ਮੁੱਖ ਮੰਤਰੀ ਚੰਨੀ ਦੀ ਮਿਮਿਕਰੀ ਕਰਕੇ ਫਸਿਆ ਪੰਜਾਬੀ ਗੀਤਕਾਰ
ਦੀਪਕ ਗਰਗ
- ਗੀਤਕਾਰ ਮੱਟ ਸ਼ੇਰੋਂ ਵਾਲਾ ਨੇ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ
- ਲੁਧਿਆਣਾ ਦੇ ਕਾਰਕੁਨ ਵਲੋਂ ਜਤਾਏ ਐਤਰਾਜ ਤੋਂ ਬਾਅਦ ਵੀਡੀਓ ਹਟਾਕੇ ਮੰਗੀ ਮੁਆਫੀ
- ਐਨ. ਐਸ.ਯੂ.ਆਈ ਪੰਜਾਬ ਦੇ ਸੈਕਟਰੀ ਸੁਖਵਿੰਦਰ ਸਿੰਘ ਸੋਰਵ ਚੋਧਰੀ ਨੇ ਮਾਮਲੇ ਦੀ ਕੀਤੀ ਨਿਖੇਦੀ
ਕੋਟਕਪੂਰਾ, 7 ਦਸੰਬਰ 2021 - ਪੰਜਾਬ ਦੇ ਮਸ਼ਹੂਰ ਗੀਤਕਾਰ ਮੱਟ ਸ਼ੇਰੋਂ ਵਾਲਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਿਮਿਕਰੀ ਕਰਨੀ ਮਹਿੰਗੀ ਪਈ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੀ ਮਿਮਿਕਰੀ ਪੋਸਟ ਕੀਤੀ ਗਈ ਸੀ, ਜਿਸ ਤੋਂ ਬਾਅਦ ਰਵਿਦਾਸ ਸਮਾਜ ਨਾਲ ਸਬੰਧਤ ਇਕ ਵਿਅਕਤੀ ਨੇਇਸ ਤੇ ਐਤਰਾਜ ਜਤਾਉਂਦੇ ਹੋਏ ਉਸ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ ਉਸ ਨੇ ਵੀਡੀਓ ਡਿਲੀਟ ਨਾ ਕਰਨ 'ਤੇ ਬਠਿੰਡਾ ਆਕੇ ਪੁਲਿਸ ਨੂੰ ਸ਼ਿਕਾਇਤ ਕਰਣ ਦੀ ਗੱਲ ਕਹੀ।
ਇਸ ਤੋਂ ਬਾਅਦ ਗੀਤਕਾਰ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਪੇਸ਼ ਕੀਤਾ ਅਤੇ ਸਾਰਿਆਂ ਤੋਂ ਮੁਆਫੀ ਵੀ ਮੰਗੀ। ਮੁਖਮੰਤਰੀ ਦੀ ਮਿਮਿਕਰੀ ਦਾ ਇਹ ਵੀਡੀਓ ਕਾਫੀ ਮਸ਼ਹੂਰ ਵੀ ਹੋ ਗਿਆ ਅਤੇ ਵਿਵਾਦਤ ਵੀ ਹੋ ਗਿਆ। ਇਸ 'ਚ ਉਹ ਆਪਣੇ ਇਕ ਦੋਸਤ ਨਾਲ ਮੁੱਖ ਮੰਤਰੀ ਦੇ ਐਲਾਨਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਹੁਣ ਵੀਡੀਓ ਨੂੰ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਹਟਾ ਦਿੱਤਾ ਗਿਆ ਹੈ।
ਇਸ ਵੀਡੀਓ 'ਚ ਮੱਟ ਸ਼ੇਰੋਂਵਾਲਾ ਆਪਣੇ ਦੋਸਤ ਨਾਲ ਇੰਟਰਵਿਊ ਕਰ ਰਿਹਾ ਹੈ, ਜਿਸ 'ਚ ਉਹ ਮੁੱਖ ਮੰਤਰੀ ਦੀ ਨਕਲ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਮੰਜੇ ਵੀ ਬਣਾਉਂਦਾ ਹੈ, ਮੱਝਾਂ ਦਾ ਦੁੱਧ ਵੀ ਕੱਢਦਾ ਹੈ, ਟੈਂਟ ਵੀ ਲਾਉਂਦਾ ਹੈ। ਪਰ ਊਸ ਵਲੋਂ ਮਰੇ ਹੋਏ ਪਸ਼ੂ ਨੂੰ ਸੁੱਟਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋ ਗਿਆ।
ਰਵਿਦਾਸੀਆ ਸਮਾਜ ਨੇ ਉਸ ਦੀ ਟਿੱਪਣੀ ਨੂੰ ਮਾੜਾ ਮੰਨਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟਿੱਪਣੀ ਰਾਹੀਂ ਗੀਤਕਾਰ ਨੇ ਮੁੱਖ ਮੰਤਰੀ ਦੀ ਜਾਤ 'ਤੇ ਚੁਟਕੀ ਲਈ ਹੈ ਅਤੇ ਇਸ ਭਾਈਚਾਰੇ ਦੇ ਕੰਮ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ, ਜਿਸ ਕਰਕੇ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ।
