ਸਿਆਸੀ ਲਾਹੇ ਦੀ ਮਜਬੂਰੀ: ਚੰਨੀ ਦੇ ਬੋਰਡਾਂ ਨਾਲ ਲੱਦਿਆ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 7 ਦਸੰਬਰ 2021: ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਵਿਧਾਨ ਸਭਾ ਹਲਕੇ ਬਠਿੰਡਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਫਲੈਕਸ ਬੋਰਡਾਂ ਨਾਲ ਲੱਦ ਦਿੱਤਾ ਗਿਆ ਹੈ। ਸ਼ਹਿਰ ਦੇ ਚੌਕਾਂ,ਸੜਕਾਂ ਅਤੇ ਜਨਤਕ ਥਾਵਾਂ ਤੇ ਚੰਨੀ ਦੀ ਤਸਵੀਰ ਵਾਲੇ ਬੋਰਡ ਹੀ ਦਿਖਾਈ ਦੇ ਰਹੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਸਰਕਾਰ ਦੇ ਰਾਜ ’ਚ ਵੀ ਬਠਿੰਡਾ ’ਚ ਭਾਜਪਾ ਲੀਡਰ ਨਰਿੰਦਰ ਮੋਦੀ ਅਤੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਬੋਰਡਾਂ ਦਾ ਹੜ੍ਹ ਲਿਆਂਦਾ ਗਿਆ ਸੀ। ਸ਼ਹਿਰ ਵਾਸੀ ਆਖਦੇ ਹਨ ਕਿ ਕਾਂਗਰਸ ਸਰਕਾਰ ਨੇ ਤਾਂ ਇਸ ਮਾਮਲੇ ’ਚ ਬਾਦਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ਹਿਰ ਦੇ ਮੁੱਖ ਚੌਂਕਾਂ ’ਚ ਲਾਏ ਵੱਡੇ ਫਲੈਕਸਾਂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਗਿਆ ਹੈ।
ਵਿੱਤ ਮੰਤਰੀ ਦੇ ਹਲਕੇ ’ਚ ਲੱਗੀਆਂ ਫਲੈਕਸਾਂ ਤੇ ਮੁੱਖ ਮੰਤਰੀ ਤੋਂ ਸਿਵਾਏ ਹੋਰ ਕਿਸੇ ਦੀ ਤਸਵੀਰ ਨਹੀਂ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ 8 ਦਸੰਬਰ ਨੂੰ ਬਠਿੰਡਾ ਜਿਲ੍ਹੇ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਕਸਬਾ ਤਲਵੰਡੀ ਸਾਬੋ ਵਿਖੇ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ’ਚ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਸਰਕਾਰੀ ਯੂਨੀਪੋਲ ਵੀ ਨਹੀਂ ਬਖਸ਼ੇ ਗਏ ਹਨ ਅਤੇ ਬਿਜਲੀ ਦੇ ਖੰਭਿਆਂ ਤੇ ਵੀ ਚੰਨੀ ਹੀ ਨਜ਼ਰ ਪੈ ਰਹੇ ਹਨ। ਕਈ ਥਾਵਾਂ ਤੇ ਤਾਂ ਨਗਰ ਨਿਗਮ ਵੱਲੋਂ ਪੈਸੇ ਖਰਚ ਕਰਕੇ ਲਾਈਆਂ ਜਾਗਰੂਕਤਾ ਫਲੈਕਸਾਂ ਨੂੰ ਵੀ ਸਰਕਾਰੀ ਪ੍ਰਚਾਰ ਨਾਲ ਢਕ ਦਿੱਤਾ ਗਿਆ। ਵਿਰੋਧੀ ਧਿਰਾਂ ਵੱਲੋਂ ਲਾਏ ਫਲੈਕਸ ਵੀ ਗਾਇਬ ਹੋ ਗਏ ਹਨ ਜਿੰਨ੍ਹਾਂ ਦੀ ਥਾਂ ਵੀ ਮੁੱਖ ਮੰਤਰੀ ਦੇ ਬੋਰਡਾਂ ਨੇ ਲੈ ਲਈ ਹੈ। ਬਠਿੰਡਾ ਸ਼ਹਿਰ ਵਿੱਚ ਚਾਰ ਚੁਫੇਰੇ ਹਾਕਮ ਧਿਰ ਦੇ ਬੈਨਰ ਦਿਖ ਰਹੇ ਹਨ।
