ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 06 ਦਸੰਬਰ 2021: ਸਿਵਲ ਸਰਜਨ ਫਰੀਦਕੋਟ ਡਾ. ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਫਰੀਦਕੋਟ ਵਿਖੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਓਮੀਕਰੋਨ ਤੋਂ ਬਚਾਓ ਸੰਬਧੀ ਜਾਣਕਾਰੀ ਦੇਣ ਲਈ ਜਾਗਰੁਕਤਾ ਸੈਮੀਨਾਰ ਕੀਤਾ ਗਿਆ |
ਜਿਲ੍ਹਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ ਨੇ ਕਾਲਜ ਵਿਖੇ ਬੀ ਐਡ ਵਿੱਚ ਦਾਖਲਾ ਲੈਣ ਆਏ ਵਿਦਿਆਰਥੀਆਂ ਅਤੇ ਓਹਨਾਂ ਦੇ ਨਾਲ ਆਏ ਮਾਂ-ਪਿਓ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮੀਕਰੋਨ ਨੇ ਹੁਣ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ, ਇਹ ਇੱਕ ਜਾਨਲੇਵਾ ਵਾਇਰਸ ਹੈ |ਇਸਦੇ ਮੁੱਖ ਲੱਛਣ ਖਾਂਸੀ, ਜ਼ੁਕਾਮ, ਬੁਖਾਰ, ਸਾਹ ਲੈਣ ਵਿਚ ਤਕਲੀਫ਼ ਹੋਣਾ, ਸਿਰ ਦਰਦ, ਥਕਾਵਟ ਆਦਿ ਹੈ | ਇਸ ਤਰਾਂ ਦੇ ਲੱਛਣ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਜਰੂਰ ਕਰੋ |
ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਘਰੋਂ ਬਾਹਰ ਜਾਣ ਵੇਲੇ ਮਾਸਕ ਲਾਜਮੀ ਪਾ ਕੇ ਰੱਖੋ | ਇੱਸ ਤੋਂ ਇਲਾਵਾ ਇੱਕ ਦੂਸਰੇ ਨਾਲ ਹੱਥ ਮਿਲਾਉਣ, ਗਲੇ ਮਿਲਣ ਤੋਂ ਵੀ ਪਰਹੇਜ਼ ਕੀਤਾ ਜਾਵੇ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜਰੂਰ ਧੋਤੇ ਜਾਣ | ਬਜੁਰਗ, ਛੋਟੇ ਬੱਚੇ, ਬੀਮਾਰ ਵਿਅਕਤੀਆਂ ਜਾਂ ਜਿਹਨਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੈ ਇਸ ਵਾਇਰਸ ਦੀ ਚਪੇਟ ਵਿੱਚ ਜਲਦੀ ਆਉਂਦੇ ਹਨ | ਇਸ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਕੋਵਿਡ-19 ਟੀਕਾਕਰਨ ਮੁਹਿੰਮ ਦਾ ਵੱਧ ਤੋਂ ਵੱਧ ਫਾਇਦਾ ਚੁੱਕਿਆ ਜਾਵੇ | ਜਿਨ੍ਹਾ ਨੇ ਕੋਵਿਡ ਦੀ ਪਹਿਲੀ ਡੋਜ਼ ਲਗਵਾ ਲਈ ਹੈ ਤੇ ਦੂਜੀ ਡੋਜ਼ ਲੱਗਣ ਵਾਲੀ ਰਹਿੰਦੀ ਹੈ ਉਹ ਸਮੇਂ ਸਿਰ ਆਪਣੀ ਦੂਜੀ ਡੋਜ਼ ਜਰੂਰ ਲਗਵਾਉਣ ਕਿਉਂਕਿ ਸੰਪੂਰਣ ਕੋਵਿਡ ਵੈਕਸੀਨੇਸ਼ਨ ਨਾਲ ਹੀ ਇਸ ਵਾਇਰਸ ਤੇ ਕਾਬੂ ਪਾਇਆ ਜਾ ਸਕਦਾ ਹੈ |
ਉਨ੍ਹਾਂ ਮੁੱਖ ਮੰਤਰੀ ਪੰਜਾਬ ਮੋਤੀਆ ਮੁੱਕਤ ਅਭਿਆਨ ਬਾਰੇ ਵੀ ਜਾਣਕਾਰੀ ਦਿੰਦਿਆ ਇਸ ਯੋਜਨਾਂ ਦਾ ਲੋੜਵੰਦ ਵਿਅਕਤੀਆਂ ਨੂੰ ਲਾਭ ਲੈਣ ਦੀ ਅਪੀਲ ਵੀ ਕੀਤੀ |
ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ ਕਮਲਦੀਪ ਸਿੰਘ, ਡਾ ਰੁਪਿੰਦਰ ਜੀਤ ਕੌਰ, ਪ੍ਰੋਫੈਸਰ ਮੰਜੂ ਕਪੂਰ, ਪ੍ਰੋਫੈਸਰ ਰਾਜੇਸਵਰੀ ਵਲੋਂ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ ਗਈ |