ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਲੁਧਿਆਣਾ, 06 ਦਸੰਬਰ, 2021: ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਜਰਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਆਪਣੀ ਸੂਬਾਈ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ 19 ਦਸੰਬਰ ਨੂੰ ਖਰੜ ਵਿਖੇ ਸੂਬਾ ਪੱਧਰੀ 'ਵੰਗਾਰ ਰੈਲੀ' ਕਰਕੇ ਚੰਨੀ ਸਰਕਾਰ ਨੂੰ ਵੰਗਾਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਆਗੂਆਂ ਨੇ ਕਿਹਾ ਕਿ ਫੋਕੇ ਐਲਾਨਾਂ ਦੇ ਚੌਕੇ ਛਿੱਕੇ ਮਾਰਨ ਵਿੱਚ ਚੰਨੀ ਸਰਕਾਰ ਨੇ ਮੋਦੀ ਸਰਕਾਰ ਨੂੰ ਵੀ ਮਾਤ ਦੇ ਦਿੱਤੀ ਹੈ, ਜਦ ਕਿ ਅਸਲੀਅਤ ਵਿੱਚ ਪੰਜਾਬ ਦੇ ਲੋਕਾਂ ਦੇ ਮੰਗਾਂ ਮਸਲਿਆਂ ਦਾ ਪਰਨਾਲਾ ਉੱਥੇ ਦਾ ਉਥੇ ਹੀ ਖੜਾ ਹੈ।
ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣ ਭੱਤਾ ਵਰਕਰਾਂ 'ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕਰਨ, ਆਊਟ ਸੋਰਸ ਪ੍ਰਣਾਲੀ ਰੱਦ ਕਰਕੇ ਸਾਰੇ ਵਰਕਰਾਂ ਨੂੰ ਵਿਭਾਗਾਂ ਵਿੱਚ ਲਿਆਉਣ ਅਤੇ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਐਨ.ਪੀ.ਐਸ. ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਰਗੇ ਅਤੀ ਜ਼ਰੂਰੀ ਮੁੱਦਿਆਂ 'ਤੇ 'ਚੰਨੀ ਸਰਕਾਰ' ਵੱਲੋਂ ਧਾਰੀ ਹੋਈ ਸਾਜਿਸ਼ੀ ਚੁੱਪ 'ਕੈਪਟਨ ਸਰਕਾਰ' ਨਾਲੋਂ ਜ਼ਰਾ ਵੀ ਵੱਖਰੀ ਨਹੀਂ ਹੈ, ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਸਾਂਝੇ ਫਰੰਟ ਵੱਲੋਂ ਚੰਨੀ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ ਕਰਨ ਦਾ ਫੈਸਲਾ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਨੂੰ 31-12-2015 ਤੋਂ 113% ਡੀ.ਏ. 'ਤੇ ਦਿੱਤੇ ਗਏ 15% ਵਾਧੇ ਦੇ ਫਾਰਮੂਲੇ ਨੂੰ ਰੱਦ ਕਰਦਿਆਂ ਸਾਂਝੇ ਫਰੰਟ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਦਕੀਆਨੂਸੀ ਵਿਚਾਰਾਂ ਵਾਲੇ ਇਸ ਮਨਘੜਤ ਫਾਰਮੂਲੇ ਨੂੰ ਰੱਦ ਕਰਕੇ 2.72 ਗੁਣਾਂਕ ਦਿੱਤਾ ਜਾਵੇ।
