ਆਪ ਸਰਕਾਰ ਆਉਣ ਤੇ ਆਮਦਨ ਦਾ ਮੂੰਹ ਸਿਆਸੀ ਨੇਤਾਵਾਂ ਦੇ ਘਰ ਬਜਾਏ ਸਰਕਾਰੀ ਖਜ਼ਾਨੇ ਵੱਲ ਮੋੜਿਆ ਜਾਵੇਗਾ- ਸੰਧਵਾਂ
ਦੀਪਕ ਗਰਗ
- ਕੇਜਰੀਵਾਲ ਦੀ ਤੀਜੀ ਗਰੰਟੀ ਮਹਿਲਾਵਾਂ ਲਈ ਅਹਿਮ - ਬੀਬੀ ਸੰਧਵਾਂ
ਕੋਟਕਪੂਰਾ, 5 ਦਸੰਬਰ 2021 - ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤੀ ਤੀਜੀ ਗਰੰਟੀ ਜਿਸ ਤਹਿਤ 18 ਸਾਲ ਤੋਂ ਉਪਰ ਉਮਰ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ ਇਹ ਆਮ ਅਤੇ ਸਧਾਰਨ ਪਰਿਵਾਰਾਂ ਲਈ ਅਹਿਮ ਐਲਾਨ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਧਰਮ ਪਤਨੀ ਬੀਬਾ ਗੁਰਪ੍ਰੀਤ ਕੌਰ ਸੰਧਵਾਂ ਅਤੇ ਭਰਜਾਈ ਪਰਮਜੀਤ ਕੌਰ ਸੰਧਵਾਂ ਨੇ ਪੁਰਾਣਾ ਸ਼ਹਿਰ ਕੋਟਕਪੂਰਾ ਵਿਖੇ ਪਾਰਟੀ ਦੇ ਪ੍ਰਚਾਰ ਸਕੱਤਰ ਮਨਜੀਤ ਸ਼ਰਮਾ ਦੇ ਉਪਰਾਲੇ ਸਦਕਾ ਹੋਈ ਮਹਿਲਾਵਾਂ ਦੀ ਇੱਕ ਇਕੱਤਰਤਾ ਚ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਹਰ ਵਿਅਕਤੀ ਲਈ ਆਪਣਾ ਘਰ ਚਲਾਉਣਾ ਔਖਾ ਹੈ, ਅਜਿਹੇ ਵਿੱਚ ਬਚਤ ਤਾਂ ਬਹੁਤ ਦੂਰ ਦੀ ਗੱਲ ਹੈ। ਜਿਸ ਕਾਰਨ ਔਰਤਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਆਪ ਸਰਕਾਰ ਆਉਣ ਤੇ ਮਹਿਲਾਵਾਂ ਨੂੰ ਇਸ ਫੈਸਲੇ ਨਾਲ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਬੋਲਦਿਆਂ ਪ੍ਰਚਾਰ ਸਕੱਤਰ ਮਨਜੀਤ ਸ਼ਰਮਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਇਸ ਐਲਾਨ ਨੂੰ ਖਜ਼ਾਨੇ ਤੇ ਬੋਝ ਦੱਸਿਆ ਜਾ ਰਿਹਾ ਹੈ ਪਰ ਪਿਛਲੇ 74 ਸਾਲਾਂ ਤੋਂ ਵਾਰੀ ਬੰਨਕੇ ਪੰਜਾਬ ਅਤੇ ਪੰਜਾਬੀਆਂ ਦੀ ਕੀਤੀ ਜਾ ਰਹੀ ਅੰਨੇਵਾਹ ਲੁੱਟ ਨੂੰ ਰੋਕਣ ਲਈ ਕਦੇ ਆਵਾਜ ਹੀ ਨਹੀਂ ਉਠਾਈ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਨੂੰ ਠੱਲ ਪਾਕੇ ਅਤੇ ਹੋਰ ਸਰੋਤਾਂ ਤੋਂ ਹੋਣ ਵਾਲੀ ਆਮਦਨ ਦਾ ਮੂੰਹ ਸਿਆਸੀ ਨੇਤਾਵਾਂ ਦੇ ਘਰਾਂ ਤੋਂ ਮੋੜ ਕੇ ਸਰਕਾਰੀ ਖਜ਼ਾਨੇ ਵੱਲ ਕੀਤਾ ਜਾਵੇਗਾ ਜਿਸਦੀ ਬਦੌਲਤ ਪੰਜਾਬ ਸਿਰ ਚੜ੍ਹਿਆ ਕਰਜ਼ਾ ਵੀ ਉਤਾਰਿਆ ਜਾਵੇਗਾ ਅਤੇ ਲੋਕਾਂ ਨੂੰ ਰਾਹਤ ਦੇਣ ਵਾਲੀਆਂ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ।ਇਸ ਮੌਕੇ ਪ੍ਰਭਜੋਤ ਜੋਤੀ, ਪੂਨਮ, ਅਮਰਜੀਤ ਕੌਰ, ਅੰਜੂ, ਮਨਜੀਤ ਕੌਰ, ਪਾਛੋ ਕੌਰ ਤੋਂ ਇਲਾਵਾ ਗੁੱਗ ਦਿਉੜਾ ਵਿਸ਼ੇਸ਼ ਤੌਰ ਤੇ ਹਾਜਰ ਸਨ।