ਚੰਨੀ ਸਰਕਾਰ ਦੇ ਗ਼ੈਰ ਜ਼ਿੰਮੇਵਰਾਨਾ ਰਵੱਈਏ ਦੀ ਨਿਖੇਧੀ ਕਰਦਿਆਂ ਸਮੂਹਿਕ ਛੁੱਟੀ ਲੈ ਕੇ ਡਿਊਟੀਆਂ ਦਾ ਬਾਈਕਾਟ ਜਾਰੀ ਰੱਖਣਗੇ
ਗੌਰਵ ਮਾਣਿਕ
ਫ਼ਿਰੋਜ਼ਪੁਰ 06 ਦਸੰਬਰ 2021: ਮਾਲ ਵਿਭਾਗ ਦੇ ਫਰੀਦਕੋਟ ਅਤੇ ਫਿਰੋਜ਼ਪੁਰ ਮੰਡਲ ਦੇ ਸਮੂਹ ਮਾਲ ਅਧਿਕਾਰੀਆਂ, ਡੀ ਸੀ ਦਫਤਰ ਦੇ ਕਰਮਚਾਰੀਆਂ, ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਫ਼ਰੀਦਕੋਟ ਦੇ ਮੰਡਲ ਦਫਤਰ ਸਾਹਮਣੇ ਸਰਕਟ ਹਾਊਸ ਵਿਚ ਧਰਨਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ, ਸੁਖਚਰਨ ਸਿੰਘ ਚੰਨੀ, ਸੂਬਾ ਜਨਰਲ ਸਕੱਤਰ, ਪੰਜਾਬ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ (ਪੀ.ਆਰ.ਓ.ਆ), ਰੈਵੀਨਿਊ ਕਾਨੂੰਗੋ ਐਸੋਸੀਏਸ਼ਨ, ਰੈਵੀਨਿਊ ਪਟਵਾਰੀ ਯੂਨੀਅਨ ਦੇ ਆਹੁੱਦੇਦਾਰਾਂ ਨੇ ਦੱਸਿਆ ਕਿ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਅਤੇ ਮਨਜੀਤ ਸਿੰਘ ਰਜਿਸਟਰੀ ਕਲਰਕ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਨੂੰ ਝੂਠੀ ਐਫ.ਆਈ.ਆਰ ਨੰ. 28 ਮਿਤੀ 22.11.2021, U/S 7 ਅਤੇ 7A ਪੀ.ਸੀ. ਐਕਟ, ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿੱਚ ਫਸਾਉਣ ਅਤੇ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਮਿਤੀ 22.11.2021 ਤੋਂ ਲਗਾਤਾਰ ਹੜਤਾਲ ਤੇ ਹਨ।ਕਿਉਂਕਿ ਇਮਾਨਦਾਰ ਅਫਸਰਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਕਿਉਂਕਿ ਨਾਂ ਤਾਂ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਦੇ ਪੈਸੇ ਦੀ ਮੰਗ ਜਾਂ ਸਵੀਕਰੀਤੀ ਕੀਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਵਸੂਲੀ ਹੋਈ ਹੈ।
ਮਾਲ ਵਿਭਾਗ ਦੀਆਂ ਚਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਅਤੇ ਗੈਰ-ਕਾਨੂੰਨੀ ਐਫਆਈਆਰ ਰੱਦ ਕਰਨ ਅਤੇ ਇਨ੍ਹਾਂ ਬਦਨਾਮ ਅਤੇ ਦੋਸ਼ੀ ਵਿਜੀਲੈਂਸ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਕਰ ਰਹੀਆਂ ਹਨ। ਇਸ ਸਬੰਧੀ ਐਸੋਸੀਏਸ਼ਨਾਂ ਵੱਲੋਂ ਮੁੱਖ ਸਕੱਤਰ, ਐਫ.ਸੀ.ਆਰ. ਅਤੇ ਵਿਜੀਲੈਂਸ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਵਾਰ-ਵਾਰ ਮੁਲਾਕਾਤ ਕੀਤੀ ਗਈ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ ਸਗੋਂ ਪੰਜਾਬ ਸਰਕਾਰ ਵੱਲੋਂ ਭੜਕਾਊ ਬਿਆਨਬਾਜ਼ੀ ਅੱਗ ਵਿੱਚ ਤੇਲ ਪਾ ਰਹੀ ਹੈ ਅਤੇ ਪੰਜਾਬ ਦੇ ਮਾਲ ਵਿਭਾਗ ਅਫਸਰਾਂ ਅਤੇ ਕਰਮਚਾਰੀਆਂ ਦੇ ਅਕਸ ਨੂੰ ਹੋਰ ਢਾਹ ਲਾ ਰਹੀ ਹੈ।
ਐਸੋਸੀਏਸ਼ਨਾਂ ਵੱਲੋਂ ਲਗਾਤਾਰ ਮੰਗ ਕਰਨ ਦੇ ਬਾਵਜੂਦ ਨਾ ਤਾਂ ਦੋਸ਼ੀ ਅਤੇ ਬਦਨਾਮ ਡੀਐਸਪੀ ਵਿਜੀਲੈਂਸ ਨਿਰੰਜਨ ਸਿੰਘ ਅਤੇ ਆਈ.ਓ. ਇੰਸਪੈਕਟਰ ਚਮਕੋਰ ਸਿੰਘ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾਂ ਹੀ ਅਜੇ ਤੱਕ ਐਫ ਆਈ ਆਰ ਰੱਦ ਕੀਤੀ ਗਈ ਹੈ। ਦੋਵਾਂ ਦੋਸ਼ੀ ਅਧਿਕਾਰੀਆਂ ਨੇ ਪਬਲਿਕ ਸਰਵੈਂਟ ਸੰਦੀਪ ਕੁਮਾਰ ਅਤੇ ਮਨਜੀਤ ਸਿੰਘ ਨੂੰ ਬਿਨਾਂ ਕਿਸੇ ਕਾਰਨ 9 ਦਿਨ ਹਿਰਾਸਤ ਵਿੱਚ ਰੱਖ ਕੇ, ਜਾਂਚ ਲਈ ਸਮਰੱਥ ਅਧਿਕਾਰੀ ਤੋਂ ਅਗਾਊਂ ਮਨਜ਼ੂਰੀ ਨਾ ਲੈ ਕੇ ਗੈਰ-ਕਾਨੂੰਨੀ ਕੰਮ, ਅਧਿਕਾਰਾਂ ਦੀ ਗਲਤ ਵਰਤੋਂ ਕਰਕੇ ਗੰਭੀਰ ਸਰਵਿਸ ਦੁਰਵਿਹਾਰ ਕੀਤਾ ਹੈ। ਇਹ ਵੀ ਕਿਹਾ ਕਿ ਅਸੀਂ ਪੰਜਾਬ ਦੇ ਉੱਚ ਅਧਿਕਾਰੀਆਂ ਜਿਵੇਂ ਕਿ ਮੁੱਖ ਸਕੱਤਰ, ਐਫਸੀਆਰ, ਅਤੇ ਖਾਸ ਕਰਕੇ ਮਾਲ ਮੰਤਰੀ ਪੰਜਾਬ ਦੀ ਮਾਲ ਅਫਸਰਾਂ ਅਤੇ ਇਹਨਾਂ ਦੇ ਸਟਾਫ ਪ੍ਰਤੀ ਆਲਸੀ, ਨਿਕੰਮੀ ਅਤੇ ਉਦਾਸੀਨ ਪਹੁੰਚ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਇਹ ਵੀ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਮਾਲ ਮੰਤਰੀ ਅਤੇ ਬਾਕੀ ਉਚ ਅਧਿਕਾਰੀਆਂ ਨੇ ਅਜਿਹੇ ਕੀ ਕਾਰੇ ਕੀਤੇ ਹਨ, ਜੋ ਉਹ ਵਿਜੀਲੈਂਸ ਤੋਂ ਇੰਨੇ ਡਰਦੇ ਹਨ?
