ਹਜ਼ਾਰਾਂ ਸੇਜਲ ਅੱਖਾਂ ਵੱਲੋਂ ਸਾਬਕਾ ਪ੍ਰਧਾਨ ਤਰਲੋਕ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ
- ਕਿਸਾਨੀ ਝੰਡੇ ਹੇਠ ਅਰਥੀ ਨੂੰ ਸਜਾਇਆ,ਅਮਰ ਰਹੇ ਦੇ ਨਾਰਿਆਂ ਨਾਲ ਸਾਰਾ ਅਸਮਾਨ ਗੂੰਜਿਆ
- ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ,ਖੇਤ ਮਜ਼ਦੂਰ ਯੂਨੀਅਨ ਅਤੇ ਡੀ ਟੀਮ ਐਫ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
- ਲੋਕ ਲਹਿਰਾਂ ਤੇ ਕਿਸਾਨਾਂ ਮਜ਼ਦੂਰਾਂ ਲਈ ਲੋਹ ਪੁਰਸ਼ ਸਨ ਤਰਲੋਕ ਸਿੰਘ- ਸੁਖਦੇਵ ਕੋਕਰੀ ਕਲਾਂ,ਅਮਰਜੀਤ ਸੈਦੋਕੇ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,5 ਦਸੰਬਰ 2021 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਾਬਕਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਦੀ ਮੌਤ ਉਤੇ ਕਿਰਤੀ ਲੋਕਾਂ ਦੇ ਦਿਲਾਂ ਦੇ ਵਿਹੜੇ ਉਦਾਸੀ ਛਾਈ ਹੋਈ ਸੀ।ਬੱਚੇ, ਔਰਤਾਂ, ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਦਾ ਚਹੇਤਾ ਤਰਲੋਕ ਸਿੰਘ ਹਿੰਮਤਪੁਰਾ, ਜਿਸ ਨੇ ਆਪਣੀ ਜ਼ਿੰਦਗੀ ਦੇ 4 ਦਹਾਕੇ ਲੋਕ ਲਹਿਰ ਨੂੰ ਸਮਰਪਿਤ ਕੀਤੇ, ਅੱਜ ਉਸ ਦੀ ਅੰਤਿਮ ਵਿਦਾਇਗੀ ਮੌਕੇ ਉਸ ਲਹਿਰ ਤੇ ਪ੍ਰਧਾਨ ਤਰਲੋਕ ਸਿੰਘ ਵੱਲੋਂ ਵਰ੍ਹਿਆਂ ਦੀ ਕੀਤੀ ਘਾਲਣਾ ਦਾ ਬੂਰ ਲਟ-ਲਟ ਪੈ ਰਿਹਾ ਹੈ। ਪ੍ਰੈਸ ਨਾਲ ਖ਼ਬਰ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰਜੋਤ ਸਿੰਘ ਸੈਦੋਕੇ ਨੇ ਦੱਸਿਆ ਕਿ ਪ੍ਰਧਾਨ ਤਰਲੋਕ ਸਿੰਘ ਨੂੰ ਪਿਛਲੇ ਦਿਨੀਂ ਜਾਨਲੇਵਾ ਦਿਲ ਦਾ ਦੌਰਾ ਪਿਆ। ਉਂਝ ਉਹ ਪਿਛਲੇ ਕੁਝ ਦਿਨ ਪਹਿਲਾਂ ਹੀ ਦਿੱਲੀ ਮੋਰਚੇ ਤੋਂ ਪਰਤੇ ਸਨ। ਉਹਨਾਂ ਦੇ ਤੁਰ ਜਾਣ ਨਾਲ ਜੱਥੇਬੰਦੀ ਅਤੇ ਲੋਕ ਲਹਿਰ ਨੂੰ ਵੱਡਾ ਘਾਟਾ ਪਿਆ ਹੈ।
