← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 06 ਦਸੰਬਰ 2021: ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਨਸ਼ਾ ਤਸਕਰ ਰਮੇਸ਼ ਕੁਮਾਰ ਉਰਫ ਰੈਂਬੋ ਵੱਲੋਂ ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਰਵਿੰਦਰ ਕੁਮਾਰ ਭੀਟੀ ਤੋਂ ਇਲਾਵਾ ਦੋ ਕਾਂਗਰਸੀ ਕੌਂਸਲਰਾਂ ਨੂੰ ਕਥਿਤ ਤੌਰ ਤੇ ਪੈਸੇ ਦੇਣ ਦੀ ਐਸ ਟੀ ਐਫ ਤੋਂ ਪੜਤਾਲ ਕਰਵਾਕੇ ਨਸ਼ਿਆਂ ਦੇ ਤੰਦੂਆ ਜਾਲ ਨਾਲ ਜੁੜੇ ਇਸ ਮਾਮਲੇ ਦੀ ਐਸ ਟੀ ਐਫ ਤੋਂ ਪੜਤਾਲ ਦੀ ਮੰਗ ਕੀਤੀ ਹੈ। ਨਸ਼ਾ ਤਸਕਰ ਵੱਲੋਂ ਕੀਤੇ ਖੁਲਾਸਿਆਂ ਨੂੰ ਅਤੀ ਗੰਭੀਰ ਕਰਾਰ ਦਿੰਦਿਆਂ ਗਿੱਲ ਨੇ ਹਾਈਕੋਰਟ ਨੂੰ ਮਾਮਲੇ ਦਾ ‘ਸੂਓ ਮੋਟੋ’ ਨੋਟਿਸ ਲੈਣ ਦੀ ਅਪੀਲ ਵੀ ਕੀਤੀ ਹੈ। ਅੱਜ ਬਠਿੰਡਾ ’ਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜਗਰੂਪ ਗਿੱਲ ਨੇ ਜਿੱਥੇ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਨਿਸ਼ਾਨਾ ਬਣਾਇਆ ਉੱਥੇ ਹੀ ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਨੀਤੀ ਨੂੰ ਕਟਹਿਰੇ ’ਚ ਖੜ੍ਹਾ ਕੀਤਾ। ਜਗਰੂਪ ਗਿੱਲ ਨੇ ਜੋਰ ਦੇਕੇ ਕਿਹਾ ਕਿ ਅਗਾਮੀ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਬੱਲਬ ਦੀ ਸਵਿੱਚ ਨਹੀਂ ਬੰਦ ਕੀਤੀ ਜਾਏਗੀ ਬਲਕਿ ਨਸ਼ਿਆਂ ਦੀ ਗਰਿੱਡ ਨੂੰ ਹੱਥ ਪਾਇਆ ਜਾਏਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ’ਚ ਲੈਕੇ ਕਾਂਗਰਸ ਪਾਰਟੀ ਵੱਲੋਂ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਚਾਰ ਹਫਤਿਆਂ ’ਚ ਨਸ਼ਾ ਖਤਮ ਕੀਤਾ ਜਾਏਗਾ ਪਰ ਨਸ਼ੇ ਖਤਮ ਤਾਂ ਕੀ ਹੋਣੇ ਸੀ ਨਸ਼ਿਆਂ ਦੀ ਵਿੱਕਰੀ ਪਹਿਲਾਂ ਤੋਂ ਵੀ ਵੱਧ ਹੋ ਗਈ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ’ਚ ਵੀ ਹਾਲਾਤ ਗੰਭੀਰ ਅਤੇ ਚਿੰਤਾਜਨਕ ਬਣੇ ਹੋਏ ਹਨ ਪਰ ਨਸ਼ਾ ਤਸਕਰ ਰਮੇਸ਼ ਕੁਮਾਰ ਉਰਫ ਰੈਂਬੋ ਵੱਲੋਂ ਐਸ ਐਚ ਓ ਤੇ ਨਸ਼ਾ ਵਿਕਵਾਉਣ ਸਬੰਧੀ ਕੀਤੇ ਦਿਲ ਕੰਬਾਉ ਖੁਲਾਸਿਆਂ ਨੇ ਤਾਂ ਮਾਪਿਆਂ ਦੇ ਫਿਕਰ ਵਧਾ ਦਿੱਤੇ ਹਨ। ਗਿੱਲ ਨੇ ਆਖਿਆ ਕਿ ਜੇਕਰ ਨਸ਼ਿਆਂ ਨੂੰ ਨੱਥ ਨਾਂ ਪਾਈ ਗਈ ਤਾਂ ਮਾਪਿਆਂ ਵੱਲੋਂ ਪੰਜਾਬ ਵਿੱਚੋਂ ਆਪਣੇ ਨੌਜਵਾਨ ਪੁੱਤਾਂ ਨੂੰ ਵਿਦੇਸ਼ ਭੇਜਣ ਦੀ ਦੌੜ ਹੋਰ ਵੀ ਤੇਜ ਹੋਵੇਗੀ ਜਿਸ ’ਚ ਪਹਿਲਾਂ ਹੀ ਕਾਫੀ ਤੇਜੀ ਆਈ ਹੋਈ ਹੈ।ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸੀ ਲੀਡਰ ਪੰਜ ਸਾਲ ਅਕਾਲੀ ਆਗੂਆਂ ਤੇ ਨਸ਼ਾ ਤਸਕਰੀ ਦੇ ਦੋਸ਼ ਲਾਉਂਦੇ ਰਹੇ ਹਨ ਖਾਸ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਧੰਦੇ ਦਾ ਕਿੰਗ ਪਿੰਨ ਦੱਸਿਆ ਗਿਆ ਪਰ ਅੱਜ ਜਦੋਂ ਕਾਂਗਰਸੀ ਆਗੂਆਂ ਦਾ ਨਾਮ ਨਸ਼ਿਆਂ ਦੀ ਵਿੱਕਰੀ ਨਾਲ ਜੁੜ ਰਿਹਾ ਹੈ ਤਾਂ ਪੰਜਾਬ ਸਰਕਾਰ ਪੂਰੀ ਤਰਾਂ ਚੁੱਪ ਵੱਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਰੈਂਬੋ ਨੂੰ ਸਰਪ੍ਰਸਤੀ ਦੇਕੇ ਹਜਾਰ ਦੋ ਹਜਾਰ ਦਾ ਨਸ਼ਾ ਵੇਚਣ ਵਾਲੇ ਤੋਂ ਵੱਡਾ ਤਸਕਰ ਬਣਾਇਆ ਗਿਆ ਹੈ ਜੋ ਕਿ ਨਸ਼ਿਆਂ ਦੀ ਅਸਲੀਅਤ ਤੋਂ ਪਰਦਾ ਚੁੱਕਣ ਲਈ ਕਾਫੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜਿਸ ਐਸ ਐਚ ਓ ਬਾਰੇ ਇਹ ਤੱਥ ਸਾਹਮਣੇ ਆਏ ਹਨ ਉਹ ਪੰਜਾਬ ਦੇ ਇੱਕ ਸੀਨੀਅਰ ਮੰਤਰੀ ਦੇ ਪ੍ਰੀਵਾਰ ਨਾਲ ਪਿਛਲੇ ਲੰਮੇ ਸਮੇ ਤੋਂ ਜੁੜਿਆ ਹੋਇਆ ਹੈ । ਉਨ੍ਹਾਂ ਆਖਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਸਭ ਕੁੱਝ ਪਤਾ ਲੱਗਣ ਦੇ ਬਾਵਜੂਦ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਜਿਸ ਤੋਂ ਪਤਾ ਲੱਗਦਾ ਹੈ ਕਿ ਦਾਲ ’ਚ ਕਾਲਾ ਨਹੀਂ ਬਲਕਿ ਦਾਲ ਹੀ ਕਾਲੀ ਹੈ। ਉਨ੍ਹਾਂ ਕਿਹਾ ਕਿ ਅੱਕੇ ਲੋਕ ਨਸ਼ਾ ਵੇਚਣ ਵਾਲਿਆਂ ਖਿਲਾਫ ਅੱਗੇ ਆਉਣ ਲੱਗੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਰੈਂਬੋ ਸਾਹਮਣੇ ਆਉਣਗੇ ਜਿੰਨ੍ਹਾਂ ਨੂੰ ਕਥਿਤ ਸਿਆਸੀ ਸਰਪ੍ਰਸਤੀ ਨਾਲ ਇਸ ਧੰਦੇ ’ਚ ਧੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ’ਚ ਕੀਤੀਆਂ ਮੀਟਿੰਗਾਂ ਦੌਰਾਨ ਵੀ ਨਸ਼ਿਆਂ ਸਬੰਧੀ ਭਿਆਨਕ ਤੱਥ ਉੱਭਰੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਵਾਸੀਆਂ ਨੂੰ ਇਸ ਵਾਰ ਰਿਵਾਇਤੀ ਅਤੇ ਪੰਜਾਬ ਨੂੰ ਤਬਾਹੀ ਕੰਢੇ ਪਹੰਚਾਉਣ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਗਿੱਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਦੇ ਸਖਤ ਖਿਲਾਫ ਹੈ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇੜੀਆਂ ਨੂੰ ਨਹੀਂ ਸਗੋਂ ਵੱਡੀਆਂ ਮੱਛੀਆਂ ਨੂੰ ਅੰਦਰ ਦਿੱਤਾ ਅਤੇ ਪੰਜਾਬ ਨੂੰ ਨਸ਼ਿਆਂ ਦੀ ਲਾਅਨਤ ਤੋਂ ਮੁਕਤ ਕਰਵਾਇਆ ਜਾਏਗਾ। ਅੰਤ ਵਿੱਚ ਜਗਰੂਪ ਗਿੱਲ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੇਕਰ ਰਤਾ ਵੀ ਸੰਜੀਦਾ ਹਨ ਤਾਂ ਨਸ਼ਿਆਂ ਦੀ ਵਿੱਕਰੀ ਨਾਲ ਜੁੜੇ ਇਸ ਅਹਿਮ ਮਾਮਲੇ ਦੀ ਪੜਤਾਲ ਐਸ ਟੀ ਐਫ ਨੂੰ ਸੌਂਪਣ ਅਤੇ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਕਰਨ।
Total Responses : 108