ਜੀ ਐਸ ਪੰਨੂ
ਪਟਿਆਲਾ, 06 ਦਸੰਬਰ, 2021: ਭਵਿੱਖ ਵਿੱਚ ਜੰਗ ਦਾ ਸਰੂਪ ਬਿਲਕੁਲ ਬਦਲ ਜਾਵੇਗਾ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦਖ਼ਲ ਨਾਲ ਬਿਲਕੁਲ ਨਵੇਂ ਢੰਗ ਈਜ਼ਾਦ ਹੋ ਜਾਣਗੇ। ਸਾਨੂੰ ਤਕਨਾਲੋਜੀ ਅਤੇ ਖੋਜ਼ ਦੇ ਖੇਤਰ ਵਿੱਚ ਵਿਕਾਸ਼ ਕਰਨ ਦੇ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਭਵਿੱਖ ਵਿੱਚ ਰਵਾਇਤੀ ਢੰਗ ਦੇ ਹਥਿਆਰ ਸਾਡੀ ਸੰਪੂਰਨ ਸੁਰੱਖਿਆ ਲਈ ਨਾਕਾਫ਼ੀ ਹੋਣਗੇ।
ਇਹ ਵਿਚਾਰ ਭਾਰਤੀ ਫੌਜ ਦੇ ਮੌਜੂਦਾ ਮੁਖੀ ਐੱਮ.ਐੱਮ. ਨਰਾਵਨੇ ਵੱਲੋਂ ਪ੍ਰਗਟਾਏ ਗਏ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਰਾਸ਼ਟਰੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੁੱਜੇ ਸਨ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸ਼ਖ਼ਸੀਅਤ ਵੱਲੋਂ ਚੀਫ਼ ਆਫ਼ ਆਰਮੀ ਸਟਾਫ਼ ਦੀ ਸਮਰਥਾ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਤਰ੍ਹਾਂ ਕਿਸੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਗਈ ਹੋਵੇ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਵਿਭਾਗ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੇ 50 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿੱਚ ਸਿ਼ਰਕਤ ਕਰਨ ਲਈ ਪੁੱਜੇ ਸਨ। ਇਸ ਸੈਮੀਨਾਰ ਦੇ ਕੋਆਰਡੀਨੇਟਰ ਡਾ. ਉਮਰਾਉ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਫੌਜ ਦੇ ਮੌਜੂਦਾ ਮੁੱਖੀ ਐੱਮ.ਐੱਮ. ਨਰਵਾਨੇ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਤੋਂ ਪੀ-ਐੱਚ.ਡੀ. ਕਰ ਰਹੇ ਹਨ।
ਐੱਮ.ਐੱਮ. ਨਰਾਵਨੇ ਵੱਲੋਂ ਆਪਣੇ ਸੰਬੋਧਨ ਵਿੱਚ ਆਪਣੇ ਵਿਦਿਆਰਥੀ ਹੋਣ ਦਾ ਜਿ਼ਕਰ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ‘ਆਪਣਾ ਵਾਈਸ ਚਾਂਸਲਰ’ ਕਹਿ ਕੇ ਪੁਕਾਰਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸੁਰੱਖਿਆ ਨੀਤੀ ਅਤੇ ਇਸ ਖੇਤਰ ਵਿੱਚ ਭਵਿੱਖ ਦੀਆਂ ਵਿਸ਼ੇਸ਼ ਲੋੜਾਂ ਦੇ ਹਵਾਲੇ ਨਾਲ ਇਕ ਵਿਸਤ੍ਰਿਤ ਭਾਸ਼ਣ ਵੀ ਦਿੱਤਾ ਗਿਆ ਅਤੇ ਭਾਸ਼ਣ ਉਪਰੰਤ ਸੈਨੇਟ ਹਾਲ ਵਿਚ ਮੌਜੂਦਾ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਸ਼ੇਸ਼ ਤੌਰ `ਤੇ ਸ਼ਲਾਘਾ ਕੀਤੀ ਗਈ ਜੋ ਉੱਤਮ ਗਿਆਨ ਉਤਪੰਨ ਕਰਦਿਆਂ ਰਾਸ਼ਟਰ ਨਿਰਮਾਣ ਦੇ ਖੇਤਰ ਵਿਚ ਯੋਗਦਾਨ ਪਾ ਰਹੀ ਹੈ। ਸੁਰੱਖਿਆ ਨੀਤੀ ਅਤੇ ਜੰਗ ਦੀਆਂ ਵਿਧੀਆਂ ਦੇ ਪ੍ਰਸੰਗ ਵਿਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਬਹੁਤ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਵਿੱਖ ਦੀਆਂ ਅਜਿਹੀਆਂ ਸਭ ਚੁਣੌਤੀਆਂ ਨੂੰ ਕੇਂਦਰ ਵਿਚ ਰੱਖ ਕੇ ਸੋਚਣਾ ਪਵੇਗਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਅਕਾਦਮਿਕ ਵੱਕਾਰ ਨੂੰ ਵੇਖਦਿਆਂ ਇੱਥੇ ਪੀ-ਐੱਚ.ਡੀ. ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਇਸ ਫ਼ੈਸਲੇ ਦੀ ਕਦਰ ਕਰਦੇ ਹਾਂ। ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਐਲਾਨ ਕੀਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਧੀਵਤ ਰੂਪ ਵਿੱਚ 1971 ਦੀ ਜੰਗ ਦਾ ਇਤਿਹਾਸ ਲਿਖਿਆ ਜਾਵੇਗਾ। ਇਸ ਪ੍ਰਾਜੈਕਟ ਵਿਚ ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਮੋਹਰੀ ਭੂਮਿਕਾ ਨਿਭਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਕੁਆਂਟਮ ਤਕਨਾਲੌਜੀ ਦੇ ਹਵਾਲੇ ਨਾਲ ਵੀ ਆਪਣੇ ਵਿਚਾਰ ਪ੍ਰਗਟਾਏ ਗਏ।
ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਲੈਫ਼. ਜਨ. ਜਗਬੀਰ ਸਿੰਘ ਚੀਮਾ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਲੈਫ਼. ਜਨ. ਐੱਚ. ਐੱਸ. ਪਨਾਗ ਅਤੇ ਮੇਜਰ ਜਨਰਲ ਬੀ. ਐੱਸ. ਗਰੇਵਾਲ ਵੱਲੋਂ 1971 ਦੀ ਜੰਗ ਸਬੰਧੀ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਪ੍ਰੋਗਰਾਮ ਦੇ ਮੁੱਖ ਦੂਸਰੇ ਸੈਸ਼ਨ ਦਾ ਸਵਾਗਤੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਵੱਲੋਂ ਅਤੇ ਪਹਿਲੇ ਸੈਸ਼ਨ ਦਾ ਸਵਾਗਤੀ ਭਾਸ਼ਣ ਪ੍ਰੋ. ਕਮਲ ਕਿੰਗਰ ਵੱਲੋਂ ਦਿੱਤਾ ਗਿਆ। ਪਹਿਲੇ ਸੈਸ਼ਨ ਦਾ ਧੰਨਵਾਦੀ ਭਾਸ਼ਣ ਰਜਿਸਟਰਾਰ ਪ੍ਰੋ. ਵਰਿੰਦਰ ਕੌਸਿ਼ਕ ਵੱਲੋਂ ਅਤੇ ਦੂਸਰੇ ਸੈਸ਼ਨ ਦਾ ਧੰਨਵਾਦੀ ਭਾਸ਼ਣ ਡੀਨ ਖੋਜ ਡਾ. ਅਸ਼ੋਕ ਕੁਮਾਰ ਤਿਵਾੜੀ ਵੱਲੋਂ ਦਿੱਤਾ ਗਿਆ।
ਇਸ ਸੈਮੀਨਾਰ ਉਪਰੰਤ ਐੱਮ.ਐੱਮ. ਨਰਾਵਨੇ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿੱਚ ਗਏ ਜਿੱਥੇ ਉਨ੍ਹਾਂ ਵੱਲੋਂ ਇੱਕ ਬੂਟਾ ਲਗਾਇਆ ਗਿਆ। ਇਸ ਉਪਰੰਤ ਉਹ ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਵਿਭਾਗ, ਜਿੱਥੇ ਕਿ ਉਹ ਖ਼ੁਦ ਵਿਦਿਆਰਥੀ ਹਨ, ਵਿਖੇ ਪਹੁੰਚੇ।