← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 06 ਦਸੰਬਰ 2021: ਬਠਿੰਡਾ ’ਚ ਇੱਕ ਸਾਬਕਾ ਨਸ਼ਾ ਤਸਕਰ ਨੇ ਵਰਦੀ ਦੀ ਆੜ ਵਿੱਚ ਨਸ਼ਾ ਵਿਕਾਉਣ ਦੇ ਮਾਮਲੇ ਨੂੰ ਲੈਕੇ ਇੱਕ ਐਸ ਐਚ ਓ ਅਤੇ ਦੋ ਕਾਂਗਰਸੀ ਕੌਂਸਲਰਾਂ ਨੂੰ ਕਟਹਿਰੇ ’ਚ ਖੜ੍ਹਾਇਆ ਹੈ। ਇਸ ਮਾਮਲੇ ਨਾਲ ਸਬੰਧਤ ਥਾਣਾ ਸਿਵਲ ਲਾਈਨ ਦਾ ਐਸ ਐਚ ਓ ਰਵਿੰਦਰ ਸਿੰਘ ਭੀਟੀ ਹੈ ਜਦੋਂਕਿ ਦੋ ਕਾਂਗਰਸੀ ਕੌਂਸਲਰ ਵਾਰਡ ਨੰਬਰ 10 ਦੇ ਬਲਜੀਤ ਸਿੰਘ ਰਾਜੂ ਸਰਾਂ ਅਤੇ ਵਾਰਡ ਨੰਬਰ 12 ਦੇ ਅਸ਼ੇਸ਼ਰ ਪਾਸਵਾਨ ਦੇ ਨਾਮ ਸਾਹਮਣੇ ਲਿਆਂਦੇ ਹਨ। ਐਸਐਚਓ ਰਵਿੰਦਰ ਸਿੰਘ ਅਤੇ ਦੋਵਾਂ ਕਾਂਗਰਸੀ ਕੌਂਸਲਰਾਂ ਨੇ ਰੈਂਬੋ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਨਸ਼ਾ ਤਸਕਰੀ ਮਾਮਲੇ ’ਚ ਸੱਤਾਧਾਰੀ ਧਿਰ ਦੇ ਆਗੂਆਂ ਦਾ ਨਾਮ ਸਾਹਮਣੇ ਆਉਣ ਕਾਰਨ ਐਸ ਐਸ ਪੀ ਅਜੇ ਮਲੂਜਾ ਨੇ ਸ਼ਿਕਾਇਤ ਮਿਲਣ ਤੇ ਕਾਰਵਾਈ ਕਰਨ ਦੀ ਗੱਲ ਕਹਿਕੇ ਇਸ ਗੰਭੀਰ ਮੁੱਦੇ ਤੋਂ ਪੱਲਾ ਝਾੜ ਲਿਆ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮਾਮਲੇ ’ਚ ਜੀਰੋ ਟੌਲਰੈਂਸ ਹੋਣ ਦੀ ਨੀਤੀ ਤੇ ਦਾਅਵਿਆਂ ਦੌਰਾਨ ਇੱਕ ਨਸ਼ਾ ਤਸਕਰ ਵੱਲੋਂ ਪੁਲਿਸ ਦੇ ਇੱਕ ਥਾਣੇਦਾਰ ਤੇ ਲਾਏ ਦੋਸ਼ਾਂ ਕਾਰਨ ਬਠਿੰਡਾ ਪੁਲਿਸ ਦੇ ਅਕਸ ਤੇ ਹੀ ਸਵਾਲ ਖੜ੍ਹੇ ਹੋ ਗਏ ਹਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਰਮੇਸ਼ ਕੁਮਾਰ ਉਰਫ ਰੈਂਬੋ ਵਾਸੀ ਬੇਅੰਤ ਨਗਰ ਨੂੰ ਥਾਣਾ ਥਰਮਲ ’ਚ ਪੇਸ਼ ਕਰਨ ਲਈ ਲਿਆਏ ਸਨ ਜਿੱਥੇ ਥਾਣਾ ਥਰਮਲ ਪੁਲਿਸ ਨੇ ਰੈਂਬੋ ਨੂੰ ਹਿਰਾਸਤ ਵਿੱਚ ਲੈਣ ਤੋਂ ਸਾਫ ਮਨ੍ਹਾ ਕਰ ਦਿੱਤਾ ਪਰ ਜਦੋਂ ਸਰੂਪ ਚੰਦ ਸਿੰਗਲਾ ਨੇ ਮਾਮਲਾ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ। ਨਸ਼ਾ ਤਸਕਰ ਰਮੇਸ਼ ਕੁਮਾਰ ਰੈਂਬੋ ਨੇ ਆਪਣੇ ਪਰਿਵਾਰ ਨੂੰ ਮੁੱਖ ਥਾਣਾ ਅਫਸਰ ਰਵਿੰਦਰ ਕੁਮਾਰ ਉਰਫ ਭੀਟੀ ਤੋਂ ਜਾਨ ਨੂੰ ਖਤਰਾ ਵੀ ਦੱਸਿਆ ਹੈ । ਇਸ ਤੋਂ ਪਹਿਲਾਂ ਰੈਂਬੋ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਹਾਜਰੀ ’ਚ ਫੇਸਬੁੱਕ ਤੇ ਲਾਈਵ ਹੋਕੇ ਐਸ ਐਚ ਓ ਰਵਿੰਦਰ ਸਿੰਘ ਤੇ ਨਸ਼ਾ ਵਿਕਵਾਉਣ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਨਗਰ ਨਿਗਮ ਚੋਣਾਂ ਦੌਰਾਨ ਐਸ ਐਚ ਓ ਸਿਵਲ ਲਾਈਨ ਨੇ ਪੰਜ ਲੱਖ ਰੁਪਿਆ ਲੈਕੇ ਇੱਕ ਕੁਇੰਟਲ ਗਾਂਜਾ ਵੇਚਣ ਲਈ ਦਿੱਤਾ ਸੀ। ਇਸੇ ਤਰਾਂ ਹੀ ਚੋਣਾਂ ਦੌਰਾਨ ਐਸ ਐਚ ਓ ਨੇ ਉਸ ਕੋਲੋਂ ਕਾਂਗਰਸੀ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਨੂੰ ਦੋ ਲੱਖ ਅਤੇ ਕੌਂਸਲਰ ਅਸ਼ੇਸ਼ਰ ਪਾਸਵਾਨ ਨੂੰ ਇੱਕ ਲੱਖ ਰੁਪਿਆ ਦਿਵਾਇਆ। ਰੈਂਬੋ ਨੇ ਦੱਸਿਆ ਕਿ ਇੱਕ ਵਾਰ ਫਿਰ ਐਸ ਐਚ ਓ ਰਵਿੰਦਰ ਸਿੰਘ ਨੇ ਲੱਖ ਰੁਪਿਆ ਲੈਕੇ ਇੱਕ ਕੁਇੰਟਲ ਗਾਂਜਾ ਦੇਣਾ ਸੀ ਪਰ ਪੈਸੇ ਲੈ ਲਏ ਅਤੇ ਗਾਂਜਾ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਐਸ ਐਚ ਓ ਨੇ ਧਮਕੀ ਦਿੱਤੀ ਕਿ ਉਹ ਸ਼ਹਿਰ ਵਿੱਚੋਂ ਭੱਜ ਜਾਏ ਨਹੀਂ ਤਾਂ ਉਸ ਖਿਲਾਫ ਚਿੱਟੇ ਦਾ ਕੇਸ ਦਰਜ ਕਰ ਦਿੱਤਾ ਜਾਏਗਾ। ਸਰੂਪ ਚੰਦ ਸਿੰਗਲਾ ਨਾਲ ਥਾਣਾ ਥਰਮਲ ’ਚ ਪੇਸ਼ ਹੋਣ ਆਏ ਰੈਂਬੋ ਨੇ ਮੀਡੀਆ ਕੋਲ ਵੀ ਆਪਣੀ ਕਹਾਣੀ ਬਿਆਨ ਕੀਤੀ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਕਰਮਦੀਪ ਸਿੰਘ ਦਾ ਕਹਿਣਾ ਸੀ ਕਿ ਸ਼ਕਾਇਤ ਮਿਲਣ ਉਪਰੰਤ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਅਤੇ ਪੜਤਾਲ ਹੋਣ ਤੱਕ ਰੈਂਬੋ ਪੁਲਿਸ ਹਿਰਾਸਤ ’ਚ ਰਹੇਗਾ। ਦੋਸ਼ ਪੂਰੀ ਤਰਾਂ ਬੇਬੁਨਿਆਦ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਰਵਿੰਦਰ ਸਿੰਘ ਭੀਟੀ ਦਾ ਕਹਿਣਾਸੀ ਕਿ ਰੈਂਬੋ ਵੱਲੋਂ ਲਾਏ ਦੋਸ਼ ਪੂਰੀ ਤਰਾਂ ਬੇਬਨਿਆਦ ਅਤੇ ਝੂਠੇ ਹਨ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੂੰ ਜਦੋਂ ਪੁਲਿਸ ਫੜ੍ਹਨ ਦਾ ਯਤਨ ਕਰਦੀ ਹੈ ਤਾਂ ਉਹ ਬਚਣ ਲਈ ਪੁਲਿਸ ਤੇ ਦੋਸ਼ ਲਾਉਣ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਰੈਂਬੋ ਨੂੰ ਵੀ ਫੜ੍ਹਨ ਲਈ ਪੁਲਿਸ ਨੇ ਛਾਪਾ ਮਾਰਿਆ ਸੀ ਜਿਸ ਕਰਕੇ ਉਹ ਦੋਸ਼ ਲਾਉਣ ਲੱਗ ਪਿਆ ਹੈ। ਪੁਲਿਸ ਤੋਂ ਬਚਣ ਲਈ ਨਾਮ ਘਸੀਟਿਆ: ਰਾਜੂ ਸਰਾਂ ਵਾਰਡ ਨੰਬਰ 10 