ਹਰੀਸ਼ ਕਾਲੜਾ
ਰੂਪਨਗਰ, 06 ਦਸੰਬਰ 2021: ਸਿਹਤ ਵਿਭਾਗ ਪੰਜਾਬ ਅਧੀਨ ਕੰਮ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਦੀ 16 ਨਵੰਬਰ 2021 ਤੋਂ ਕੀਤੀ ਗਈ ਹੜਤਾਲ ਅੱਜ 21ਵੇਂ ਦਿਨ ਵਿਚ ਦਾਖਲ ਹੋ ਗਈ ਹੈ, ਜਿਸ ਕਾਰਨ ਪੰਜਾਬ ਭਰ ਦੀਆਂ ਸਿਹਤ ਸੇਵਾਵਾ ਜਿਵੇਂ ਟੀਕਾਕਰਨ, ਕਰੋਨਾ ਸੈਂਪਲਿੰਗ ਆਦਿ ਪ੍ਰਭਾਵਿਤ ਹੋ ਰਹੀਆਂ ਹਨ। ਜਿਲ੍ਹਾ ਰੂਪਨਗਰ ਦੇ ਆਗੂ ਸ. ਮੋਹਨ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੇ ਸਾਰੇ ਜਿਲਿਆਂ ਦੇ ਐਨ.ਐਚ.ਐਮ. ਕਾਮੇ ਇਸ ਆਰ-ਪਾਰ ਦੀ ਲੜਾਈ ਵਿੱਚ ਕੁਦ ਪਏ ਹਨ ਅਤੇ ਜੇਕਰ ਹੁਣ ਵੀ ਪੰਜਾਬ ਸਰਕਾਰ ਦੇ ਕੰਨੀ ਜੂੰ ਨਾ ਸਰਕੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਯੂਨੀਅਨ ਆਗੂ ਅਮਰਜੀਤ ਸਿੰਘ ਨੇ ਵਿਧਾਨ ਸਭਾ ਸਪੀਕਰ ਕੇ.ਪੀ. ਰਾਣਾ ਦੀ ਕੋਠੀ ਅੱਗੇ ਲਗਾਏ ਰੋਸ ਧਰਨੇ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ. ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਪੂਰਾ ਕਰੇ, ਉਨ੍ਹਾਂ ਨੇ ਸਰਕਾਰ ਨੂੰ ਚਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਐਨ.ਐਚ.ਐਮ. ਯੋਧਿਆਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਯੂਨੀਅਨ ਵੱਲੋਂ 07 ਦਸੰਬਰ 2ਨੂੰ ਪੁਲਿਸ ਲਾਇਨ ਰੂਪਨਗਰ ਵਿਖੇ ਕਈ ਘੰਟਿਆਂ ਜਾ ਜਾਮ ਲਗਾਇਆ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
?ਇਸ ਦੌਰਾਨ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਸ ਵਾਰ ਵੀ ਸਿਹਤ ਵਿਭਾਗ ਦੇ ਐਨ.ਐਚ.ਐਮ. ਕਰੋਨਾ ਯੋਧਿਆਂ ਨੂੰ ਰੈਗੂਲਰ ਨਾ ਕਰਕੇ ਉਹਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹ ਲੈ ਰਹੇ ਹਨ।ਇਸ ਦੌਰਾਨ ਸਾਰੇ ਐਨ.ਐਚ.ਐਮ. ਕਾਮਿਆਂ ਵੱਲੋਂ ਇਕ ਸੁਰ ਵਿਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਇਹ ਹੜਤਾਲ ਅਣਮਿੱਥੇ ਸਮੇਂ ਤੱਕ ਅਤੇ ਰੈਗੂਲਰ ਕਰਨ ਦੀ ਜਾਇਜ ਮੰਗ ਪੂਰੀ ਹੋਣ ਤੱਕ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਨਰਿੰਦਰ ਪਾਲ ਨੇ ਕਿਹਾ ਗਿਆ ਕਿ ਐਨ.ਐਚ.ਐਮ. ਅਧੀਨ ਮੈਡੀਕਲ, ਪੈਰਾ ਮੈਡੀਕਲ ਅਤੇ ਕਲੇੈਰੀਕਲ ਵਿਚ ਆਉਂਦੇ ਵੱਖ ਵੱਖ ਕੇਡਰਾਂ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਡੇਢ ਦਹਾਕੇ ਤੋਂ ਲਗਾਤਾਰ ਪੱਕੇ ਕਰਨ ਦੇ ਲਾਰੇ ਲਾਏ ਜਾ ਰਹੇ ਹਨ ਤੇ ਪੱਕੇ ਮੁਲਾਜਮਾਂ ਤੋਂ ਲਗਭਗ 5 ਗੁਣਾ ਘੱਟ ਤਨਖਾਹਾਂ ਤੇ ਐਨ.ਐਚ.ਐਮ.ਕਾਮਿਆਂ ਤੋਂ 10 ਗੁਣਾ ਜਿਆਦਾ ਕੰਮ ਲਿਆ ਜਾ ਰਿਹਾ ਹੈ ਅਤੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਨਿਯਮ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੀ ਤਾਜਾ ਮਿਸਾਲ ਖੁਦ ਮੁੱਖ ਮੰਤਰੀ ਦੇ ਆਪਣੇ ਹਲਕੇ ਵਿਚ ਦੇਖਣ ਨੂੰ ਮਿਲੀ ਹੈ ਜਿਥੇ ਸਿਹਤ ਵਿਭਾਗ ਦੇ ਐਨ.ਐਚ.ਐਮ. ਕਾਮੇ ਪਿਛਲੇ 14-15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਦੀ ਜਨਤਾ ਦੀ ਸੇਵਾ ਕਰ ਰਹੀ ਹੈ ਅਤੇ ਚੰਨੀ ਸਰਕਾਰ ਅੱਖਾਂ ਬੰਦ ਕਰਕੇ ਮੂਕ ਦਰਸ਼ਕ ਬਣੀ ਬੈਠੀ ਹੈ।
??ਇਸ ਮੌਕੇ ਸੁਖਜੀਤ ਕੰਬੋਜ, ਰਮਨਦੀਪ ਸਿੰਘ, ਖੁਸ਼ਹਾਲ, ਪਰਵਿੰਦਰ ਸਿੰਘ, ਸੁਖਵਿੰਦਰ ਕੌਰ, ਇੰਦਰਜੀਤ, ਚਰਨਜੀਤ ਕੌਰ, ਕਿਰਨਦੀਪ ਕੌਰ ਸਮੇਤ ਹੋਰ ਐਨ.ਐਚ.ਐਮ. ਕਾਮੇ ਹਾਜਰ ਸਨ