ਅਸ਼ੋਕ ਵਰਮਾ
ਬਠਿੰਡਾ, 06 ਦਸੰਬਰ 2021: ਡੇਰਾ ਸੱਚਾ ਸੌਦਾ ਦੇ ਇੱਕ ਸ਼ਰਧਾਲੂ ਪ੍ਰੀਵਾਰ ਵੱਲੋਂ ਆਪਣੇ ਪ੍ਰੀਵਾਰਕ ਮੈਂਬਰ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਹਰਬੰਸ ਨਗਰ ਵਾਸੀ ਦਰਸ਼ਨ ਸਿੰਘ (68) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਲਿਆ ਸੀ ਜਿਸ ਦੇ ਅਧਾਰ ਤੇ ਅੱਜ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ,ਡੇਰਾ ਪ੍ਰੇਮੀਆਂ ਅਤੇ ਸਨੇਹੀਆਂ ਨੇ ਮੈਡੀਕਲ ਦੀ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਕਰਨ ਦੇ ਮੰਤਵ ਨਾਲ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਭੁੱਚੋ ਕਲਾਂ ਜਿਲ੍ਹਾ ਬਠਿੰਡਾ ਨੂੰ ਸੌਂਪ ਦਿੱਤੀ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਮੁਤਾਬਿਕ ਦਰਸ਼ਨ ਸਿੰਘ ਨੇ ਸਰੀਰਦਾਨ ਲਈ ਪਹਿਲਾਂ ਤੋਂ ਹੀ ਪ੍ਰਣ ਪੱਤਰ ਭਰਿਆ ਹੋਇਆ ਸੀ ਜਿਸ ਤੇ ਫੁੱਲ ਚੜ੍ਹਾਉਂਦਿਆਂ ਪਰਿਵਾਰ ਨੇ ਸਰੀਰ ਦਾਨ ਕਰਕੇ ਸਮਾਜ ਸੇਵਾ ਦਾ ਵੱਡਾ ਕਾਰਜ ਕੀਤਾ ਹੈ ਅਤੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਕਿ ਮਰਨ ਤੋਂ ਬਾਅਦ ਵੀ ਸ਼ਰੀਰ ਮਨੁੱਖਤਾ ਲਈ ਕੰਮ ਆਉਂਦਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਲਜੀਤ ਸਿੰਘ ਬਰਾੜ ਸਾਬਕਾ ਐਮ.ਸੀ ਅਤੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਬੁੱਟਰ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ । ਇਸ ਮੌਕੇ ਬਿੱਟੂ ਇੰਸਾਂ ਅਤੇ ਟੀਮ ਨੇ ਪਰਿਵਾਰ ਨਾਲ ਦੁੱਖ ਦੀ ਘੜੀ ’ਚ ਸ਼ਰੀਕ ਹੋਣ ਤੇ ਸਭ ਦਾ ਧੰਨਵਾਦ ਕੀਤਾ।