ਮਾਲ ਰੋਡ ਫਾਇਰ ਬ੍ਰਿਗੇਡ ਚੌਂਕ ਘੋੜੇ ਵਾਲਾ ਚੌਕ ਵਾਲੀ ਸੌ ਫੁੱਟੀ ਰੋਡ ਤੋਂ ਇਲਾਵਾ ਪਾਵਰ ਹਾਊਸ ਰੋਡ ਵਾਲੇ ਟਰੈਫਿਕ ਲਾਈਟਾਂ ਵਾਲੇ ਚੌਂਕ ’ਚ ਤਾਂ ਮੁੱਖ ਮੰਤਰੀ ਦੀਆਂ ਫਲੈਕਸਾਂ ਦੀ ਹਨੇਰੀ ਆਈ ਹੋਈ ਹੈ। ਮਾਮਲਾ ਹਾਕਮ ਧਿਰ ਨਾਲ ਜੁੜਿਆ ਹੋਣ ਕਰਕੇ ਅਧਿਕਾਰੀਆਂ ਨੇ ਚੁੱਪ ਵੱਟੀ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ਼ਤਿਹਾਰ ਟੈਕਸ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਟੈਕਸ ਦੀਆਂ ਵੱਖ ਵੱਖ ਦਰਾਂ ਤੈਅ ਕੀਤੀਆਂ ਗਈਆਂ ਹਨ। ਸ਼ਹਿਰ ਵਿੱਚ ਲਾਏ ਜਾਣ ਵਾਲੇ ਹਰ ਪ੍ਰਕਾਰ ਦੇ ਮਸ਼ਹੂਰੀ ਬੋਰਡ ਤੋਂ ਇਸ਼ਤਿਹਾਰ ਟੈਕਸ ਦੀ ਵਸੂਲੀ ਕਰਨੀ ਹੁੰਦੀ ਹੈ। ਸੂਤਰਾਂ ਮੁਤਾਬਕ ਨਗਰ ਨਿਗਮ ਨੂੰ ਹਰ ਸਾਲ 10 ਤੋਂ 12 ਲੱਖ ਦੀ ਆਮਦਨ ਇਸ ਟੈਕਸ ਤੋਂ ਹੁੰਦੀ ਹੈ। ਖਾਸ ਤੌਰ ਤੇ ਯੂਨੀਪੋਲ ਤਾਂ ਸ਼ਹਿਰ ਦੀਆਂ ਅਜਿਹੀਆਂ ਥਾਵਾਂ ਤੇ ਲਾਏ ਗਏ ਹਨ ਜਿੱਥੇ ਦਿਨ ਰਾਤ ਮਸ਼ਹੂਰੀ ਹੁੰਦੀ ਰਹਿੰਦੀ ਹੈ।
ਇਹੋ ਕਾਰਨ ਹੈ ਕਿ ਇਹ ਯੂਨੀਪੋਲ ਜਾਂ ਵਿਸ਼ੇਸ਼ ਸਾਈਟਾਂ ਨਗਰ ਨਿਗਮ ਦੇ ਖਜਾਨੇ ਲਈ ਵਰਦਾਨ ਮੰਨੀਆਂ ਜਾਂਦੀਆਂ ਹਨ। ਨਿਗਮ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜੇਕਰ ਸ਼ਹਿਰ ’ਚ ਲੱਗਦੀਆਂ ਫਲੈਕਸਾਂ ਅਤੇ ਬੋਰਡ ਲਾਉਣ ਵਾਲਿਆਂ ਤੋਂ ਨਿਯਮਾਂ ਮੁਤਾਬਕ ਟੈਕਸ ਵਸੂਲ ਲਿਆ ਜਾਵੇ ਤਾਂ ਨਗਰ ਨਿਗਮ ਦੇ ਵਾਰੇ ਨਿਆਰੇ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਕਾਰੋਬਾਰੀ ਲੋਕ ਵੀ ਆਪਣਾ ਵਪਾਰ ਚਮਕਾਉਣ ਲਈ ਪੋਸਟਰਾਂ ਅਤੇ ਸਿਆਸੀ ਲੀਡਰਾਂ ਨੂੰ ਵਧਾਈ ਵਾਲੀਆਂ ਫਲੈਕਸਾਂ ਦਾ ਸਹਾਰਾ ਲੈਂਦੇ ਹਨ ਜਿਸ ਨਾਲ ਨਗਰ ਨਿਗਮ ਨੂੰ ਇਸ਼ਤਿਹਾਰ ਟੈਕਸ ਤੋਂ ਹੁੰਦੀ ਕਮਾਈ ਨੂੰ ਰਗੜਾ ਲੱਗਦਾ ਹੈ। ਉਨ੍ਹਾਂ ਆਖਿਆ ਕਿ ਅਕਸਰ ਰਸੂਖਵਾਨ ਲੋਕਾਂ ਦਾ ਇਸ ਮਾਮਲੇ ਨਾਲ ਜੁੜਿਆ ਹੋਣ ਕਾਰਨ ਨਗਰ ਨਿਗਮ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਲੈਂਦਾ ਹੈ।
