ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਟਰੱਕ ਯੂਨੀਅਨਾਂ ਜਲਦੀ ਬਹਾਲ ਕਰਨ ਸਬੰਧੀ ਅਪਰੇਟਰਾਂ ਨਾਲ ਗੱਲਬਾਤ ਕਰਦੇ ਹੋਏ।
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 06 ਦਸੰਬਰ, 2021: ਆਲ ਇੰਡੀਆ ਪੰਜਾਬ ਟਰੱਕ ਯੂਨੀਅਨ ਦੇ ਵਫ਼ਦ ਵੱਲੋਂ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਸੂਬੇ ਦੇ ਟਰਾਂਸਪੋਰਟ ਮੰਤਰੀ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਟਰੱਕ ਯੂਨੀਅਨਾਂ ਬਹਾਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ਮੰਤਰੀ ਰਾਜਾ ਵੜਿੰਗ ਨੇ ਆਗੂਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਆਉਂਦੇ 4-5 ਦਿਨਾਂ ਵਿੱਚ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਕਾਨੂੰਨੀ ਤੌਰ ਤੇ ਬਹਾਲ ਕਰ ਦਿੱਤੀਆਂ ਜਾਣਗੀਆਂ।
ਟਰੱਕ ਯੂਨੀਅਨਾਂ ਦੇ ਆਗੂਆਂ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਚ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ, ਜਿਸ ਕਾਰਨ ਟਰੱਕ ਅਪ੍ਰੇਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਪਰ ਜਦੋਂ ਤੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਹਨ ਤਾਂ ਟਰੱਕ ਯੂਨੀਅਨਾਂ ਲਗਾਤਾਰ ਮੁੱਖ ਮੰਤਰੀ ਨੂੰ ਟਰੱਕ ਯੂਨੀਅਨਾਂ ਬਹਾਲ ਕਰਨ ਲਈ ਮੰਗ ਪੱਤਰ ਦੇ ਰਹੀਆਂ ਹਨ। ਪੰਜਾਬ ਦੀ ਪਹਿਲੇ ਨੰਬਰ ਤੇ ਜਾਣੀ ਜਾਂਦੀ ਟਰੱਕ ਯੂਨੀਅਨ ਭਵਾਨੀਗੜ੍ਹ ਵਿੱਚ ਟਰੱਕ ਆਪਰੇਟਰਾਂ ਨੇ ਮੰਗ ਰੱਖੀ ਕਿ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਪੂਰੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਬਹਾਲ ਕਰੇ।
ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਵਿਪਨ ਸ਼ਰਮਾ, ਹਰਵਿੰਦਰ ਸਿੰਘ ਨੀਟਾ ਪਟਿਆਲਾ, ਮੁਖਤਿਆਰ ਸਿੰਘ, ਮੱਖਣ ਲਾਲ ਅਤੇ ਨਿੱਪੀ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਹਾਜ਼ਰ ਸਨ।