ਬੇਅਦਬੀ ਮਾਮਲਾ :ਐਸ ਆਈ ਟੀ ਨੂੰ ਡੇਰਾ ਸਿਰਸਾ ਵਿਚ ਨਹੀਂ ਲੱਭੇ ਵਿਪਾਸਨ ਤੇ ਡਾ. ਨੈਨ
ਭਗੋੜਿਆਂ ਦੀ ਭਾਲ ਵਿੱਚ ਡੇਰਾ ਸੱਚਾ ਸੌਦਾ ਦੀ ਵੀ ਲਈ ਗਈ ਤਲਾਸ਼ੀ, ਹੁਣ ਵਧੇਗੀ ਸਖ਼ਤੀ
ਦੀਪਕ ਗਰਗ
ਫਰੀਦਕੋਟ, 7 ਦਸੰਬਰ, 2021: ਫਰੀਦਕੋਟ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਦੇ ਰਵੱਈਏ ਤੋਂ ਨਾਰਾਜ਼ ਹੈ। ਐਸ ਆਈ ਟੀ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ਸਿਰਸਾ ਗਈ ਸੀ। ਉੱਥੇ ਉਹ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਨ ਅਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀ.ਆਰ.ਨੈਨ ਨੂੰ ਨਹੀਂ ਲੱਭ ਸਕੀ।
ਹਾਲਾਂਕਿ ਇਸ ਮਾਮਲੇ 'ਚ ਐੱਸਆਈਟੀ ਨੇ 3 ਫਰਾਰ ਡੇਰਾ ਪ੍ਰੇਮੀਆਂ ਦੀ ਭਾਲ 'ਚ ਕਰੀਬ ਇਕ ਘੰਟੇ ਤੱਕ ਡੇਰੇ ਦੀ ਤਲਾਸ਼ੀ ਲਈ ਪਰ ਕੋਈ ਵੀ ਹੱਥ ਨਹੀਂ ਲੱਗਾ। ਟੀਮ ਨੇ ਉੱਥੋਂ ਕੁਝ ਦਸਤਾਵੇਜ਼ ਜ਼ਰੂਰ ਇਕੱਠੇ ਕੀਤੇ ਹਨ। ਹੁਣ ਜੇਕਰ ਵਿਪਾਸਨਾ ਅਤੇ ਨੈਨ ਖੁਦ ਪੇਸ਼ ਨਹੀਂ ਹੁੰਦੇ ਹਨ ਤਾਂ ਐਸ ਆਈ ਟੀ ਕਾਨੂੰਨੀ ਤਰੀਕੇ ਨਾਲ ਉਨ੍ਹਾਂ 'ਤੇ ਸਖਤੀ ਵਧਾਏਗੀ। ਇਸ 'ਚ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੀ ਕਦਮ ਚੁੱਕੇ ਜਾ ਸਕਦੇ ਹਨ। ਜਿਸ ਦੀ ਤਿਆਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਐਸ ਆਈ ਟੀ ਨੇ ਵਿਪਾਸਨਾ ਅਤੇ ਨੈਨ ਨੂੰ ਪਹਿਲਾਂ ਵੀ 3 ਵਾਰ ਸੰਮਨ ਭੇਜਿਆ ਸੀ ਪਰ ਉਹ ਨਹੀਂ ਆਏ। ਇਸ ਤੋਂ ਬਾਅਦ ਐਸ ਆਈ ਟੀ ਖੁਦ ਡੇਰਾ ਸਿਰਸਾ ਪਹੁੰਚੀ। ਹਾਲਾਂਕਿ ਦੋਵੇਂ ਉੱਥੇ ਨਹੀਂ ਮਿਲੇ ਸਨ। ਟੀਮ ਵਿੱਚ ਆਈ ਜੀ ਐਸ ਪੀ ਐਸ ਪਰਮਾਰ, ਐਸ ਐਸ ਪੀ ਮੁਖਵਿੰਦਰ ਸਿੰਘ ਭੁੱਲਰ, ਡੀ ਐਸ ਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ।
ਐਸ ਆਈ ਟੀ ਦੇ ਮੁਖੀ ਆਈ ਜੀ ਐਸ ਪੀ ਐਸ ਪਰਮਾਰ ਨੇ ਸਵਾਲ ਉਠਾਇਆ ਕਿ ਜੇਕਰ ਉਹ ਮੈਡੀਕਲ ਤੌਰ 'ਤੇ ਫਿੱਟ ਨਹੀਂ ਹਨ ਤਾਂ ਉਹ ਡੇਰੇ ਤੋਂ ਬਾਹਰ ਕਿਵੇਂ ਹਨ? ਐਸ ਆਈ ਟੀ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਬਹਾਨਾ ਹੈ, ਨਹੀਂ ਤਾਂ ਉਹ ਡੇਰੇ ਵਿਚ ਹੀ ਬਿਸਤਰ 'ਤੇ ਪਏ ਹੁੰਦੇ। ਆਈ ਜੀ ਪਰਮਾਰ ਨੇ ਦੱਸਿਆ ਕਿ ਇਹ ਦੋਵੇਂ ਅਗਲੇ 4-5 ਦਿਨਾਂ ਵਿੱਚ ਪੇਸ਼ ਹੋਣਗੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਟੀਮ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਬੇਅਦਬੀ ਮਾਮਲੇ 'ਚ ਹੁਣ ਤੱਕ ਪੰਜ ਡੇਰਾ ਪ੍ਰੇਮੀ ਰਣਦੀਪ ਸਿੰਘ ਉਰਫ ਨੀਲਾ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਹੁਣ ਜ਼ਮਾਨਤ 'ਤੇ ਬਾਹਰ ਹਨ। ਡੇਰਾ ਸੱਚਾ ਸੌਦਾ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਅੱਜ ਤੱਕ ਇਨ੍ਹਾਂ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਜਿਸ ਕਰਕੇ ਉਨ੍ਹਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਐਸ ਆਈ ਟੀ ਤਿੰਨਾਂ ਨੂੰ 2015 ਦੇ ਬੇਅਦਬੀ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।
ਕੁਝ ਦਿਨ ਪਹਿਲਾਂ ਐਸ ਆਈ ਟੀ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਜਾ ਕੇ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਸੀ।