ਬਠਿੰਡਾ ਜ਼ਿਲ੍ਹੇ ਦੇ ਡੇਰਾ ਪ੍ਰੇਮੀਆਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ
ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ2021: ਡੇਰਾ ਸੱਚਾ ਸੌਦਾ ਸਿਰਸਾ ਦੇ ਜਿਲ੍ਹਾ ਬਠਿੰਡਾ ਨਾਲ ਸਬੰਧਤ ਡੇਰਾ ਪ੍ਰੇਮੀਆਂ ਨੇ ਸਰਦੀ ਦੇ ਮੱਦੇਨਜ਼ਰ ਅੱਜ 200 ਜਰੂਰਤਮੰਦ ਪ੍ਰੀਵਾਰਾਂ ਨੂੰ ਕੰਬਲ, ਜਰਸੀ, ਟੋਪੀ ਅਤੇ ਜੁਰਾਬਾਂ ਦੀ ਸ਼ਮੂਲੀਅਤ ਵਾਲੀਆਂ ਗਰਮ ਕੱਪੜਿਆਂ ਦੀਆਂ ਕਿੱਟਾਂ ਵੰਡੀਆਂ ਹਨ। ਇਸ ਸਬੰਧ ’ਚ ਡੇਰਾ ਸਿਰਸਾ ਦੀ ਸਮਾਜਿਕ ਕਾਰਜ ਕਰਨ ਵਾਲੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਦੇ ਨੇੜੇ ਗਾਂਧੀ ਮਾਰਕੀਟ ਦੀ ਪਾਰਕਿੰਗ ਵਿਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ। ਕੰਬਲ ਵੰਡਣ ਦੀ ਰਸਮ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਕੀਤੀ ਜਦੋਂਕਿ ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ , ਕੌਂਸਲਰ ਸੰਦੀਪ ਬੌਬੀ ਅਤੇ ਇੰਦਰਜੀਤ ਸਿੰਘ ਹਾਜਰ ਸਨ।
ਡੇਰਾ ਪੈਰੋਕਾਰਾਂ ਦੇ ਸਥਾਨਕ ਆਗੂਆਂ ਨੇ ਦੱਸਿਆ ਕਿ ਅੱਜ ਮਾਨਵਤਾ ਭਲਾਈ ਦੇ 135 ਕਾਰਜਾਂ ਦੀ ਲੜੀ ਤਹਿਤ ਜ਼ਿਲ੍ਹਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਵਿਚ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿਚ 200 ਜਰੂਰਤਮੰਦ ਪਰਿਵਾਰਾਂ ਨੂੰ ਇਹ ਸਮਾਨ ਵੰਡਿਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਜੋ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ ਵੰਡਣ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਤਰਾਂ ਦੇ ਸਮਾਜਸੇਵਾ ਨਾਲ ਸਬੰਧਤ ਸਮਾਗਮ ’ਚ ਸੱਦ ਕੇ ਜੋ ਮਾਣ ਬਖਸ਼ਿਆ ਗਿਆ ਹੈ ਉਹ ਇਸ ਲਈ ਡੇਰਾ ਸਿਰਸਾ ਦੀ ਸੰਗਤ ਦੇ ਤਹਿਦਿਲੋਂ ਧੰਨਵਾਦੀ ਹਨ।
ਇਸ ਮੌਕੇ ਬੋਲਦਿਆਂ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੇ ਸੇਵਾਦਾਰਾਂ ਨੂੰ ਇਸ ਸਰਦੀ ਦੇ ਮੌਸਮ ’ਚ ਗਰਮ ਕੱਪੜੇ ਵੰਡਣ ਦਾ ਯਤਨ ਕਰਨ ਲਈ ਵਧਾਈ ਦਿੱਤੀ । ਮੌਕੇ ਬੋਲਦਿਆਂ ਸੀਨੀਅਰ ਐਡਵੋਕੇਟ ਕੇਵਲ ਬਰਾੜ ਨੇ ਕਿਹਾ ਕਿ ਡੇੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਅੱਜ ਵਿਸ਼ਵ ਪੱਧਰ ਤੇ ਇਸ ਤਰਾਂ ਦੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਹਨ ਜਿਸ ਤਹਿਤ ਹੀ ਅੱਜ ਜ਼ਿਲ੍ਹਾ ਬਠਿੰਡਾ ਵੱਲੋਂ ਵੀ 200 ਜਰੂਰਤਮੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ ਹਨ। ਇਸ ਮੌਕੇ 45 ਮੈਂਬਰ ਪੰਜਾਬ ਜਸਵੰਤ ਸਿੰਘ ਗਰੇਵਾਲ ਇੰਸਾਂ, 45 ਮੈਂਬਰ ਭੈਣਾਂ ਊਸ਼ਾ ਇੰਸਾਂ, ਕੁਲਦੀਪ ਇੰਸਾਂ, ਮਾਧਵੀ ਇੰਸਾਂ, ਅਮਰਜੀਤ ਇੰਸਾਂ, ਪਰਮਜੀਤ ਇੰਸਾਂ, ਇੰਦਰਜੀਤ ਇੰਸਾਂ, ਬਿਮਲਾ ਇੰਸਾਂ, ਸੁਖਵਿੰਦਰ ਇੰਸਾਂ, ਚਰਨਜੀਤ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਨਸੀਬ ਕੌਰ ਇੰਸਾਂ, ਵਿਨੋਦ ਇੰਸਾਂ, ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਣ ਭੈਣਾਂ ਅਤੇ ਜ਼ਿਲ੍ਹਾ ਬਠਿੰਡਾ ਦੇ ਡੇਰਾ ਪ੍ਰੇਮੀ ਹਾਜਰ ਸਨ।