ਕਾਂਗਰਸ ਦੇ ਸਾਬਕਾ ਵਾਈਸ ਚੇਅਰਮੈਨ ਲੀਗਲ ਸੈੱਲ ਐਡਵੋਕੇਟ ਸੰਦੀਪ ਗੌਰਸੀ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ
ਦੀਪਗ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 09 ਦਸੰਬਰ 2021-ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਨਾਰਾਜ਼ ਕਾਂਗਰਸੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਜਿੱਥੇ ਪ੍ਰੀਤਪਾਲ ਬਾਲੀਵਾਲ ਜੋ ਕਾਂਗਰਸ ਦੇ ਬੁਲਾਰੇ ਸਨ, ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਕਰ ਲਿਆ ਸੀ। ਇਸ ਦੇ ਨਾਲ ਹੀ ਹੁਣ ਕੈਪਟਨ ਨੇ ਕਾਂਗਰਸੀ ਆਗੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ ਹਲਕਾ ਪੂਰਬੀ ਦੇ ਸੀਨੀਅਰ ਕਾਂਗਰਸੀ ਆਗੂ ਨੂੰ ਪੰਜਾਬ ਲੋਕ ਕਾਂਗਰਸ ਨਾਲ ਜੋੜ ਲਿਆ ਹੈ।
ਐਡਵੋਕੇਟ ਸੰਦੀਪ ਗੌਰਸੀ, ਜੋ ਕਿ ਪ੍ਰਦੇਸ਼ ਕਾਂਗਰਸ ਲੀਗਲ ਸੈੱਲ ਦੇ ਵਾਈਸ ਚੇਅਰਮੈਨ ਸਨ, ਨੇ ਕੁਝ ਦਿਨ ਪਹਿਲਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕਰੀਬ ਦੋ ਘੰਟੇ ਮੁਲਾਕਾਤ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਸੰਦੀਪ ਗੌਰਸੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕੁਝ ਗਿਲਾ ਸੀ , ਜੋ ਦੋ ਘੰਟੇ ਦੀ ਗੱਲਬਾਤ 'ਚ ਖੱਤਮ ਹੋ ਗਿਆ |
ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਦੀ ਮਾਝਾ ਬ੍ਰਿਗੇਡ ਨੇ ਹਮੇਸ਼ਾ ਹੀ ਕੈਪਟਨ ਦੇ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਪਰ ਅਜਿਹਾ ਨਹੀਂ ਸੀ, ਮਾਝਾ ਬ੍ਰਿਗੇਡ ਨੇ ਹਮੇਸ਼ਾ ਹੀ ਅਜਿਹਾ ਕਹਿ ਕੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੂੰ ਗੁੰਮਰਾਹ ਕੀਤਾ ਹੈ। ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਦੀਪ ਗੌਰਸੀ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।
ਸੰਦੀਪ ਗੌਰਸੀ ਨੇ ਕਾਂਗਰਸੀ ਹੁੰਦਿਆਂ ਹੀ ਅਨਿਲ ਜੋਸ਼ੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਜੋਸ਼ੀ ਉਦੋਂ ਤੱਕ ਸਥਾਨਕ ਸਰਕਾਰਾਂ ਮੰਤਰੀ ਸਨ। ਗੌਰਸੀ ਨੇ ਇਸ ਦੌਰਾਨ ਇਕ ਘਪਲਾ ਸਾਹਮਣੇ ਲਿਆਂਦਾ ਸੀ, ਜਿਸ ਨੂੰ ਉਨ੍ਹਾਂ ਨੇ ਅਨਿਲ ਜੋਸ਼ੀ ਨਾਲ ਜੋੜਿਆ ਸੀ। ਫਿਰ ਉਨ੍ਹਾਂ ਵਿਰੁੱਧ ਕਈ ਐਫਆਈਆਰ ਵੀ ਦਰਜ ਕੀਤੀਆਂ ਗਈਆਂ। ਪਰ ਗੌਰਸੀ ਪਿੱਛੇ ਨਹੀਂ ਹਟੇ ਅਤੇ ਕਾਫੀ ਦੇਰ ਤੱਕ ਅਨਿਲ ਜੋਸ਼ੀ ਦੇ ਸਾਹਮਣੇ ਡੱਟ ਕੇ ਖੜੇ ਰਹੇ।
ਕਰੀਬ 4 ਦਿਨ ਪਹਿਲਾਂ ਸੰਦੀਪ ਗੌਰਸੀ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਅਸਤੀਫਾ ਭੇਜਿਆ ਸੀ, ਜਿਸ 'ਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਨੇ ਸਿੱਧੂ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਅਣਗਹਿਲੀ ਕਾਰਨ ਵਰਕਰਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਹ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।