ਹੁਣ ਤੱਕ ਚਾਰ ਲਾੜੇ ਬਣ ਚੁੱਕੇ ਸ਼ਿਕਾਰ
ਦੀਪਕ ਗਰਗ
ਬਠਿੰਡਾ 06 ਦਸੰਬਰ, 2021: ਪੰਜਾਬੀ ਫ਼ਿਲਮ ਆਰਐਸਵੀਪੀ (ਰੋਂਦੇ ਸਾਰੇ ਵਿਆਹ ਪਿੱਛੋਂ) ਬਹੁਤ ਸਾਰੇ ਪੰਜਾਬੀ ਫਿਲਮ ਦਰਸ਼ਕਾਂ ਨੂੰ ਯਾਦ ਹੋਵੇਗੀ ਇਸ ਫਿਲਮ ਵਿੱਚ ਇਕ ਭੋਲੀ ਭਾਲੀ ਦਿਖਣ ਵਾਲੀ ਖੂਬਸੂਰਤ ਕੁੜੀ ਮਨਪ੍ਰੀਤ ( ਨੀਰੂ ਬਾਜਵਾ ) ਆਪਣੇ ਭਰਾ ਅਤੇ ਅੰਕਲ, ਆਂਟੀ ਨਾਲ ਮਿਲ ਕੇ ਅਮੀਰ ਮੁੰਡਿਆਂ ਨੂੰ ਆਪਣੇ ਪ੍ਰੇਮ ਜਾਲ ’ਚ ਫ਼ਸਾਉਂਦੀ ਹੈ ਅਤੇ ਫਿਰ ਉਨ੍ਹਾਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦਾ ਸਭ ਕੁਝ ਲੈ ਕੇ ਫ਼ਰਾਰ ਹੋ ਜਾਂਦੀ ਹੈ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਵੀ ਹੁਣ ਅਜਿਹੀ ਹੀ ਇਕ ਲਾੜੀ ਦੇ ਚਰਚੇ ਆਮ ਹਨ। ਇਸ ਲਾੜੀ ਦਾ ਨਾਂਅ ਮਨਜੀਤ ਕੌਰ ਹੈ ਇਹ ਔਰਤ ਪਿਛਲੇ ਕਈ ਸਾਲਾਂ ਤੋਂ ਭੋਲੇ ਭਾਲੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ।
ਇਸ ਦੇ ਚਾਰ ਕਾਰਨਾਮੇ ਬਠਿੰਡਾ 'ਚ ਸਾਹਮਣੇ ਆਏ ਹਨ, ਜਿਸ 'ਚ ਲੁਟੇਰੇ ਲਾੜੀ ਬਣੀ ਇਹ ਔਰਤ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਈ ਹੈ। ਜਦੋਂ ਪੀੜਤ ਪਰਿਵਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਪਰ ਪਿਛਲੇ ਦੋ ਸਾਲਾਂ ਤੋਂ ਪੁਲਸ ਸਿਰਫ ਜਾਂਚ ਹੀ ਕਰ ਰਹੀ ਹੈ। ਅਜੇ ਤੱਕ ਐਫਆਈਆਰ ਵੀ ਦਰਜ ਨਹੀਂ ਕੀਤੀ ਗਈ। ਹੁਣ ਤੱਕ ਜਿਹੜੇ ਚਾਰ ਲਾੜੇ ਸਾਹਮਣੇ ਆਏ ਹਨ, ਉਨ੍ਹਾਂ ਕੋਲ ਲੁਟੇਰੇ ਲਾੜੀ ਨਾਲ ਵਿਆਹ ਦੇ ਸਾਰੇ ਸਬੂਤ ਹਨ।
ਪਿੰਡ ਬੁਰਜ ਹਰੀ ਵਾਸੀ ਕਾਲਾ ਸਿੰਘ ਦਾ ਵਿਆਹ ਨਹੀਂ ਹੋ ਰਿਹਾ ਸੀ। ਕਿਸੇ ਤਰ੍ਹਾਂ ਉਸ ਦਾ ਸੰਪਰਕ ਵਿਚੋਲੇ ਰਾਹੀਂ ਮਨਜੀਤ ਕੌਰ ਨਾਂ ਦੀ ਔਰਤ ਨਾਲ ਹੋ ਗਿਆ। ਦੋਵਾਂ ਦਾ ਵਿਆਹ 24 ਜੂਨ 2018 ਨੂੰ ਹੋਇਆ ਸੀ। ਵਿਆਹ ਦੇ 10 ਦਿਨ ਬਾਅਦ ਮਨਜੀਤ ਕੌਰ ਆਪਣੀ ਭੈਣ ਦੇ ਬੀਮਾਰ ਹੋਣ ਦਾ ਬਹਾਨਾ ਲਗਾ ਕੇ ਸੋਨੇ ਦੇ ਗਹਿਣੇ, ਚਾਂਦੀ ਅਤੇ ਹਜ਼ਾਰਾਂ ਦੀ ਨਕਦੀ ਲੈ ਕੇ ਫਰਾਰ ਹੋ ਗਈ। ਵਿਚੋਲੇ ਅਤੇ ਹੋਰ ਖਰਚਿਆਂ ਸਮੇਤ ਉਨ੍ਹਾਂ ਦੇ ਵਿਆਹ ਵਿਚ ਦੋ ਤੋਂ ਢਾਈ ਲੱਖ ਰੁਪਏ ਖਰਚ ਕੀਤੇ ਗਏ ਸਨ।
ਪਿੰਡ ਭੋਗਲ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦਾ ਵਿਆਹ ਲੁਟੇਰੀਂ ਲਾੜੀ ਮਨਜੀਤ ਕੌਰ ਨਾਲ 16 ਅਗਸਤ 2018 ਨੂੰ ਇਕ ਪੈਲੇਸ ਵਿੱਚ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ 12 ਦਿਨ ਬਾਅਦ ਹੀ ਪਿਛਲੇ ਮਾਮਲੇ ਦੀ ਤਰ੍ਹਾਂ ਮਨਜੀਤ ਕੌਰ ਆਪਣੇ ਨਾਨਕੇ ਘਰ ਵਿਆਹ ਕਰਵਾਉਣ ਦੇ ਬਹਾਨੇ ਭੱਜ ਗਈ ਅਤੇ ਫਿਰ ਮੋਬਾਈਲ ਨੰਬਰ ਸਵਿੱਚ ਆਫ ਕਰ ਦਿੱਤਾ। ਪਰਿਵਾਰ ਨੂੰ ਕਈ ਮਹੀਨਿਆਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।
ਮੌੜ ਮੰਡੀ ਵਾਸੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ। ਕਿਸੇ ਵਿਚੋਲੇ ਦੇ ਕਹਿਣ 'ਤੇ ਉਸ ਨੇ ਮਨਜੀਤ ਕੌਰ, ਜੋ ਕਿ ਮਲੋਟ ਦੀ ਰਹਿਣ ਵਾਲੀ ਦੱਸੀ ਜਾਂਦੀ ਸੀ ਨਾਲ ਸੰਪਰਕ ਕਰ ਲਿਆ। ਗੱਲ ਪੱਕੀ ਹੋਣ ਤੋਂ ਬਾਅਦ ਵਿਆਹ ਹੋ ਗਿਆ। ਵਿਆਹ ਦੇ 12 ਦਿਨ ਬਾਅਦ ਮਨਜੀਤ ਕੌਰ ਆਪਣੇ ਚਾਚੇ ਦੇ ਲੜਕੇ ਦੇ ਵਿਆਹ ਦਾ ਬਹਾਨਾ ਕਰਕੇ ਆਪਣੇ ਨਾਨਕੇ ਘਰ ਚਲੀ ਗਈ ਅਤੇ ਵਾਪਸ ਨਹੀਂ ਆਈ।
ਆਮ ਆਦਮੀ ਪਾਰਟੀ (ਆਪ) ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਔਰਤ 'ਤੇ ਵਿਆਹ ਦੇ ਨਾਂ 'ਤੇ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਮੌੜ ਮੰਡੀ ਇਲਾਕੇ ਵਿੱਚ ਮਨਜੀਤ ਕੌਰ ਨਾਂ ਦੀ ਔਰਤ ਚਾਰ ਵਿਅਕਤੀਆਂ ਨਾਲ ਵਿਆਹ ਕਰਵਾ ਕੇ ਪੈਸੇ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਈ। ਇੰਨਾ ਹੀ ਨਹੀਂ ਉਕਤ ਔਰਤ ਨੇ ਮੁਕਤਸਰ ਜ਼ਿਲ੍ਹੇ ਦੇ ਇੱਕ ਪੀੜਤ ਕਾਲਾ ਸਿੰਘ 'ਤੇ ਖਰਚੇ ਦਾ ਮਾਮਲਾ ਵੀ ਦਰਜ ਕਰਵਾਇਆ ਹੈ। ਭੱਲਾ ਨੇ ਕਿਹਾ ਕਿ ਜੇਕਰ ਪੁਲਸ ਨੇ 7 ਦਿਨਾਂ ਦੇ ਅੰਦਰ ਮਾਮਲੇ 'ਚ ਕਾਰਵਾਈ ਨਾ ਕੀਤੀ ਤਾਂ ਉਹ ਥਾਣਾ ਮੌੜ ਮੰਡੀ ਦਾ ਘਿਰਾਓ ਕਰਨਗੇ।
ਆਪ’ ਆਗੂ ਜਤਿੰਦਰ ਸਿੰਘ ਭੱਲਾ ਅਨੁਸਾਰ 50 ਸਾਲਾਂ ਦੀ ਇਹ ਲੁਟੇਰੀ ਲਾੜੀ ਮਨਜੀਤ ਕੌਰ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ। ਵਿਆਹ ਤੋਂ ਬਾਅਦ ਉਹ 10-12 ਦਿਨ ਸਹੁਰੇ ਘਰ ਰਹਿੰਦੀ ਹੈ ਅਤੇ ਫਿਰ ਮਾਮੇ ਦੇ ਘਰ ਕੋਈ ਬੀਮਾਰ ਜਾਂ ਕੋਈ ਵਿਆਹ ਸਮਾਗਮ ਦੀ ਗੱਲ ਕਹਿਕੇ ਘਰ ਵਿੱਚ ਪਈ ਨਕਦੀ, ਗਹਿਣੇ ਲੈ ਕੇ ਫਰਾਰ ਹੋ ਜਾਂਦੀ ਹੈ। ਇਸ ਮਹਿਲਾ ਗੈਂਗ ਵਿੱਚ 5-6 ਲੋਕ ਹਨ।
ਡੀਐਸਪੀ ਪਰਮਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ। ਐੱਸਐੱਚਓ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਕੋਲ ਰਿਪੋਰਟ ਆਵੇਗੀ, ਤੁਰੰਤ ਐੱਫ.ਆਈ.ਆਰ. ਦਰਜ ਕਰ ਲਈ ਜਾਵੇਗੀ।