ਖਹਿਰਾ ਪਰਿਵਾਰ ਨਾਲ ਈਡੀ ਵੱਲੋਂ ਵਰਤਾਰਾ ਕੀਤਾ ਜਾਣਾ ਕੋਈ ਨਵੀਂ ਗੱਲ ਨਹੀਂ - ਮਹਿਤਾਬ ਖਹਿਰਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਦਸੰਬਰ 2021 - ਵਿਧਾਨ ਸਭਾ ਹਲਕਾ ਭੁਲੱਥ ਤੋ ਸਾਬਕਾ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ,ਆਪਣੇ ਪਿਤਾ ਦੇ ਸ਼ੋਸ਼ਲ ਸਾਈਟ ਦੇ ਖਾਤੇ ਚ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਸਾਡੇ ਪਰਿਵਾਰ ਨਾਲ ਈਡੀ ਵੱਲੋਂ ਵਰਤਾਰਾ ਕੋਈ ਨਵੀ ਗੱਲ ਨਹੀ ਹੈ ।
ਉਹਨਾ ਕਿਹਾ ਕਿ ਜੋ ਕੁਝ ਬੀਜੇਪੀ ਈਡੀ ਰਾਹੀ ਸਾਡੇ ਨਾਲ ਕਰ ਰਹੀ ਹੈ ਇਹ ਸਾਡੇ ਪਰਿਵਾਰ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ। ਮੇਰੇ ਸਵਰਗੀ ਦਾਦਾ ਸੁਖਜਿੰਦਰ ਸਿੰਘ ਨੇ 1975 ਦੀ ਐਮਰਜੈਂਸੀ ਤੋਂ ਲੈ ਕੇ 1980 ਦੇ ਦਹਾਕੇ ਦੇ ਅਖੀਰ ਤੱਕ ਐੱਨ ਐਸ ਏ ਅਧੀਨ ਬਹੁਤ ਲੰਮੀਆਂ ਜੇਲਾਂ ਕੱਟੀਆਂ ਸਨ ਜ਼ਿਹਨਾਂ ਵਿੱਚ ਪੰਜਾਬ ਨੂੰ ਛੱਡ ਕੇ ਵਿਸ਼ੇਸ਼ ਤੋਰ ਤੇ ਅਗਰਤਲਾ(ਤ੍ਰਿਪੁਰਾ), ਹਜ਼ਾਰੀ ਬਾਗ (ਬਿਹਾਰ), ਕਿਊਂਝਰ(ਉੜੀਸਾ), ਤਿਹਾੜ ਦਿੱਲੀ ਆਦਿ ਸਨ। ਜਦ ਕੋਈ ਵਿਅਕਤੀ ਸੱਚ ਦੇ ਰਾਹ ਤੇ ਤੁਰਨ ਦਾ ਫੈਸਲਾ ਲੈਂਦਾ ਹੈ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਸਰਕਾਰਾਂ ਨਾਲ ਲੜਦਾ ਹੈ ਤਾਂ ਇਸ ਤਰਾਂ ਦੀ ਬਦਲਾਖੋਰੀ ਦੀ ਨੀਤੀ ਦਾ ਸ਼ਿਕਾਰ ਹੋਣਾ ਸੁਭਾਵਿਕ ਹੈ।
ਇੱਕ ਵਾਰ ਫਿਰ ਮੈਂ ਦੁਹਰਾਉਂਦਾ ਹਾਂ ਕਿ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਚੜਦੀ ਕਲਾ ਵਿੱਚ ਹਨ ਅਤੇ ਜਲਦ ਆਪਣੇ ਵਿੱਚ ਆ ਕੇ ਹੱਕ, ਸੱਚ ਅਤੇ ਇਨਸਾਫ਼ ਦੀ ਲੜਾਈ ਜਾਰੀ ਰੱਖਣਗੇ ।ਇੱਥੇ ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ ਬੀਤੀ 11 ਨਵੰਬਰ ਨੂੰ ਚੰਡੀਗੜੵ ਤੋਂ ਮਨੀ ਲਾਂਡਰਿੰਗ ਕੇਸ ਦੇ ਤਹਿਤ ਗਿਰਫਤਾਰ ਕੀਤਾ ਸੀ ਅਤੇ ਈਡੀ ਵੱਲੋਂ ਉਕਤ ਰਾਤ ਮੋਹਾਲੀ ਦੀ ਜ਼ਿਲਾ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਲਿਆ ਅਤੇ 12 ਨਵੰਬਰ ਨੂੰ ਫਿਰ ਕੋਰਟ ਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਲਿਆਂ ਗਿਆ ਇਸ ਦੋਰਾਨ 18 ਨਵੰਬਰ ਨੂੰ ਫਿਰ ਕੋਰਟ ਚ ਪੇਸ਼ ਕਰਕੇ ਈਡੀ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਪਰੰਤੂ ਮਾਨਯੋਗ ਕੋਰਟ ਨੇ ਈਡੀ ਦੀ ਮੰਗ ਠੁਕਰਾ ਕੇ ਸੁਖਪਾਲ ਸਿੰਘ ਖਹਿਰਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ।