ਵਿਧਾਇਕ ਬਣਨ ਤੇ ਰਾਸ਼ਟਰੀ ਵਿਰਾਸਤ ਯੋਜਨਾ ਦੇ ਤਹਿਤ ਕਰਵਾਇਆ ਜਾਵੇਗਾ ਫਰੀਦਕੋਟ ਦਾ ਵਿਕਾਸ
ਨੌਜਵਾਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਕੇਂਦਰ ਸਰਕਾਰ ਕੋਲੋਂ ਲਿਆਂਦੇ ਜਾਣਗੇ ਵੱਡੇ ਪ੍ਰੋਜੈਕਟ
ਦੀਪਕ ਗਰਗ
ਚੰਡੀਗੜ੍ਹ 06 ਦਸੰਬਰ 2021: 2015 ਤੋਂ ਲਗਾਤਾਰ ਭਾਰਤੀ ਜਨਤਾ ਯੁਵਾ ਮੋਰਚਾ ਫਰੀਦਕੋਟ ਦੇ ਜਿਲਾ ਪ੍ਰਧਾਨ ਬਣੇ ਹੋਏ ਗੌਰਵ ਕੱਕੜ ਨੇ ਫਰੀਦਕੋਟ ਵਿਧਾਨਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਾਹਿਰ ਕਰਦੇ ਹੋਏ ਟਿਕਟ ਤੇ ਦਾਅਵੇਦਾਰੀ ਜਤਾਈ ਹੈ। ਗੌਰਵ ਕੱਕੜ ਨੇ ਅੱਜ ਮੀਡਿਆ ਅੱਗੇ ਦੱਸਿਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਨੇ ਇਸ ਨੂੰ ਲੈਕੇ ਜਨ ਸੰਪਰਕ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ ਬੀਜੇਪੀ ਦੀ ਟਿਕਟ ਦੇ ਹੋਰ ਵੀ ਦਾਅਵੇਦਾਰ ਹੋ ਸਕਦੇਂ ਹਨ, ਪਾਰਟੀ ਜੋ ਵੀ ਫੈਸਲਾ ਕਰੇਗੀ, ਉਨ੍ਹਾਂ ਨੂੰ ਪ੍ਰਵਾਨ ਹੋਵੇਗਾ ਅਤੇ ਉਹ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ।
ਵਿਧਾਨ ਸਭਾ ਚੋਣਾਂ ਵਿੱਚ ਸਮੁੱਚੇ ਸੁੱਬੇ ਦੇ ਮੁੱਦੇ ਨਜ਼ਰ ਆਉਂਦੇ ਹਨ, ਜਿਸ ਲਈ ਉਹ ਦੇਸ਼ ਦੀ ਸੇਵਾ ਦੇ ਨਾਲ-ਨਾਲ ਅਪਣੇ ਹਲਕੇ ਅਤੇ ਸੁੱਬੇ ਦੇ ਲੋਕਾਂ ਦੀ ਵੀ ਸੇਵਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਨੌਜਵਾਨਾਂ ਦੇ ਸੁਪਨਿਆਂ ਨੂੰ ਤੋੜਨ ਦਾ ਕੰਮ ਕੀਤਾ ਹੈ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਰੁਜ਼ਗਾਰ, ਚੰਗੀ ਸਿੱਖਿਆ, ਸਿਹਤ ਅਤੇ ਇਲਾਜ ਦੇ ਵਾਅਦੇ ਕੀਤੇ ਸਨ ਪਰ ਜਨਤਾ ਦੇ ਸਾਰੇ ਸੁਪਨੇ ਤੋੜ ਦਿੱਤੇ। ਜੇਕਰ ਸੁੱਬੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਤਾਂ ਅਸੀਂ ਰੁਜ਼ਗਾਰ, ਚੰਗੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ।