ਅੰਤਿਮ ਵਿਦਾਇਗੀ ਮੌਕੇ ਜੁੜੇ ਹਜ਼ਾਰਾਂ ਮਰਦ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਲਾਕੇ ਵਿੱਚ ਜੋ ਕਿਸਾਨ ਲਹਿਰ ਸੰਘਰਸ਼ ਦੀ ਖੁਸ਼ਬੋ ਬਿਖੇਰ ਰਹੀ ਹੈ।ਇਸ ਨੂੰ ਖਿਲਾਉਣ ਵਿੱਚ ਤਰਲੋਕ ਸਿੰਘ ਨੇ ਆਪਣੇ ਕਈ ਦਹਾਕੇ ਸਮਰਪਿਤ ਕੀਤੇ ਹਨ।ਉਹ ਇੱਕ ਨਿਡਰ, ਬੇਬਾਕ, ਸ਼ਹਿਨਸ਼ੀਲ ਅਤੇ ਜੱਥੇਬੰਦੀ ਦਾ ਨਿਧੜਕ ਜਰਨੈਲ ਸੀ।
ਉਸਦੇ ਅਚਾਨਕ ਤੁਰ ਜਾਣ ਨਾਲ ਜੱਥੇਬੰਦੀ ਨੂੰ ਗਹਿਰਾ ਦੁੱਖ ਮਹਿਸੂਸ ਹੋ ਰਿਹਾ ਹੈ।ਜੋ ਸੰਘਰਸ਼ ਦੀ ਚੰਗਿਆੜੀ ਲੋਕਾਂ ਅੰਦਰ ਪ੍ਰਧਾਨ ਤਰਲੋਕ ਹਿੰਮਤਪੁਰਾ ਨੇ ਬਾਲੀ ਸੀ ਅੱਜ ਉਹ ਸੂਹੀ ਲਾਟ ਬਣ ਚੁੱਕੀ ਹੈ। ਸਾਨੂੰ ਸਾਰਿਆਂ ਨੂੰ ਇਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਇਸ ਮੌਕੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿੱਚ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਬਲੌਰ ਸਿੰਘ ਘੱਲ ਕਲਾਂ,ਜੀਤ ਸਿੰਘ ਡੇਮਰੂ, ਬੂਟਾ ਸਿੰਘ ਭਾਗੀਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਸੁਖਮੰਦਰ ਸਿੰਘ ਡੇਮਰੂ,ਬੁੱਕਣ ਸਿੰਘ ਸੱਦੋਵਾਲ, ਜੰਗੀਰ ਸਿੰਘ ਹਿੰਮਤਪੁਰਾ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ, ਦਰਸ਼ਨ ਸਿੰਘ ਹਿੰਮਤਪੁਰਾ, ਜਗਸੀਰ ਸਿੰਘ ਬਿੱਲੂ,ਜੱਗਾ ਕੁੱਸਾ,ਰਾਜੂ ਕੁੱਸਾ,ਹਰਬੰਸ ਸਿੰਘ ਮਾਛੀਕੇ, ਸੁਦਾਗਰ ਸਿੰਘ ਖਾਈ,ਹਰਨੇਕ ਸਿੰਘ ਰਾਮਾਂ,ਦੇਵ ਭਾਗੀਕੇ,ਨੌਜਵਾਨ ਆਗੂ ਕਰਮ ਰਾਮਾਂ, ਗੁਰਮੁਖ ਸਿੰਘ ਹਿੰਮਤਪੁਰਾ, ਨਿਰਮਲ ਸਿੰਘ ਹਿੰਮਤਪੁਰਾ, ਚਰਨਜੀਤ ਕੌਰ, ਕਰਮਜੀਤ ਕੌਰ, ਸ਼ਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ ਅਤੇ ਹੋਰ ਕਈ ਇਲਾਕੇ ਦੇ ਲੋਕ ਆਗੂ ਮੌਜੂਦ ਸਨ। ਪ੍ਰਧਾਨ ਤਰਲੋਕ ਸਿੰਘ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਨਾਮਧਾਰੀ ਗੁਰਦੁਆਰਾ ਸਾਹਿਬ ਵਿਖੇ ਦਿਨ ਐਤਵਾਰ ਮਿਤੀ 12-12-21 ਨੂੰ ਹੋਵੇਗਾ।