ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 06 ਦਸੰਬਰ, 2021: ਹਾਮੀ ਮਜ਼ਦੂਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਰਾ ਬਲਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਂਗਰਸ ਸਰਕਾਰ ਨੇ ਗ਼ਰੀਬ ਲੋਕਾਂ ਨਾਲ 2017 ਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਗ਼ਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਪਲਾਟ ਦਿੱਤੇ ਜਾਣਗੇ ਪਰ ਪੌਣੇ ਪੰਜ ਸਾਲ ਬੀਤ ਚੁੱਕੇ ਹਨ ਸਰਕਾਰ ਨੇ ਅਜੇ ਤੱਕ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿੱਚ ਇੱਕ ਵੀ ਪਲਾਟ ਨਹੀਂ ਵੰਡਿਆ।
ਲਾਰਾ ਸਾਹਿਬ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਬੀਡੀਓ ਦਫ਼ਤਰ ਦਾ ਘਿਰਾਓ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਸੰਗਰੂਰ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਬਾਜ਼ਾਰਾਂ ਵਿੱਚ ਦੀ ਰੋਸ ਮਾਰਚ ਕਰਕੇ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਲਾਰਾ ਸਾਬ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਅਗਰ ਗ਼ਰੀਬ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ ਤਾਂ ਕਾਂਗਰਸ ਦੇ ਕਿਸੇ ਵੀ ਲੀਡਰ ਨੂੰ ਪਿੰਡਾਂ ਦੇ ਵਿਚ ਖ਼ਾਸ ਕਰਕੇ ਐੱਸਸੀ ਭਾਈਚਾਰੇ ਦੇ ਮੁਹੱਲਿਆਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਜਗ੍ਹਾ ਤੇ ਕਾਂਗਰਸੀ ਮੰਤਰੀ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਜਗਸੀਰ ਸਿੰਘ ਨਰੈਣਗਡ਼੍ਹ, ਕੁਲਦੀਪ ਸਿੰਘ ਮੁਨਸ਼ੀਵਾਲਾ ਆਦਿ ਹਾਜ਼ਰ ਸਨ।