ਅਸ਼ੋਕ ਵਰਮਾ
ਬਠਿੰਡਾ, 06 ਦਸੰਬਰ 2021: ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਅੱਜ ਆਪਣੇ ਧਰਨੇ ਵਾਲੀ ਥਾਂ ਦੇ ਨਜ਼ਦੀਕ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਸਾੜਿਆ ਅਤੇ ਦਿੱਲੀ ਵੱਲ ਦੇਖਣ ਦੀ ਥਾਂ ਆਪਣੀ ਸਰਕਾਰ ਦੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਨਸੀਹਤ ਦਿੱਤੀ ਜਿਸ ਨੂੰ ਨਵੇਂ ਨਕੋਰ ਚਿੱਟੇ ਕੁੜਤੇ ਪਜਾਮੇ ਦੀ ਸਹਾਇਤਾ ਅਤੇ ਮੁੱਖ ਮੰਤਰੀ ਤੋਂ ਇਲਾਵਾ ਸਿੱਖਿਆ ਸਕੱਤਰ ਦੀ ਤਸਵੀਰ ਨਾਲ ਬਣਾਇਆ ਗਿਆ ਸੀ। ਇਸ ਮੌਕੇ ਸਹਾਇਕ ਪ੍ਰੋਫੈਸਰਾਂ ਨੇ ਦੋਸ਼ ਲਾਇਆ ਕਿ ਵੋਟਾਂ ਖਾਤਰ ਸਿੱਧੂ ਨੂੰ ਦਿੱਲੀ ਦੇ ਅਧਿਆਪਕ ਤਾਂ ਦਿਖਾਈ ਪੈ ਗਏ ਪਰ ਪੰਜਾਬ ਸਰਕਾਰ ਉਨ੍ਹਾਂ ਦੇ ਰੋਜਗਾਰ ਨੂੰ ਖੋਹਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ ਉਹ ਨਹੀਂ ਦਿਖਾਈ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸਿੱਖਿਆ ਨਾਲ ਐਨਾ ਹੀ ਹੇਜ ਹੈ ਤਾਂ ਉਹ ਪੰਜਾਬ ਦੀਆਂ ਸੜਕਾਂ ਤੇ ਧੱਕੇ ਖਾ ਰਹੇ ਬੌਧਿਕ ਬਰੇਨ ਦੀ ਸਾਰ ਲੈਣ।
ਇਸ ਮੌਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸ਼ੀਏਸ਼ਨ ਪੰਜਾਬ ਦੇ ਆਗੂਆਂ ਪ੍ਰੋਫੈਸਰ ਰੀਟਾ ਅਗਰਵਾਲ, ਨਿੰਦੀਆ ਸ਼ਰਮਾ, ਸਰਬਜੀਤ ਸਿੰਘ , ਪਰਕਾਸ਼ ਸਿੰਘ ਅਤੇ ਕਮਲਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਕੇ ਕਾਲਜ ਸੰਭਾਲੀ ਬੈਠੇ ਸਹਾਇਕ ਪ੍ਰੋਫੈਸਰਾਂ ਨੂੰ ਵੀ ਰੋਜਗਾਰ ਤੋਂ ਵਾਝਾਂ ਕਰਨ ਲਈ ਸਰਕਾਰੀ ਕਾਲਜਾਂ ਵਿਚ ਨਵੀਆਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਜੋ ਉਨ੍ਹਾਂ ਨੂੰ ਮਨਜੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ ਵਿਚ 1873 ਅਸਾਮੀਆਂ ਹਨ ਜਿਨ੍ਹਾਂ ਵਿਚੋਂ 962 ਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਹਨ ਜਦਕਿ 400 ਦੇ ਕਰੀਬ ਮੰਨਜ਼ੂਰ ਸ਼ੁਦਾ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਨਵੇਂ ਖੋਹਲੇ ਸਰਕਾਰੀ ਕਾਲਜਾਂ ਵਿਚ ਵੀ 160 ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੌਜਵਾਨਾਂ ਨੂੰ ਰੋਜਗਾਰ ਦੇਣਾ ਚਾਹੁੰਦੀ ਹੈ ਤਾਂ ਉਹ ਨਿਰੋਲ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ।
ਉਨ੍ਹਾਂ ਕਿਹਾ ਕਿ ਉਹ ਵੀ ਉਨ੍ਹਾਂ ਅਸਾਮੀਆਂ ਲਈ ਜਿਨ੍ਹਾਂ ਤੇ ਕੋਈ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕੰਮ ਨਹੀਂ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋ ਸਰਕਾਰ ਨੇ ਬੱਚਿਆਂ ਦੇ ਮਾਪਿਆ ਤੋਂ ਪੀ.ਟੀ.ਏ ਫੰਡ ਉਗਰਾਹ ਕੇ ਸਰਕਾਰੀ ਕਾਲਜਾਂ ਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖਾਹ ਦਿੱਤੀ ਹੈ ਜਿਸ ਨਾਲ ਬਹੁਤ ਸਾਰੇ ਗਰੀਬ ਵਿਦਿਆਰਥੀ ਆਰਥਿਕ ਬੋਝ ਨਾ ਝੱਲਣ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਝੇ ਰਹਿ ਗਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ 962 ਪਰਿਵਾਰਾਂ ਦੀ ਨੌਕਰੀ ਨੂੰ ਸੁਰੱਖਿਅਤ ਕਰਨ ਦੇ ਨਾਲ ਨਾਲ ਸਰਕਾਰੀ ਖਜਾਨੇ ਵਿਚੋਂ 56ਹਜਾਰ 100 ਰੁਪਏ ਦੇਣ ਦਾ ਜਲਦੀ ਐਲਾਨ ਜਲਦ ਨਾ ਕੀਤਾ ਤਾਂ ਸੰਘਰਸ਼ ਮਘਾ ਦੇਣਗੇ। ਅੱਜ ਦੇ ਧਰਨੇ ਨੂੰ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਹਮਾਇਤ ਦਿੱਤੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।