ਡੇਰਾ ਪ੍ਰਬੰਧਕਾਂ ਦੇ ਰਵੱਈਏ ਤੋਂ ਨਾਰਾਜ਼ ਐਸਆਈਟੀ: ਵਿਪਾਸਨਾ ਤੇ ਨੈਨ ਨੇ ਦਿੱਤਾ ਗੱਚਾ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਦੇ ਰਵੱਈਏ ਤੋਂ ਨਾਰਾਜ਼ ਹੈ। ਐਸਆਈਟੀ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ਸਿਰਸਾ ਗਈ ਸੀ। ਉੱਥੇ ਉਹ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਨ ਅਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀ.ਆਰ.ਨੈਨ ਨੂੰ ਨਹੀਂ ਲੱਭ ਸਕੀ।
ਹਾਲਾਂਕਿ ਇਸ ਮਾਮਲੇ 'ਚ ਐੱਸਆਈਟੀ ਨੇ 3 ਫਰਾਰ ਡੇਰਾ ਪ੍ਰੇਮੀਆਂ ਦੀ ਭਾਲ 'ਚ ਕਰੀਬ ਇਕ ਘੰਟੇ ਤੱਕ ਡੇਰੇ ਦੀ ਤਲਾਸ਼ੀ ਲਈ ਪਰ ਕੋਈ ਵੀ ਹੱਥ ਨਹੀਂ ਲੱਗਾ। ਟੀਮ ਨੇ ਉੱਥੋਂ ਕੁਝ ਦਸਤਾਵੇਜ਼ ਜ਼ਰੂਰ ਇਕੱਠੇ ਕੀਤੇ ਹਨ। ਹੁਣ ਜੇਕਰ ਵਿਪਾਸਨਾ ਅਤੇ ਨੈਨ ਖੁਦ ਪੇਸ਼ ਨਹੀਂ ਹੁੰਦੇ ਹਨ ਤਾਂ ਐਸਆਈਟੀ ਕਾਨੂੰਨੀ ਤਰੀਕੇ ਨਾਲ ਉਨ੍ਹਾਂ 'ਤੇ ਸਖਤੀ ਵਧਾਏਗੀ। ਇਸ 'ਚ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੀ ਕਦਮ ਚੁੱਕੇ ਜਾ ਸਕਦੇ ਹਨ। ਜਿਸ ਦੀ ਤਿਆਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਐਸਆਈਟੀ ਨੇ ਵਿਪਾਸਨਾ ਅਤੇ ਨੈਨ ਨੂੰ ਪਹਿਲਾਂ ਵੀ 3 ਵਾਰ ਸੰਮਨ ਭੇਜਿਆ ਸੀ ਪਰ ਉਹ ਨਹੀਂ ਆਏ। ਇਸ ਤੋਂ ਬਾਅਦ ਐਸਆਈਟੀ ਖੁਦ ਡੇਰਾ ਸਿਰਸਾ ਪਹੁੰਚੀ। ਹਾਲਾਂਕਿ ਦੋਵੇਂ ਉੱਥੇ ਨਹੀਂ ਮਿਲੇ ਸਨ। ਟੀਮ ਵਿੱਚ ਆਈਜੀ ਐਸਪੀਐਸ ਪਰਮਾਰ, ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ।
ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਸਵਾਲ ਉਠਾਇਆ ਕਿ ਜੇਕਰ ਉਹ ਮੈਡੀਕਲ ਤੌਰ 'ਤੇ ਫਿੱਟ ਨਹੀਂ ਹਨ ਤਾਂ ਉਹ ਡੇਰੇ ਤੋਂ ਬਾਹਰ ਕਿਵੇਂ ਹਨ? ਐਸਆਈਟੀ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਬਹਾਨਾ ਹੈ। ਨਹੀਂ ਤਾਂ ਉਹ ਡੇਰੇ ਵਿਚ ਹੀ ਬਿਸਤਰ 'ਤੇ ਪਏ ਹੰਦੇ । ਆਈਜੀ ਪਰਮਾਰ ਨੇ ਦੱਸਿਆ ਕਿ ਇਹ ਦੋਵੇਂ ਅਗਲੇ 4-5 ਦਿਨਾਂ ਵਿੱਚ ਪੇਸ਼ ਹੋਣਗੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਟੀਮ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਬੇਅਦਬੀ ਮਾਮਲੇ 'ਚ ਹੁਣ ਤੱਕ ਪੰਜ ਡੇਰਾ ਪ੍ਰੇਮੀ ਰਣਦੀਪ ਸਿੰਘ ਉਰਫ ਨੀਲਾ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਹੁਣ ਜ਼ਮਾਨਤ 'ਤੇ ਬਾਹਰ ਹਨ। ਡੇਰਾ ਸੱਚਾ ਸੌਦਾ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਅੱਜ ਤੱਕ ਇਨ੍ਹਾਂ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਜਿਸ ਕਰਕੇ ਉਨ੍ਹਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਐਸਆਈਟੀ ਤਿੰਨਾਂ ਨੂੰ 2015 ਦੇ ਬੇਅਦਬੀ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।
ਕੁਝ ਦਿਨ ਪਹਿਲਾਂ ਐਸਆਈਟੀ ਨੇ ਰੋਹਤਕ ਦੀ ਸੁਨਾਰੀਆ ਜੇਲ ਜਾ ਕੇ ਬਾਬਾ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਸੀ। ਜਿਸ ਵਿੱਚ ਰਾਮ ਰਹੀਮ ਨੇ ਕਿਹਾ ਕਿ ਉਸਦਾ ਕੰਮ ਸਿਰਫ ਸਤਿਸੰਗ ਕਰਨਾ ਹੈ। ਡੇਰੇ ਦੀ ਆਮਦਨ ਤੋਂ ਲੈ ਕੇ ਜਾਇਦਾਦ ਤੱਕ ਦੀ ਜਾਣਕਾਰੀ ਸਭ ਕੁਝ ਡੇਰਾ ਪ੍ਰਬੰਧਕਾਂ ਨੂੰ ਹੀ ਪਤਾ ਹੋਵੇਗਾ। ਐਸਆਈਟੀ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਫਰੀਦਕੋਟ ਦੇ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰਬੰਧਕਾਂ ਦੀ ਕੋਈ ਭੂਮਿਕਾ ਤਾਂ ਨਹੀਂ ਹੈ। ਹਾਲਾਂਕਿ ਰਾਮ ਰਹੀਮ ਸਮੇਤ ਡੇਰੇ ਦੇ ਸਾਰੇ ਲੋਕਾਂ ਨੇ ਬੇਅਦਬੀ ਕਾਂਡ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।