ਹਰੀਸ਼ ਕਾਲੜਾ
ਰੂਪਨਗਰ, 06 ਦਸੰਬਰ 2021: ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹੇ ਦੇ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਚ.ਡੀ.ਐੱਫ.ਸੀ ਲਾਈਫ ਅਤੇ ਸਟਾਰ ਹੈੱਲਥ ਇੰਸ਼ੋਰੈਂਸ ਪ੍ਰਾਈਵੇਟ ਕੰਪਨੀਆਂ ਵੱਲੋਂ ਗ੍ਰੈਜੂਏਟ ਪਾਸ ਪ੍ਰਾਰਥੀਆਂ ਦੀ ਬਿਜਨਸ ਡਿਵੈਲਪਮੈਂਟ ਮੈਨੇਜਰ ਅਤੇ ਇੰਟਰਨੇਸ਼ਨ ਇੰਸ਼ੋਰੈਂਸ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਗਈ। ਇਸ ਪਲੇਸਮੈਂਟ ਕੈਂਪ ਦੌਰਾਨ ਸਟਾਰ ਹੈੱਲਥ ਇੰਸ਼ੋਰੈਂਸ ਕੰਪਨੀ ਵੱਲੋਂ 19 ਪ੍ਰਾਰਥੀਆਂ ਨੂੰ ਅਤੇ ਐਚ.ਡੀ.ਐੱਫ.ਸੀ ਲਾਈਫ ਕੰਪਨੀ ਵੱਲੋਂ 33 ਪ੍ਰਾਰਥੀਆਂ ਨੂੰ ਅਗਲੇ ਪੜਾਅ ਲਈ ਸ਼ਾਰਟਲਿਸਟ ਕੀਤਾ ਗਿਆ।
ਅਰੁਣ ਕੁਮਾਰ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਇਸ ਹਫ਼ਤੇ ਦੋ ਹੋਰ ਪਲੇਸਮੈਂਟ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। 7 ਦਸੰਬਰ ਨੂੰ ਐਸ.ਬੀ.ਆਈ.ਲਾਈਫ ਇੰਸ਼ੋਰੈਂਸ ਕੰਪਨੀ ਵੱਲੋਂ ਗ੍ਰੈਜੂਏਟ ਪਾਸ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ ਅਤੇ 9 ਦਸੰਬਰ ਨੂੰ ਅਜ਼ਾਈਲ ਪ੍ਰਾਈਵੇਟ ਲਿਮ: ਕੰਪਨੀ ਵੱਲੋਂ ਗ੍ਰੈਜੂਏਟ ਪਾਸ ਫੀਮੇਲ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਅਜ਼ਾਈਲ ਪ੍ਰਾਈਵੇਟ ਕੰਪਨੀ ਵੱਲੋਂ ਤਜ਼ਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਉਹਨਾਂ ਜਿਲ੍ਹੇ ਦੇ ਬੇਰੁਜ਼ਗਾਰ ਗ੍ਰੇਜ਼ੂਏਟ ਪਾਸ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 7 ਅਤੇ 9 ਦਸੰਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਡੀ.ਸੀ.ਕੰਪਲੈਕਸ, ਰੂਪਨਗਰ ਵਿਖੇ ਸਵੇਰੇ 10 ਵਜੇ ਆਪਣੇ ਸਾਰੇ ਵਿੱਦਿਅਕ ਯੋਗਤਾ ਨਾਲ ਸਬੰਧਤ ਅਤੇ ਰਿਹਾਇਸ਼ੀ ਸਰਟੀਫਿਕੇਟ ਲੈਕੇ ਕੈਂਪਾਂ ਵਿੱਚ ਸ਼ਾਮਲ ਹੋ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕੀਤਾ ਜਾ ਸਕਦਾ ਹੈ।