ਗਏ ਹਨ। ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕ ਰੇਲ ਗੱਡੀਆਂ ਵਿੱਚ ਆ ਗਏ ਹਨ। ਦਿੱਲੀ ਵਿੱਚ 45 ਫੀਸਦੀ ਪ੍ਰਦੂਸ਼ਣ ਦਾ ਕਾਰਨ ਵਾਹਨਾਂ ਵਿੱਚੋਂ ਨਿਕਲਦਾ ਧੂੰਆਂ ਹੈ ਅਤੇ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਵੱਲ ਉਂਗਲ ਉਠਾਉਂਦੇ ਹਨ।
ਸਿੱਧੂ ਨੇ ਕਿਹਾ ਕਿ ਉਹ ਦਿੱਲੀ ਅਤੇ ਪੰਜਾਬ ਦੇ ਮੁੱਦਿਆਂ 'ਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਉਹ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹਨ ਕਿ ਉਹ ਜਿੱਥੇ ਚਾਹੇ, ਜਦੋਂ ਚਾਹੇ, ਹਰ ਮੁੱਦੇ 'ਤੇ ਉਨ੍ਹਾਂ ਨਾਲ ਬਹਿਸ ਕਰਨ ਲਈ ਤਿਆਰ ਹਨ।