ਵਿਧਾਨਸਭਾ ਹਲਕਾ ਫਰੀਦਕੋਟ ਨੂੰ ਲੈਕੇ ਉਨ੍ਹਾਂ ਕਿਹਾ ਕਿ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਉਨ੍ਹਾਂ ਦੀ ਪਹਿਲ ਹੋਵੇਗੀ ਪੂਰੇ ਜਿਲੇ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੋਜਗਾਰ ਦੇ ਮੌਕੇ ਉਪਲਬਧ ਕਰਵਾਏ ਜਾਣ, ਮੌਜੂਦਾ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਦੇ ਚਲਦੇ ਸਾਡੇ ਸੂਬੇ ਦੇ ਨੌਜਵਾਨ ਪੰਜ ਸਾਲ ਰੁਜ਼ਗਾਰ ਤੇ ਨੌਕਰੀਆਂ ਦੀ ਉਡੀਕ ਕਰਦੇ ਰਹੇ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ। ਜਿਸਦੇ ਚਲਦੇ ਫਰੀਦਕੋਟ ਹਲਕੇ ਦੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਨੇ ਵਿਦੇਸ਼ਾਂ ਵੱਲ ਰੁੱਖ ਕਰ ਲਿਆ।
ਕਈ ਨੌਜਵਾਨ ਲੜਕੇ ਲੜਕੀਆਂ ਬੇਰੁਜ਼ਗਾਰੀ ਕਾਰਣ ਨਿਰਾਸ਼ਾ ਦੇ ਚਲਦੇ ਨਸ਼ਿਆਂ ਦਾ ਵੀ ਸ਼ਿਕਾਰ ਬਣ ਚੁੱਕੇ ਹਨ।
ਇਸ ਲਈ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਚੰਗੀ ਨੌਕਰੀ ਦੇਣ ਲਈ ਕੇਂਦਰ ਸਰਕਾਰ ਅੱਗੇ ਗੁਜਾਰਿਸ਼ ਕਰਕੇ ਜਿਲਾ ਫਰੀਦਕੋਟ ਲਈ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ। ਇਲਾਕੇ ਦੇ ਨੌਜਵਾਨਾਂ ਨੂੰ ਫਰੀਦਕੋਟ ਜਿਲੇ ਵਿੱਚ ਹੀ ਐਗਰੀਕਲਚਰ ਮੈਨੇਜਮੈਂਟ, ਬਿਜਨਸ ਮੈਨੇਜਮੈਂਟ ਅਤੇ ਕਾਮਰਸ ਦੀ ਉਚ ਸਿਖਿਆ ਪ੍ਰਾਪਤ ਕਰਣ ਲਈ ਸਰਕਾਰੀ ਕਾਲਜ ਅਤੇ ਇੰਸਟੀਚਿਊਟ ਖੁਲਵਾਕੇ ਦਿੱਤੇ ਜਾਣਗੇ।
ਫਰੀਦਕੋਟ ਜਿਲੇ ਵਿੱਚ ਜਿੰਨੇ ਨੌਜਵਾਨ ਬੇਰੁਜ਼ਗਾਰ ਹਨ ਉਨ੍ਹਾਂ ਦੀ ਗਿਣਤੀ ਨੂੰ ਵੇਖਦੇ ਹੋਏ ਇਥੇ ਜਨਰਲ ਇੰਡਸਟਰੀ ਅਤੇ ਖੇਤੀਬਾੜੀ ਨੂੰ ਪ੍ਰਫੁਲਿੱਤ ਕਰਣ ਲਈ ਦੋ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ।
ਬਾਬਾ ਫਰੀਦ ਦੀ ਨਗਰੀ ਫਰੀਦਕੋਟ ਨੂੰ ਰਾਸ਼ਟਰੀ ਵਿਰਾਸਤ ਯੋਜਨਾ ਦੀ ਮਦਦ ਨਾਲ ਸ਼ਹਿਰ ਦਾ ਬੁਨਿਆਦੀ ਢਾਂਚਾ ਬਦਲਿਆ ਜਾਵੇਗਾ।
ਸ਼ਹਿਰ ਦੀਆਂ ਸੜਕਾਂ, ਪਬਲਿਕ ਟਰਾਂਸਪੋਰਟ, ਹੋਟਲ, ਪਖਾਨੇ, ਸ਼ਹਿਰ ਦੇ ਵਿਕਾਸ 'ਤੇ ਵੀ ਕੰਮ ਕੀਤਾ ਜਾਵੇਗਾ।
ਇਸ ਯੋਜਨਾ ਤਹਿਤ ਫਰੀਦਕੋਟ ਦਾ ਵਿਕਾਸ ਹੋਣ ਨਾਲ ਨਾ ਸਿਰਫ਼ ਇਥੇ ਸੈਰ-ਸਪਾਟਾ ਵਧੇਗਾ, ਸਗੋਂ ਇਥੋਂ ਦੇ ਵਸਨੀਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।
