ਪੰਜਾਬ ਸਾਹਿਤ ਅਕਾਦਮੀ ਨੇ ਕੀਤੇ ਅਹਿਮ ਫੈਸਲੇ
ਚੰਡੀਗੜ੍ਹ, 9 ਦਸੰਬਰ 2021 - ਪੰਜਾਬ ਕਲਾ ਪਰਿਸ਼ਦ ਦੀ ਸਰਪ੍ਰਸਤੀ ਹੇਠ ਸਾਹਿਤਕ ਕਾਰਜਾਂ ਲਈ ਗਤੀਸ਼ੀਲ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਦੀ ਇਕ ਅਹਿਮ ਇਕੱਤਰਤਾ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਪ੍ਰਧਾਨਗੀ ਹੇਠ ਕਲਾ ਭਵਨ ਵਿਖੇ ਹੋਈ, ਜਿਸ ਵਿਚ ਕਾਰਜਕਾਰਨੀ ਤੇ ਜਨਰਲ ਕੌਂਸਲ ਦੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੇ ਆਰੰਭ ਵਿਚ ਵਿਛੜੇ ਲੇਖਕਾਂ ਕਹਾਣੀਕਾਰ ਸ਼੍ਰੀ ਮੋਹਨ ਭੰਡਾਰੀ ਤੇ ਕਹਾਣੀਕਾਰ ਗੁਰਦੇਵ ਰੁਪਣਾ ਦੀ ਯਾਦ ਵਿਚ ਮੌਨ ਵਰਤ ਰੱਖਿਆ ਗਿਆ।
ਇਸ ਮੀਟਿੰਗ ਵਿਚ ਡਾ ਸਤੀਸ਼ ਕੁਮਾਰ ਵਰਮਾ ਦੀ ਥਾਂ ਡਾ ਰਵੇਲ ਸਿੰਘ ਅਕਾਦਮੀ ਦੇ ਸਕੱਤਰ ਬਣਾਏ ਗਏ ਤੇ ਉਪ ਪ੍ਰਧਾਨ ਦੇਸ ਰਾਜ ਕਾਲੀ ਨੂੰ ਥਾਪਿਆ ਗਿਆ। ਰੰਗਕਰਮੀ ਬਲਕਾਰ ਸਿੰਘ ਸਿੱਧੂ ਕਾਰਜਕਾਰੀ ਮੈਂਬਰ ਲਏ ਗਏ। ਅਕਾਦਮੀ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਬੰਧੀ ਵਿਸ਼ੇਸ਼ ਸੈਮੀਨਾਰ, ਭਾਈ ਵੀਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਨ, ਤੇ ਅੰਮ੍ਰਿਤਸਰ ਸਾਹਿਬ ਵਿਖੇ ਲਿਟਰੇਰੀ ਫੈਸਟੀਵਲ ਕਰਨ ਦਾ ਫੈਸਲਾ ਵੀ ਸਰਬ ਸੰਮਤੀ ਨਾਲ ਕੀਤਾ ਗਿਆ।
ਚੋਣਵੀਆਂ ਕਵਿਤਾਵਾਂ ਉਪਰ ਲਘੂ ਫਿਲਮਾਂ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ। ਪੰਜਾਬ ਸਭਿਆਚਾਰਕ ਮਾਮਲਿਆਂ ਦੇ ਐਡੀਸ਼ਨਲ ਡਾਇਰੈਕਟਰ ਸ਼੍ਰੀ ਪੁਰੀ, ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ, ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਦੀਪਕ ਸ਼ਰਮਾ ਚਨਾਰਥਲ,ਮੱਖਣ ਮਾਨ, ਦੇਸ ਰਾਜ ਕਾਲੀ, ਡਾ ਕੁਲਦੀਪ ਸਿੰਘ ਦੀਪ ਵੀ ਇਸ ਮੀਟਿੰਗ ਵਿਚ ਹਾਜਰ ਸਨ। ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਅਕਾਦਮੀ ਵੱਲੋਂ ਸਾਹਿਤ ਤੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹੋਰ ਤੇਜ ਉਪਰਾਲੇ ਕੀਤੇ ਜਾਣਗੇ ਤੇ ਅਕਾਦਮੀ ਪੂਰੇ ਪੰਜਾਬ ਦੇ ਕੋਨੇ ਕੋਨੇ ਵਿਚ ਸਾਹਿਤਕ ਦਿਨ ਮਨਾਏਗੀ।