ਇੱਕ ਸੀਨੀਅਰ ਕਾਂਗਰਸੀ ਲੀਡਰ ਨੇ ਆਖਿਆ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਸਰਕਾਰ ਨੇ ਲੋਕ ਹਿੱਤ ਕਾਰਜਾਂ ਦੀ ਝੜੀ ਲਗਾ ਦਿੱਤੀ ਹੈ ਜਿਸ ਨੂੰ ਲੋਕਾਂ ਤੱਕ ਪੁੱਜਦਾ ਕਰਨਾ ਜਰੂਰੀ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਕੋਈ ਕੰਮ ਨਾਂ ਕੀਤਾ ਹੋਵੇ ਤਾਂ ਬੋਰਡਾਂ ਬਾਰੇ ਨੁਕਤਾਚੀਨੀ ਸਮਝ ਪੈਂਦੀ ਹੈ ਪਰ ਮੁੱਖ ਮੰਤਰੀ ਨੇ ਤਾਂ ਪਿਛਲੇ ਦੋ ਕੁ ਮਹੀਨਿਆਂ ’ਚ ਆਪਣੇ ਕੰਮ ਕਾਰ ਅਤੇ ਵਿਹਾਰ ਰਾਹੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਆਖਿਆ ਕਿ ਇੰਨ੍ਹਾਂ ਬੋਰਡਾਂ ਦਾ ਅਸਰ ਵੋਟਰਾਂ ਦੇ ਜਿਹਨ ’ਚ ਲੰਮਾਂ ਸਮਾਂ ਰਹਿੰਦਾ ਹੈ ਜਿਸ ਕਰਕੇ ਮੁੜ ਸਰਕਾਰ ਬਨਾਉਣ ਲਈ ਫਲੈਕਸ ਲਾਉਣ ਨੂੰ ਤਰਜੀਹ ਦਿੱਤੀ ਗਈ ਹੈ।
ਨਜਾਇਜ ਬੋਰਡ ਲਾਹੁਣ ਦੇ ਹੁਕਮ:ਐਸ ਈ
ਨਗਰ ਨਿਗਮ ਬਠਿੰਡਾ ਦੇ ਐਸ ਈ ਹਰਪਾਲ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਯੂਨੀਪੋਲ ਜਾਂ ਸਾਈਟਾਂ ਦਾ ਕਿਰਾਇਆ ਲੋਕ ਸੰਪਰਕ ਵਿਭਾਗ ਪੰਜਾਬ ਅਦਾ ਕਰਦਾ ਹੈ। ਉਨ੍ਹਾਂ ਆਖਿਆ ਕਿ ਚੋਣ ਵਰ੍ਹਾ ਹੋਣ ਕਰਕੇ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ ਲਈ ਫਲੈਕਸ ਲਾ ਦਿੰਦੀਆਂ ਹਨ ਜਿੰਨ੍ਹਾਂ ਨੂੰ ਲਾਹੁਣ ਲਈ ਮੁਹਿੰਮ ਲਗਾਤਾਰ ਚੱਲਦੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਹੁਣ ਵੀ ਨਜਾਇਜ ਫਲੈਕਸਾਂ ਜਾਂ ਬੋਰਡਾਂ ਨੂੰ ਉਤਾਰਨ ਲਈ ਉਹ ਨਗਰ ਨਿਗਮ ਦੀ ਟੀਮ ਨੂੰ ਆਖ ਦਿੱਤਾ ਗਿਆ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਨਗਰ ਨਿਗਮ ਅਕਸਰ ਦਿਨ ਵੇਲੇ ਅਜਿਹੇ ਬੋਰਡ ਲਾਹ ਦਿੰਦਾ ਰਹਿੰਦਾ ਹੈ ਪਰ ਸਿਆਸੀ ਲੋਕ ਰਾਤ ਨੂੰ ਫਿਰ ਲਾ ਦਿੰਦੇ ਹਨ।