ਗੌਰਵ ਕੱਕੜ ਨੇ ਦੱਸਿਆ ਕਿ ਫਰੀਦਕੋਟ ਨਿਵਾਸੀ ਸਰਵਧਰਮ ਸਮਭਾਵ ਦੀ ਦੇਸ਼ਭਰ ਵਿੱਚ ਮਿਸਾਲ ਬਣੇ ਹੋਏ ਹਨ। ਇੱਥੇ ਹਰ ਸਾਲ ਮਨਾਇਆ ਜਾਂਦਾ ਬਾਬਾ ਫਰੀਦ ਆਗਮਨ ਪੁਰਬ ਸਾਰੇ ਧਰਮਾਂ ਦੀ ਏਕਤਾ ਦੀ ਸਭ ਤੋਂ ਵੱਡੀ ਪਹਿਚਾਣ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਾਗਰਿਕ ਅਪਣਾ ਸੁਝਾਵ ਦੇਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਦੱਸ ਸਕਦਾ ਹੈ ਜਾਂ ਲਿਖਿਤ ਰੂਪ ਵਿੱਚ ਫਾਈਲ ਬਣਾਕੇ ਉਨ੍ਹਾਂ ਦੇ ਵਹਟਸ ਐਪ ਨੰਬਰ 9646400045 ਤੇ ਭੇਜਿਆ ਜਾ ਸਕਦਾ ਹੈ ਤਾਂ ਜੋ ਜਨਤਾ ਕੋਲੋਂ ਮਿਲੇ ਮਿਲੇ ਯੋਗ ਸੁਝਾਵਾਂ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾਕੇ ਉਨ੍ਹਾਂ ਨੂੰ ਚੋਣ ਘੋਸ਼ਣਾ ਪੱਤਰ ਵਿੱਚ ਸ਼ਾਮਿਲ ਕਰਵਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬੀਜੇਪੀ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਦੀ ਹੈ ਤਾਂ ਵੀ ਸਥਾਨਕ ਇਕਾਈ ਜਿਲੇ ਦੀਆਂ ਤਿੰਨੇ ਵਿਧਾਨਸਭਾ ਸੀਟਾਂ ਤੇ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ।
ਉਨ੍ਹਾਂ ਪ੍ਰਧਾਨਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰ ਵਰਗ ਦਾ ਪੂਰਾ ਖਿਆਲ ਰੱਖਦੇ ਹਨ ਜੋ ਕਾਬਿਲੇ ਤਾਰੀਫ ਹੈ।
ਕੱਕੜ ਨੇ ਕਿਹਾ ਕਿ ਉਨ੍ਹਾਂ ਨੂੰ ਮੋਦੀ ਦੀ ਦੇਸ਼ਵਾਸੀਆਂ ਦੇ ਪ੍ਰਤੀ ਸੁਚੱਜੀ ਸੋਚ 'ਤੇ ਪੂਰਾ ਭਰੋਸਾ ਹੈ। ਸੁੱਬੇ ਦੇ ਲੋਕ ਵਿਕਾਸ, ਨਸ਼ਿਆਂ ਦੇ ਖਾਤਮੇ ਅਤੇ ਰੁਜ਼ਗਾਰ ਦੇ ਏਜੰਡੇ ਨੂੰ ਲੈ ਕੇ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਝੰਡਾ ਲਹਿਰਾਉਣਗੇ। ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਵਿੱਚ ਆਪਸੀ ਰੰਜਿਸ਼ ਚੱਲ ਰਹੀ ਹੈ, ਜਿਸ ਕਾਰਨ ਇਨ੍ਹਾਂ ਪਾਰਟੀਆਂ ਦੀ ਹੁਣ ਸੁੱਬੇ ਵਿੱਚ ਕੋਈ ਹੋਂਦ ਨਹੀਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦੇ ਕੇ ਸਹੀ ਫੈਸਲਾ ਲਿਆ ਜਾਵੇਗਾ ਅਤੇ ਉਹ ਇਸ ਸੀਟ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਹੀ ਜਿੱਤਣ ਲਈ ਤਿਆਰ ਬ ਤਿਆਰ ਹਨ।