ਮੱਟ ਸ਼ੇਰ ਵਾਲਾ ਦੀ ਵੀਡੀਓ ਦੇਖਣ ਤੋਂ ਬਾਅਦ ਲੁਧਿਆਣਾ ਨਿਵਾਸੀ ਗੁਰਿੰਦਰ ਸਿੰਘ ਰੰਗਰੇਟਾ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਮੱਟ ਸ਼ੇਰੋਂਵਾਲਾ ਨੇ ਨਾ ਸਿਰਫ ਮੁੱਖ ਮੰਤਰੀ ਦੀ ਜਾਤ ਬਾਰੇ ਗਲਤ ਟਿੱਪਣੀ ਕੀਤੀ ਹੈ, ਸਗੋਂ ਪੂਰੇ ਸਮਾਜ 'ਤੇ ਗਲਤ ਹਮਲਾ ਕੀਤਾ ਹੈ। ਜੇਕਰ ਉਸ ਨੇ ਜਲਦ ਹੀ ਇਸ ਲਈ ਮੁਆਫੀ ਨਾ ਮੰਗੀ ਤਾਂ ਉਹ ਭਾਈਚਾਰੇ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਪਹੁੰਚਣਗੇ ਅਤੇ ਭਾਈਚਾਰੇ ਦੇ ਖਿਲਾਫ ਬੋਲਣ ਦਾ ਸਬਕ ਸਿਖਾਉਣਗੇ।
ਗੁਰਿੰਦਰ ਸਿੰਘ ਰੰਗਰੇਟਾ ਦਾ ਕਹਿਣਾ ਹੈ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਜੇਕਰ ਕੋਈ ਵਿਅਕਤੀ ਛੋਟੀ ਜਾਤ ਤੋਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣ ਗਿਆ ਅਤੇ ਉਸ ਦੀ ਇਸ ਤਰ੍ਹਾਂ ਆਲੋਚਨਾ ਕੀਤੀ ਜਾ ਰਹੀ ਹੈ। ਜੇਕਰ ਮੱਟ ਸ਼ੇਰੋਂ ਵਾਲਾ ਨੇ ਮੁਆਫੀ ਨਾ ਮੰਗੀ ਤਾਂ ਉਹ ਉਸ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਉਣਗੇ।
ਮੱਟ ਸ਼ੇਰੋਂ ਵਾਲਾ ਨੇ ਵੀ ਇਸ 'ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀ ਵੀਡੀਓ ਪਹਿਲੀ ਵਾਰ ਨਹੀਂ ਬਣਾ ਰਿਹਾ ਹੈ। ਉਸ ਨੇ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਨੇਤਾਵਾਂ ਦੀ ਮਿਮਿਕਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਹੈ ਪਰ ਫਿਰ ਵੀ ਜੇਕਰ ਕਿਸੇ ਨੂੰ ਇਸ ਵੀਡੀਓ 'ਚ ਉਨ੍ਹਾਂ ਵੱਲੋਂ ਬੋਲੀ ਗਈ ਗੱਲ ਗੱਲਤ ਮਹਿਸੂਸ ਹੋਈ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ ਪਰ ਉਨ੍ਹਾਂ ਦਾ ਮਕਸਦ ਕਿਸੇ ਵੀ ਜਾਤ ਜਾਂ ਧਰਮ ਨੂੰ ਮਾੜਾ ਬੋਲਣਾ ਨਹੀਂ ਹੈ।
ਐਨ. ਐਸ.ਯੂ.ਆਈ ਪੰਜਾਬ ਦੇ ਸੈਕਟਰੀ ਸੁਖਵਿੰਦਰ ਸਿੰਘ ਸੋਰਵ ਚੋਧਰੀ ਨੇ ਇਸ ਮਾਮਲੇ ਦੀ ਸੱਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਡਿਲੀਟ ਕਰਣ ਨਾਲ ਇਸ ਅਖੌਤੀ ਗੀਤਕਾਰ ਦਾ ਕਸੂਰ ਖਤਮ ਨਹੀਂ ਹੋ ਜਾਂਦਾ। ਪੱਤਾ ਨਹੀਂ ਕਿੰਨੇ ਵਿਅਕਤੀ ਇਸ ਵੀਡੀਓ ਨੂੰ ਡਾਊਨਲੋਡ ਕਰ ਚੁੱਕੇ ਹੋਣਗੇ ।