ਕੋਟਕਪੂਰਾ ਵਾਸੀਆਂ ਨੇ ਲੀਡਰਾਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਵਿਕਾਸ ਨਹੀਂ ਤਾਂ ਵੋਟ ਨਹੀਂ
ਦੀਪਕ ਗਰਗ
- ਇਲਾਕਾ ਵਾਸੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
- ਇਲਾਕਾ ਵਾਸੀਆਂ ਨੇ ਚੋਣ ਵਿੱਚ ਵੋਟ ਨਾ ਪਾਉਣ ਦਾ ਕੀਤਾ ਫੈਸਲਾ
- ਦਹਾਕਿਆਂ ਤੋਂ ਕੋਟਕਪੂਰਾ ਸ਼ਹਿਰ ਦਾ ਇਹ ਇਲਾਕਾ ਵਿਕਾਸ ਦੀ ਦੇਖ ਰਿਹਾ ਰਾਹ
ਕੋਟਕਪੂਰਾ, 8 ਦਸੰਬਰ 2021 - ਪਿਛਲੇ 20 ਸਾਲਾਂ ਤੋਂ ਮੁਹੱਲੇ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਹੱਲ ਲਈ ਅਰਜੋਈਆਂ ਕਰਦੇ ਆ ਰਹੇ ਸਥਾਨਕ ਦੇਵੀਵਾਲਾ ਸੜਕ ਨਾਲ ਲਗਦੇ ਵਾਰਡ ਨੰਬਰ 7 ਅਤੇ 8 ਦੇ ਵਸਨੀਕਾਂ ਨੇ ਦੋਨੋਂ ਵਾਰਡਾਂ ਦੀਆਂ ਮੁੱਖ ਗਲੀਆਂ ਦੇ ਬਾਹਰ ‘ਵਿਕਾਸ ਨਹੀਂ ਤਾਂ ਵੋਟ ਨਹੀਂ’ ਅਤੇ ਵੋਟਾਂ ਦੇ ਬਾਈਕਾਟ ਵਾਲੇ ਬੈਨਰ ਲਿਖ ਕੇ ਸਖਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖ ਦਿੱਤਾ ਹੈ ਕਿ ਇਸ ਮੁਹੱਲੇ ਵਿੱਚ ਕੋਈ ਲੀਡਰ ਵੋਟ ਮੰਗਣ ਨਾ ਆਵੇ।
ਮੁਹੱਲਾ ਵਾਸੀਆਂ ਨੇ ਖੋਖਲੇ ਦਾਅਵੇ, ਝੂਠੀ ਸਰਕਾਰ ਅਤੇ ਲਾਰੇਬਾਜ ਲੀਡਰ ਆਦਿਕ ਸ਼ਬਦਾਵਲੀ ਲਿਖ ਕੇ ਖੂਬ ਭੜਾਸ ਕੱਢਣ ਦੀ ਕੌਸ਼ਿਸ਼ ਕੀਤੀ ਹੈ। ਕਈ ਬੈਨਰਾਂ ’ਤੇ ਮੁਹੱਲਾ ਨਿਵਾਸੀ ਕਰਨ ਪੁਕਾਰ ਸੜਕ, ਸੀਵਰੇਜ ਅਤੇ ਪਾਣੀ ਦਾ ਕਰੋ ਸੁਧਾਰ ਵੀ ਲਿਖਿਆ ਗਿਆ ਹੈ।
ਸਥਾਨਕ ਦੇਵੀਵਾਲਾ ਰੋਡ ਦੇ ਵਸਨੀਕਾਂ ਲਖਵਿੰਦਰ ਸਿੰਘ ਰੋਮਾਣਾ, ਨਿਰਭੈ ਸਿੰਘ ਭਲੂਰੀਆ, ਮੋਹਿਤ ਚਾਵਲਾ, ਸੁਖਵਿੰਦਰ ਸਿੰਘ ਬੱਬੂ, ਗੁਰਪ੍ਰੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸਦਿਉੜਾ ਅਤੇ ਰਜਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਉਕਤ ਸੜਕ ਦੇ ਦੋਨੋਂ ਪਾਸੇ ਵਸਦੇ ਵਸਨੀਕ ਵਾਰਡ ਨੰਬਰ 7 ਅਤੇ 8 ਦੇ ਵੋਟਰ ਹਨ। ਉਨਾ ਦੱਸਿਆ ਕਿ ਹਰ 5 ਸਾਲਾਂ ਬਾਅਦ ਉਹ ਵੋਟਾਂ ਦੇ ਬਾਈਕਾਟ ਦਾ ਐਲਾਨ ਕਰਦੇ ਹਨ ਪਰ ਮੌਕਾਪ੍ਰਸਤ ਲੀਡਰ ਹਰ ਵਾਰ ਝੂਠੇ ਲਾਰੇ ਅਤੇ ਖੋਖਲੇ ਦਾਅਵੇ ਕਰਕੇ ਵੋਟਾਂ ਬਟੋਰ ਲੈਂਦੇ ਹਨ। ਉਨਾ ਦਾਅਵਾ ਕੀਤਾ ਕਿ ਇਸ ਵਾਰ ਮੁਹੱਲਾ ਵਾਸੀਆਂ ਨੇ ਪੂਰਾ ਮਨ ਬਣਾਇਆ ਹੈ ਕਿ ਜਦੋਂ ਤੱਕ ਸਾਡੀ ਉਕਤ ਸਮੱਸਿਆ ਹੱਲ ਨਹੀਂ ਹੁੰਦੀ, ਉਦੋਂ ਤੱਕ ਅਸੀਂ ਵੋਟਾਂ ਦਾ ਬਾਈਕਾਟ ਰੱਖਾਂਗੇ ਅਤੇ ਮੌਕਾਪ੍ਰਸਤ ਲੀਡਰਾਂ ਨੂੰ ਮੁਹੱਲੇ ਵਿੱਚ ਆਉਣ ਤੋਂ ਪਹਿਲਾਂ ਜਵਾਬ ਮੰਗਾਂਗੇ।
ਉਨਾਂ ਹੈਰਾਨੀ ਪ੍ਰਗਟਾਈ ਕਿ ਦੇਸ਼ ਦੀ ਆਜਾਦੀ ਦੇ 74 ਸਾਲਾਂ ਬਾਅਦ ਵੀ ਸ਼ਹਿਰ ਵਾਸੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਪਰ ਸਿਆਸੀ ਲੀਡਰਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਇ ਆਪਣੇ ਘਰ ਭਰਨ ਦੀ ਹੋੜ ਲੱਗੀ ਹੋਈ ਹੈ।
ਦੇਵੀਵਾਲਾ ਸੜਕ ਤੇ ਰਹਿੰਦੇ ਕਈ ਹੋਰ ਨਿਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਨਗਰ ਕੌਂਸਲ ਅਤੇ ਲੋਕ ਨੁਮਾਇੰਦਿਆਂ ਨੂੰ ਸੜਕ ਬਣਾਉਣ ਦੀ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਅਪੀਲ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਪੱਕੀ ਸੜਕ ਨਾ ਹੋਣ ਕਾਰਨ ਘਰਾਂ ਵਿੱਚੋਂ ਨਿਕਲਦਾ ਜਾਂ ਬਰਸਾਤੀ ਪਾਣੀ ਸੜਕ ਉਪਰ ਹੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਮੱਛਰ ਅਤੇ ਕੀੜੇ-ਮਕੌੜੇ ਪੈਦਾ ਹੋ ਰਹੇ ਹਨ ਅਤੇ ਬਿਮਾਰੀਆਂ ਫੈਲ ਰਹੀਆਂ ਹਨ।
ਨੱਥੂ ਰਾਮ ਪ੍ਰਜਾਪਤ ਨੇ ਦੱਸਿਆ ਕਿ ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ਿਆਂ 'ਤੇ ਵਿਕਾਸ ਨਹੀਂ ਤਾਂ ਵੋਟ ਨਹੀਂ ਦੇ ਪੋਸਟਰ ਲਗਾਏ ਜਾਣਗੇ ਅਤੇ ਸੋਸ਼ਲ ਮੀਡੀਆ ਤੇ ਵੀ ਇਸਨੂੰ ਲੈਕੇ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਇੱਕ ਪਾਰਟੀ ਦੇ ਸਮਰਥਕ ਨਹੀਂ ਹਨ। ਜੋ ਵੀ ਪਾਰਟੀ ਵਿਕਾਸ ਦੇ ਕੰਮ ਕਰਵਾਏਗੀ, ਉਹ ਉਸ ਨੂੰ ਵੋਟ ਦੇਣਗੇ।