ਭਵਾਨੀਗੜ੍ਹ-ਸੁਨਾਮ ਮੁੱਖ ਸੜਕ 'ਤੇ ਇਕ ਖੇਤ ਦੇ ਪਹੇ ਚੋਂ ਬੇਸੁੱਧ ਹਾਲਤ ਚ ਮਿਲੇ ਨੌਜਵਾਨ ਮੁੰਡੇ ਕੁੜੀ ਦੀ ਇਲਾਜ ਦੌਰਾਨ ਮੌਤ
ਦਲਜੀਤ ਕੌਰ ਭਵਾਨੀਗੜ੍ਹ
- ਮੁੰਡੇ ਕੁੜੀ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਈ ਮੌਤ
ਭਵਾਨੀਗੜ੍ਹ, 7 ਦਸੰਬਰ, 2021: ਭਵਾਨੀਗੜ੍ਹ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉਪਰ ਇਕ ਪੈਟਰੋਲ ਪੰਪ ਦੇ ਨੇੜੇ ਖੇਤ ਨੂੰ ਜਾਂਦੇ ਇੱਕ ਪਹੇ 'ਚ ਸ਼ੱਕੀ ਹਾਲਾਤ 'ਚ ਬੇਸੁੱਧ ਹੋ ਕੇ ਡਿੱਗੇ ਪਏ ਨੌਜਵਾਨ ਮੁੰਡੇ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਸਬੰਧੀ ਨੌਜਵਾਨ ਜੋੜੇ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਉਨ੍ਹਾਂ ਦੇ ਆਪਸੀ ਸਬੰਧਾਂ ਅਤੇ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ।
ਇਸ ਸੰਬੰਧੀ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਨਾਮ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਨੇੜਲੇ ਖੇਤਾਂ ਨੂੰ ਜਾਂਦੇ ਪਹੇ 'ਚ ਇੱਕ ਨੌਜਵਾਨ ਮੁੰਡਾ ਕੁੜੀ ਬੇਸੁੱਧ ਹੋ ਕੇ ਡਿੱਗੇ ਪਏ ਹਨ। ਮੌਕੇ 'ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਸਹਾਇਕ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਛੇਤੀ ਬੇਸੁੱਧ ਹਾਲਤ ਚ ਪਏ ਨੌਜਵਾਨ ਮੁੰਡੇ ਕੁੜੀ ਨੂੰ ਗੰਭੀਰ ਹਾਲਤ 'ਚ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਕਤ ਜੋੜੇ ਨੇ ਕਿਸੇ ਜਹਿਰੀਲੀ ਚੀਜ਼ ਦਾ ਸੇਵਨ ਕੀਤਾ ਹੋਇਆ ਹੈ ਜਿਸ ਕਰਕੇ ਇਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ।
ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਮੁੰਡੇ ਕੁੜੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਜਿੱਥੇ ਪਹੁੰਚ ਉਨ੍ਹਾਂ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪੁਲਸ ਨੂੰ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਦੀਪ ਵਾਸੀ ਗੰਢੂਆਂ ਸੁਨਾਮ ਤੇ ਲੜਕੀ ਦੀ ਪਛਾਣ ਸੋਨੀ ਵਾਸੀ ਨਾਭਾ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਮ੍ਰਿਤਕ ਮੁੰਡਾ ਕੁੜੀ ਨੇ ਜਹਿਰੀਲੀ ਚੀਜ਼ ਕਿਉਂ ਤੇ ਕਿਹੜੇ ਹਾਲਾਤਾਂ 'ਚ ਨਿਗਲੀ ਅਤੇ ਉਨ੍ਹਾਂ ਦੇ ਆਪਸ 'ਚ ਕੀ ਸਬੰਧ ਸਨ।
ਇਥੋਂ ਲੰਘ ਰਹੇ ਕੁਝ ਰਾਹਗੀਰਾਂ ਨੇ ਦੱਸਿਆ ਕਿ ਇਹ ਦੋਵੇਂ ਲੜਕਾ ਲੜਕੀ ਪਹਿਲਾਂ ਉਕਤ ਪਹੇ ਵਿੱਚ ਖਡ਼੍ਹੇ ਸਨ ਅਤੇ ਜਦੋਂ ਉਹ (ਰਾਹਗੀਰ) ਪੈਟਰੋਲ ਪੰਪ ਤੋਂ ਤੇਲ ਪੁਆ ਕੇ ਵਾਪਸ ਆਏ ਤਾਂ ਦੇਖਿਆ ਇਹ ਦੋਵੇਂ ਇੱਥੇ ਬੇਸੁੱਧ ਹੋ ਕੇ ਡਿੱਗੇ ਪਏ ਸਨ ਤੇ ਤੜਫ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।