ਸਹੁਰੇ ਪ੍ਰਕਾਸ਼ ਸਿੰਘ ਬਾਦਲ ਦੇ 94 ਵੇਂ ਜਨਮਦਿਨ ਮੌਕੇ ਹਰਸਿਮਰਤ ਨੇ ਪੰਜਾਬ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ
ਦੀਪਕ ਗਰਗ
ਕੋਟਕਪੂਰਾ, 8 ਦਸੰਬਰ 2021 - ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸਹੁਰੇ ਅਤੇ ਪੰਜਾਬ ਦੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 94ਵੇਂ ਜਨਮਦਿਨ ਮੌਕੇ ਪੂਰੇ ਪਰਿਵਾਰ ਦੀ ਇਕ ਯਾਦਗਾਰ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ ਹੈ ਕਿ
ਇਸ ਸਦੀ ਦੌਰਾਨ ਜੋ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ, ਉਹ ਉਨ੍ਹਾਂ ਦੇ ਚਿਹਰੇ ਦੀਆਂ ਲਕੀਰਾਂ 'ਤੇ ਸਾਫ਼ ਉੱਕਰਿਆ ਹੋਇਆ ਹੈ। ਉਹ ਸਾਡੇ ਮਾਰਗ ਦਰਸ਼ਕ ਅਤੇ ਪਿਤਾ ਹਨ, ਉਨ੍ਹਾਂ ਨੇ ਆਪਣਾ ਰੋਮ-ਰੋਮ ਪੰਜਾਬ ਦੇ ਲੇਖੇ ਲਗਾਇਆ ਹੈ। ਉਨ੍ਹਾਂ ਦੇ ਜਨਮ ਦਿਨ 'ਤੇ, ਵਾਹਿਗੁਰੂ ਜੀ ਅੱਗੇ ਮੇਰੀ ਅਰਦਾਸ ਹੈ ਕਿ ਉਹ ਆਪਣੀ ਬੇਮਿਸਾਲ ਸਿਆਣਪ ਨਾਲ ਸਮਾਜਿਕ ਸਦਭਾਵਨਾ ਅਤੇ ਖੁਸ਼ਹਾਲੀ ਵੱਲ੍ਹ ਪੰਜਾਬ ਦੀ ਅਗਵਾਈ ਨਿਰੰਤਰ ਕਰਦੇ ਰਹਿਣ।
ਇਸ ਤਸਵੀਰ ਵਿੱਚ ਹਰਸਿਮਰਤ ਬਾਦਲ ਦੇ ਪਤੀ ਸੁਖਬੀਰ ਸਿੰਘ ਬਾਦਲ , ਦੋਨੇ ਧੀਆਂ ਗੁਰਲੀਨ ਕੌਰ ਤੇ ਹਰਕੀਰਤ ਕੌਰ ਅਤੇ ਪੁੱਤਰ ਅਨੰਤਵੀਰ ਸਿੰਘ ਬਾਦਲ ( ਜੂਨੀਅਰ ਬਾਦਲ ) ਵੀ ਸ਼ਾਮਿਲ ਹਨ।
ਜਿਕਰਯੋਗ ਹੈ ਕਿ ਕੁਝ ਮਹੀਨੇਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਸਬੰਧਤ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ੇ ਨੂੰ ਦਲੇਰ, ਇਤਿਹਾਸਕ ਅਤੇ ਸਿਧਾਂਤਕ ਸਟੈਂਡ ਕਰਾਰ ਦਿੱਤਾ ਸੀ। ਅਖੀਰ ਕੇਂਦਰ ਸਰਕਾਰ ਨੂੰ ਝੁੱਕਣਾ ਹੀ ਪਿਆ ਅਤੇ ਅੱਜ ਕਿਸਾਨ ਅੰਦੋਲਨ ਖਤਮ ਹੋਣ ਦੀ ਰਾਹ ਤੇ ਹੈ।