ਲੱਖਾ ਸਿਧਾਣਾ ਸਮੇਤ 5 'ਤੇ ਪਰਚਾ: ਪੰਜਾਬੀ ਗਾਇਕਾ ਸੋਨੀ ਮਾਨ ਦੀ ਸ਼ਿਕਾਇਤ 'ਤੇ ਕਾਰਵਾਈ
ਦੀਪਕ ਗਰਗ
ਤਰਨਤਾਰਨ, 8 ਦਸੰਬਰ 2021 - ਮਿਊਜ਼ਿਕ ਕੰਪਨੀ ਚਲਾ ਰਹੇ ਪੰਜਾਬੀ ਗਾਇਕਾ ਸੋਨੀ ਮਾਨ ਅਤੇ ਕੰਵਲ ਬਾਠ ਦੀ ਸ਼ਿਕਾਇਤ ਤੋਂ ਬਾਅਦ ਤਰਨਤਾਰਨ ਪੁਲਸ ਨੇ ਬੁੱਧਵਾਰ ਨੂੰ ਲੱਖਾ ਸਿਧਾਣਾ ਅਤੇ ਉਸ ਦੇ ਸਮਰਥਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੋਨੀ ਮਾਨ ਨੇ ਦੋਸ਼ ਲਾਇਆ ਸੀ ਕਿ ਲੱਖਾ ਸਿਧਾਣਾ ਨੂੰ ਉਸ ਦੇ ਗੀਤ ਤੱਤਾ-ਤੱਤਾ 'ਤੇ ਇਤਰਾਜ਼ ਹੈ। ਪਿਛਲੇ ਦੋ ਦਿਨਾਂ ਤੋਂ ਲੱਖਾ ਉਸ ਨੂੰ ਯੂ-ਟਿਊਬ ਤੋਂ ਗੀਤ ਹਟਾਉਣ ਦੀ ਧਮਕੀ ਦੇ ਰਿਹਾ ਸੀ। ਜਦੋਂ ਉਹ ਗੀਤ ਹਟਾਉਣ ਲਈ ਰਾਜ਼ੀ ਨਹੀਂ ਹੋਏ ਤਾਂ ਮੁਲਜ਼ਮਾਂ ਨੇ ਮੰਗਲਵਾਰ ਰਾਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ।
ਸੋਨੀ ਮਾਨ ਅਤੇ ਕੰਵਲ ਬਾਠ ਬੁੱਧਵਾਰ ਨੂੰ ਐਸਐਸਪੀ ਦਫ਼ਤਰ ਪੁੱਜੇ। ਐਸਐਸਪੀ ਤਰਨਤਾਰਨ ਹਰਵਿੰਦਰ ਸਿੰਘ ਵਿਰਕ ਨੇ ਸੋਨੀ ਮਾਨ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸੋਨੀ ਮਾਨ ਦੀ ਸੁਰੱਖਿਆ ਲਈ ਇਲਾਕੇ ਵਿੱਚ ਪੀਸੀਆਰ ਵਧਾਉਣ ਲਈ ਕਿਹਾ ਹੈ। ਸੋਨੀ ਮਾਨ ਅਤੇ ਕੰਵਲ ਬਾਠ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਉਨ੍ਹਾਂ ਨੂੰ ਕਾਨਫਰੰਸ ਕਾਲ 'ਤੇ ਧਮਕੀ ਦਿੱਤੀ ਸੀ।
ਪੁਲੀਸ ਨੇ ਲੱਖਾ ਸਿਧਾਣਾ ਤੋਂ ਇਲਾਵਾ ਜਗਦੀਪ, ਕਰਨ, ਤੇਜ ਅਤੇ ਭੋਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ 15 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੋਨੀ ਮਾਨ ਅਤੇ ਕੰਵਲ ਬਾਠ ਤੋਂ ਫ਼ੋਨ ਨੰਬਰ, ਕਾਲ ਡਿਟੇਲ ਅਤੇ ਸੀਸੀਟੀਵੀ ਫੁਟੇਜ ਲੈ ਲਈ ਹੈ। ਪੁਲੀਸ ਨੇ ਸਵੇਰੇ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਵੀ ਕੀਤੀ ਪਰ ਮੁਲਜ਼ਮ ਘਰੋਂ ਫਰਾਰ ਹੋ ਗਏ।