ਸਾਂਝੇ ਫਰੰਟ ਨੇ ਪੈਨਸ਼ਨਰਾਂ ਸਬੰਧੀ ਜਾਰੀ ਕੀਤੇ 29 ਅਕਤੂਬਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ 2.72 ਦੇ ਗੁਣਾਂਕ ਨਾਲ ਸੋਧ ਕੀਤੀ ਜਾਵੇ।
ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 11% ਡੀ.ਏ. ਨੂੰ ਨਵੰਬਰ 2021 ਤੋਂ ਜਾਰੀ ਕਰਕੇ ਪੰਜਾਬ ਦੇ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਉਹਨਾ ਨੇ ਕਿਹਾ ਕਿ ਜੁਲਾਈ 2021 ਤੋਂ ਬਕਾਇਆ ਪਿਆ 3% ਡੀ.ਏ. ਵੀ ਦਿੱਤਾ ਜਾਵੇ।
ਪੰਜਾਬ ਸਰਕਾਰ ਵੱਲੋਂ 01-01-16 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦਿੱਤੇ ਗਏ 15% ਵਾਧੇ ਨੂੰ ਰੱਦ ਕਰਦਿਆਂ ਸਾਂਝੇ ਫਰੰਟ ਨੇ ਮੰਗ ਕੀਤੀ ਕਿ ਇਹਨਾ ਮੁਲਾਜ਼ਮਾਂ ਦੇ ਪੇ-ਬੈਂਡ 'ਚ ਗ੍ਰੇਡ ਪੇਅ ਜੋੜਨ ਉਪਰੰਤ ਬਣਦੀ ਮੁਢਲੀ ਤਨਖ਼ਾਹ 'ਤੇ 2.72 ਦਾ ਗੁਣਾਂਕ ਦਿੱਤਾ ਜਾਵੇ। ਇਸੇ ਤਰ੍ਹਾਂ ਅਨ-ਰੀਵਾਈਜ਼ਡ ਅਤੇ ਅੰਸ਼ਕ ਰੀਵਾਈਜ਼ਡ ਵਰਗਾਂ ਦੇ ਮੁਲਾਜ਼ਮਾਂ ਨੂੰ ਉੱਚਤਮ ਗੁਣਾਂਕ ਦੇ ਕੇ ਉਹਨਾਂ ਦੀ ਦਸੰਬਰ 2011 ਦੀ ਤੋੜੀ ਗਈ ਪੇ-ਪੈਰਿਟੀ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ।
ਸਾਂਝੇ ਫਰੰਟ ਨੇ ਫ਼ੈਸਲਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਖੋਖਲੇ ਐਲਾਨਾਂ ਦੀ ਸਿਆਸਤ ਨੂੰ ਰੱਦ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ 19 ਦਸੰਬਰ ਨੂੰ ਖਰੜ ਵਿਖੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਵੰਗਾਰ ਰੈਲੀ ਕਰਕੇ ਮੁੱਖ ਮੰਤਰੀ ਚੰਨੀ ਦੇ ਘਰ ਦਾ ਘਿਰਾਉ ਕੀਤਾ ਜਾਵੇਗਾ।
ਇਸ ਮੌਕੇ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ, ਸੁਖਦੇਵ ਸਿੰਘ ਸੈਣੀ, ਬਾਜ ਸਿੰਘ ਖਹਿਰਾ, ਠਾਕੁਰ ਸਿੰਘ, ਰਣਜੀਤ ਸਿੰਘ ਰਾਣਵਾਂ ਅਤੇ ਅਵਿਨਾਸ਼ ਚੰਦਰ ਸ਼ਰਮਾਂ ਤੋਂ ਇਲਾਵਾ ਕੁਲਦੀਪ ਸਿੰਘ ਖੰਨਾ, ਬਲਬੀਰ ਸਿੰਘ ਏਟਕ, ਰਵਿੰਦਰ ਲੂਥਰਾ, ਦਰਸ਼ਨ ਸਿੰਘ, ਗੁਰਮੇਲ ਸਿੰਘ ਮੈਡਲੇ, ਕੁਲਦੀਪ ਸਿੰਘ ਦੌੜਕਾ, ਹਰਜੰਟ ਸਿੰਘ, ਸੁਖਵਿੰਦਰ ਸਿੰਘ ਲੀਲ੍ਹ, ਮਨਜੀਤ ਸਿੰਘ ਸੈਣੀ, ਰਛਪਾਲ ਸਿੰਘ ਏਟਕ, ਰਮਨਜੀਤ ਸਿੰਘ ਸੰਧੂ, ਜਗਦੀਸ਼ ਰਾਮ, ਸ਼ੰਗਾਰਾ ਸਿੰਘ ਅਤੇ ਗੁਲਜ਼ਾਰ ਖ਼ਾਨ ਆਦਿ ਆਗੂ ਵੀ ਹਾਜ਼ਰ ਸਨ।