ਦੇ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਨੇ ਕਿਹਾ ਕਿ ਪੁਲਿਸ ਤੋਂ ਬਚਣ ਲਈ ਉਹ ਸੁਰੂਪ ਚੰਦ ਸਿੰਗਲਾ ਦੀ ਪਨਾਂਹ ’ਚ ਗਿਆ ਹੈ। ਉਨ੍ਹਾਂ ਕਿਹਾ ਕਿ ਨਾਂ ਹੀ ਉਨ੍ਹਾਂ ਕੋਈ ਪੈਸੇ ਲਏ ਹਨ ਤੇ ਨਾਂਹੀ ਰੈਂਬੋ ਨਾਲ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਰੈਂਬੋ ਤੇ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ ਤੇ ਕਈ ਵਾਰ ਇਸ ਨੂੰ ਗਾਂਜਾ ਵੇਚਦਿਆਂ ਫੜਾਇਆ ਵੀ ਹੈ। ਝੂਠ ਬੋਲ ਰਿਹਾ ਰੈਂਬੋ:ਅਸ਼ੇਸ਼ਰ ਪਾਸਵਾਨ ਵਾਰਡ ਨੰਬਰ 12 ਦੇ ਕਾਂਗਰਸੀ ਕੌਂਸਲਰ ਅਸ਼ੇਸ਼ਰ ਪਾਸਵਾਨ ਦਾ ਕਹਿਣਾ ਸੀ ਕਿ ਰੈਂਬੋ ਪੂਰੀ ਤਰਾਂ ਝੂਠ ਬੋਲ ਰਿਹਾ ਹੈ ਅਤੇ ਉਸ ਨੇ ਨਸ਼ਾ ਤਸਕਰ ਤੋਂ ਕੋਈ ਪੈਸਾ ਨਹੀਂ ਲਿਆ ਹੈ। ਉਨ੍ਹਾਂ ਆਖਿਆ ਕਿ ਰੈਂਬੋ ਪਾਰਟੀਬਾਜੀ ਕਾਰਨ ਸਰੂਪ ਚੰਦ ਸਿੰਗਲਾ ਕੋਲ ਜਾਕੇ ਝੂਠੇ ਦੋਸ਼ ਲਾ ਰਿਹਾ ਹੈ ਜਿਸ ਦਾ ਕੋਈ ਅਧਾਰ ਹੀ ਨਹੀਂ ਹੈ। ਸ਼ਕਾਇਤ ਮਿਲਣ ਤੇ ਕਾਰਵਾਈ:ਐਸ ਐਸ ਪੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਰੈਂਬੋ ਲਿਖਤੀ ਸ਼ਕਾਇਤ ਦੇਵੇ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਕਾਰਵਾਈ ਕਰਨ: ਸਿੰਗਲਾ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਉਨ੍ਹਾਂ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਵਿੱਤ ਮੰਤਰੀ ਅਤੇ ਉਸ ਦੇ ਰਿਸ਼ਤੇਦਾਰ ਦੀਆਂ ਹਦਾਇਤਾਂ ਤੇ ਸ਼ਹਿਰ ’ਚ ਨਸ਼ਾ ਵਿਕ ਰਿਹਾ ਹੈ ਅਤੇ ਪੁਲਿਸ ਮੁਲਾਜਮ ਵਿਕਵਾ ਰਹੇ ਹਨ ਜਿੰਨ੍ਹਾਂ ਦੀ ਸਚਾਈ ਅੱਜ ਸਾਹਮਣੇ ਆ ਗਈ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਤੋਂ ਐਸ ਐਚ ਓ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਪੁੱਛਗਿਛ ਕੀਤੀ ਜਾਏ ਕਿ ਉਹ ਨਸ਼ਾ ਕਿੱਥੋਂ ਲਿਆਇਆ ਸੀ ਅਤੇ ਕਿਸ ਦੀ ਛਤਰਤਾਇਆ ’ਚ ਇਹ ਧੰਦਾ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਸ਼ਾ ਵੇਚਣ ਵਾਲਾ ਨਸ਼ਾ ਵਿਕਵਾਉਣ ਵਾਲੇ ਥਾਣੇਦਾਰ ਦਾ ਨਾਂ ਲੈ ਰਿਹਾ ਹੈ ਪਰ ਪੁਲਿਸ ਅੱਖਾਂ ਮੀਚੀ ਬੈਠੀ ਹੈ।
Total Responses : 108