ਅਸ਼ੋਕ ਵਰਮਾ
ਬਠਿੰਡਾ, 06 ਦਸੰਬਰ 2021: ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਮੋਹਿਤ ਗੁਪਤਾ ਨੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਮਾਇਸਰਖਾਨਾ ਨੂੰ 11 ਲੱਖ ਰੁਪਏ ਅਤੇ ਗੁਰੂ ਤੇਗ ਬਹਾਦਰ ਗਊਸ਼ਾਲਾ ਮਾਇਸਰਖਾਨਾ ਨੂੰ 2 ਲੱਖ ਰੁਪਏ ਦੀ ਆਪਣੇ ਅਖਤਿਆਰੀ ਕੋਟੇ ਵਿੱਚੋਂ ਗਰਾਂਟ ਜਾਰੀ ਹੋਣ ਸਬੰਧੀ ਮਨਜ਼ੂਰੀ ਪੱਤਰ ਦਿੱਤੇ । ਬੀਬਾ ਹਰਸਿਮਰਤ ਕੌਰ ਬਾਦਲ ਜਦ ਨਵਰਾਤੇ ਦੇ ਮੌਕੇ ‘ਤੇ ਸ਼੍ਰੀ ਦੁਰਗਾ ਮਾਤਾ ਮੰਦਿਰ ,ਮਾਇਸਰਖਾਨਾ ਵਿਖੇ ਆਏ ਸਨ ਤਾਂ ਉਨ੍ਹਾਂ ਮੰਦਿਰ ਦੀ ਕਮੇਟੀ ਨਾਲ ਮੰਦਿਰ ਦੇ ਆਸ ਪਾਸ ਦੇ ਵਿਕਾਸ ਲਈ ਗਰਾਂਟ ਦੇਣ ਬਾਰੇ ਵਾਅਦਾ ਕੀਤਾ ਸੀ । ਉਨ੍ਹਾਂ ਦੋਵਾਂ ਅਕਾਲੀ ਆਗੂਆਂ ਰਾਹੀਂ ਅੱਜ ਵੀ ਸੰਦੇਸ਼ ਭੇਜਿਆ ਹੈ ਕਿ ਭਵਿੱਖ ਵਿੱਚ ਵੀ ਉਹ ਇਸ ਤੀਰਥ ਅਸਥਾਨ ਦੇ ਵਿਕਾਸ ਕਾਰਜਾਂ ਲਈ ਮਦਦ ਕਰਨਗੇ ।
ਇਸ ਮੌਕੇ ਮੋਹਿਤ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਰਿਹਾ ਹੈ ਅਤੇ ਇਹ ਹੀ ਸੁਨੇਹਾ ਦਿੰਦਾ ਰਹੇਗਾ । ਉਨ੍ਹਾਂ ਕਿਹਾ ਕਿ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ‘‘ ਦੇ ਮਹਾਂਵਾਕ ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਭ ਧਰਮਾਂ ਦਾ ਸਤਿਕਾਰ ਕਰਦਾ ਆ ਰਿਹਾ ਹੈ। ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਮਾਇਸਰਖਾਨਾ ਕਮੇਟੀ (ਸੰਚਾਲਕ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਬੀਰ ਦਲ, ਬਠਿੰਡਾ) ਦੇ ਅਹੁਦੇਦਾਰਾਂ ਸ਼ੀਸ਼ਪਾਲ ਸਿੰਗਲਾ (ਪ੍ਰਧਾਨ) , ਰਾਮਪਾਲ ( ਵਾਈਸ ਪ੍ਰਧਾਨ ) , ਮਹਿੰਦਰਪਾਲ ( ਸੈਕਟਰੀ ) , ਅਮਰਜੀਤ ਗਿਰੀ ( ਸੰਯੁਕਤ ਸਕੱਤਰ) , ਅਸ਼ਵਨੀ ( ਸੀਨੀਅਰ ਮੈਂਬਰ) ,ਰਜਨੀਸ਼ ਕੁਮਾਰ ( ਸੀਨੀਅਰ ਮੈਂਬਰ) , ਕੇਵਲ ਕੁਮਾਰ ( ਜਿਲ੍ਹਾ ਕੈਪਟਨ) ਅਤੇ ਸਮੂਹ ਮੈਂਬਰਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।