ਸਿੱਖਿਆ ਮੰਤਰੀ ਕੋਈ ਵੀ ਮਸਲਾ ਹੱਲ ਨਹੀਂ ਕਰ ਸਕਿਆ: ਆਗੂ
ਦਲਜੀਤ ਕੌਰ ਭਵਾਨੀਗੜ੍ਹ
ਅੰਮ੍ਰਿਤਸਰ, 06 ਦਸੰਬਰ, 2021: ਸਾਂਝਾ ਅਧਿਆਪਕ ਮੋਰਚਾ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਦੀ ਜਿਲ੍ਹਾ ਪੱਧਰੀ ਮੀਟਿੰਗ ਬਲਕਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਦੇ ਦਫ਼ਤਰ ਸਾਹਮਣੇ ਹੋਈ, ਜਿਸ ਵਿੱਚ 8 ਦਸੰਬਰ ਨੂੰ ਜਲੰਧਰ ਵਿੱਚ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਵਿੱਚ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਵਿੱਚ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਸਾਮਿਲ ਕਰਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਦੇ ਕਨਵੀਨਰਜ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ ਅਤੇ ਮਲਕੀਤ ਸਿੰਘ ਕੱਦਗਿੱਲ ਨੇ ਦੱਸਿਆ ਕਿ ਪੰਜਾਬ ਦਾ ਸਿੱਖਿਆ ਮੰਤਰੀ ਅਧਿਆਪਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਅਜੰਡੇ ਦੀਆਂ ਮੰਗਾਂ ਬਾਰੇ ਕਈ ਵਾਰ ਮੰਗ ਪੱਤਰ ਦਿੱਤੇ ਮੰਤਰੀ ਸਹਿਬ ਨਾਲ ਮੀਟਿੰਗਾਂ ਵੀ ਹੋਈਆਂ ਪਰ ਅਧਿਆਪਕਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਰੈਲੀ ਵਿਚ ਅੰਮ੍ਰਿਤਸਰ ਜਿਲ੍ਹੇ ਵਿੱਚੋਂ ਭਾਰੀ ਗਿਣਤੀ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਕਾਰਵਾਈ ਜਾਵੇਗੀ, ਜਿਸ ਸਬੰਧੀ ਲਾਮਬੰਦੀ ਤੇਜ ਕਰ ਦਿੱਤੀ ਗਈ ਹੈ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਤਾਰੁੰਤ ਪੱਕੇ ਕੀਤੇ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਰਹਿੰਦੀਆਂ ਬਦਲੀਆਂ ਲਾਗੂ ਕੀਤੀਆਂ ਜਾਣ ਤੇ 50 ਪ੍ਰਤੀਸ਼ਤ ਦੀ ਸ਼ਰਤ ਹਟਾਈ ਜਾਵੇ, ਨਵੇਂ ਪਦਉੱਨਤ ਲੈਕਚਰਾਰਾ ਤੇ ਜਬਰੀ ਪੇਪਰ ਦੀ ਲਗਾਈ ਸ਼ਰਤ ਹਟਾਈ ਜਾਵੇ, ਸਾਰੀਆਂ ਖਾਲੀ ਅਸਾਮੀਆਂ ਤੇ ਤਰੁੰਤ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਜਾਵਾਂ ਤੇ ਦਰਜ ਕੇਸ ਰੱਦ ਕੀਤੇ ਜਾਣ, 180 ਪ੍ਰਾਇਮਰੀ ਅਧਿਆਪਕਾਂ ਤੇ ਪੰਜਾਬ ਦਾ ਸਕੇਲ ਲਾਗੂ ਕੀਤਾ ਜਾਵੇ, ਹਰੇਕ ਵਰਗ ਦੀਆਂ ਬਕਾਇਆ ਤਰੱਕੀਆਂ ਕੀਤੀਆ ਜਾਣ, ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਅਧਿਆਪਕਾਂ ਤੇ ਪੁਰਾਣੀ ਪੈਨਸ਼ਨ ਸਕੀਮ ਇੱਕ ਸਾਰ ਲਾਗੂ ਕੀਤੀ ਜਾਵੇ, ਗੈਰ ਵਿੱਦਿਅਕ ਕੰਮਾਂ ਵਿੱਚ ਲਗਾਏ ਅਧਿਆਪਕਾ ਨੂੰ ਤਰੁੰਤ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ, ਵੱਖ ਵੱਖ ਕੈਟਾਗਰੀਆਂ ਦੀ ਪੇ ਪੇਰਟੀ ਬਹਾਲ ਕੀਤੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਲ ਸਿੰਘ ਟਾਂਡਾ ,ਬਲਦੇਵ ਮਨਨ , ਰਕੇਸ ਕੁਮਾਰ , ਹਰਮਨਦੀਪ ਭੰਗਾਲੀ , ਦਿਲਰਾਜ ਸਿੰਘ ਅਤੇ ਕੁੱਲਦੀਪ ਸਿੰਘ ਤੋਲਾਨੰਗਲ ਆਦਿ ਹਾਜ਼ਰ ਹੋਏ।