ਮਾਲ ਵਿਭਾਗ ਦੀਆਂ ਇਹ ਸਾਰੀਆਂ ਐਸੋਸੀਏਸ਼ਨਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਪ੍ਰਤੀ ਸਰਕਾਰ ਦੇ ਗੈਰ-ਜਵਾਬਦੇਹੀ ਵਾਲੇ ਰਵੱਈਏ ਕਾਰਨ ਭਾਵੇਂ ਇਹਨਾਂ ਦੇ ਸਾਰੇ ਮੈਂਬਰ ਪਹਿਲਾਂ ਹੀ 23.11.21 ਤੋਂ ਲਗਾਤਾਰ 07.12.21 ਤੱਕ ਸਮੂਹਿਕ ਛੁੱਟੀ ਤੇ ਚਲ ਗਏ ਹਨ ਅਤੇ ਇਹਨਾਂ ਸਾਰੀਆਂ ਅੇੈਸੋਸੀਏਸ਼ਨਾਂ ਵੱਲੋਂ ਮਿਤੀ 06.12.2021 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਡਵੀਜ਼ਨਲ ਕਮਿਸ਼ਨਰ ਦਫ਼ਤਰ ਰੋਪੜ, ਜਲੰਧਰ ਅਤੇ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਅਤੇ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਫ਼ੈਸਲੇ ਦੇ ਮੱਦੇਨਜ਼ਰ ਅੱਜ ਫ਼ਰੀਦਕੋਟ ਦੇ ਸਰਕਟ ਹਾਊਸ ਵਿਖੇ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਮੰਡਲ ਦੇ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਸ਼ਾਮਲ ਫਾਜ਼ਿਲਕਾ,ਮੋਗਾ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਮਾਨਸਾ ਅਤੇ ਬਰਨਾਲਾ ਦੇ ਸਮੂਹ ਜ਼ਿਲ੍ਹਾ ਮਾਲ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਡੀ ਸੀ ਦਫਤਰ ਦੇ ਕਰਮਚਾਰੀ, ਪਟਵਾਰੀ ਅਤੇ ਕਾਨੂੰਗੋ ਸਮੂਹਿਕ ਛੁੱਟੀ ਲੈ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਨੇ ਵਿਜੀਲੈਂਸ ਬਿਊਰੋ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਵਿਹਾਰ ਦੀ ਭਰਪੂਰ ਨਿੰਦਾ ਕੀਤੀ ਅਤੇ ਇਹ ਵੀ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਅਤੇ ਵਾਅਦਾ ਖ਼ਿਲਾਫ਼ੀਆਂ ਨੂੰ ਪੂਰਾ ਨਾ ਕਰ ਸਕਣ ਦਾ ਸਾਰਾ ਭਾਂਡਾ ਸਾਡੇ ਤੇ ਭੰਨਣਾ ਚਾਹੁੰਦੀ ਹਨ। ਜਦਕਿ ਇਨ੍ਹਾਂ ਦੀ ਮਨਸ਼ਾ ਆਮ ਲੋਕਾਂ ਅਤੇ ਜਥੇਬੰਦੀਆਂ ਨਾਲ ਕੀਤੇ ਵਾਅਦਿਆਂ ਅਤੇ ਦਿੱਤੇ ਭਰੋਸਿਆਂ ਨੂੰ ਪੂਰਾ ਕਰਨ ਦੀ ਨਹੀਂ ਹੈ। ਸਗੋਂ ਝੂਠੇ ਲਾਰੇ ਲਾ ਕੇ ਵੋਟਾਂ ਬਟੋਰਨ ਵਾਲੀ ਨੀਤੀ ਹੈ।ਇਹ ਵੀ ਦੱਸਿਆ ਕਿ ਮੰਗਲਵਾਰ ਨੂੰ ਵੀ ਸਾਰੇ ਪੰਜਾਬ ਦੇ ਮਾਲ ਅਫਸਰ, ਡੀ ਸੀ ਦਫਤਰਾਂ, ਤਹਿਸੀਲਾਂ ਦੇ ਕਾਮੇ ਅਤੇ ਫੀਲਡ ਵਿੱਚ ਕੰਮ ਕਰਦੇ ਪਟਵਾਰੀ ਅਤੇ ਕਾਨੂੰਗੋ ਸਮੂਹਕ ਛੁੱਟੀ ਤੇ ਰਹਿ ਕੇ ਸਰਕਾਰ ਦੀ ਡਿਊਟੀ ਦਾ ਬਾਈਕਾਟ ਜਾਰੀ ਰੱਖਣਗੇ। ਜੇਕਰ ਸਰਕਾਰ ਨੇ ਫਿਰ ਵੀ ਝੂਠੀ ਐਫਆਈਆਰ ਰੱਦ ਨਾ ਕੀਤੀ ਅਤੇ ਐੱਫਆਈਆਰ ਦਰਜ ਕਰਨ ਵਾਲੇ ਵਿਜੀਲੈਂਸ ਦੇ ਅਧਿਕਾਰੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਅੱਗੇ ਵੀ ਇਸ ਸੰਘਰਸ਼ ਨੂੰ ਵਧਾਇਆ ਜਾ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਵਿਜੀਲੈਂਸ ਬਿਉਰੋ ਦੇ ਮੋਹਾਲੀ ਸਥਿਤ ਦਫਤਰ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।