ਹੈੱਡਮਾਸਟਰਾਂ ਵੱਲੋਂ ਪੰਜਾਬ ਸਰਕਾਰ ਨੂੰ ਪੜ੍ਹਨੇ ਪਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,9ਦਸੰਬਰ2021:ਪੰਜਾਬ ਸਰਕਾਰ ਵੱਲੋਂ ਮਸਲਿਆਂ ਨੂੰ ਲਟਕਾਉਣ ਅਤੇ ਮੰਗਾਂ ਤੇ ਗੌਰ ਨਾਂ ਕਰਨ ਖਿਲਾਫ ਪੀ ਈ ਐਸ ਕਾਡਰ ਨਾਲ ਸਬੰਧਤ ਹੈਡਮਾਸਟਰਜ਼ ਐਸੋਸੀਏਸ਼ਨ ਵੱਲੋਂ 12 ਦਸੰਬਰ ਨੂੰ ਖਰੜ ’ਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਕਟਾਰੀਆ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਨੇ ਵੱਖ ਵੱਖ ਸਮੇਂ ਪੰਜਾਬ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਹਰ ਵਾਰ ਹੈੱਡਮਾਸਟਰ ਕਾਡਰ ਦੀਆਂ ਜ਼ਾਇਜ਼ ਮੰਗਾਂ ਨੂੰ ਜਲਦੀ ਮੰਨੇ ਜਾਣ ਦਾ ਭਰੋਸਾ ਵੀ ਦਿੱਤਾ ਪਰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਜੋ ਸਰਕਾਰ ਖਿਲਾਫ ਰੋਸ ਦਾ ਕਾਰਨ ਬਣਿਆ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤਪਾਲ ਸਿੰਘ, ਜਤਿੰਦਰ ਸਿੰਘ ਬੋਪਾਰਾਏ ਅਤੇ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਪੈਨਲ ਮੀਟਿੰਗ ਮਿਲਣ ਉਪਰੰਤ ਮੁੱਖ ਮੰਤਰੀ ਦੇ ਅਚਾਨਕ ਦਿੱਲੀ ਜਾਣ ਕਰਕੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਭਰਾ ਸੁਖਵਿੰਦਰ ਸਿੰਘ ਨਾਲ਼ 3 ਦਸੰਬਰ ਨੂੰ ਖਰੜ ਵਿਖੇ ਹੈੱਡਮਾਸਟਰਜ਼ ਕਾਡਰ ਦੀ ਮੀਟਿੰਗ ਕਰਵਾਈ ਸੀ ਜਿਸ ਵਿੱਚ ਵਿਚਾਰ ਚਰਚਾ ਕਰਕੇ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਜੋਕਿ ਪਹਿਲਾਂ ਵੀ ਵਿੱਤ ਮੰਤਰੀ ਤੇ ਹੋਰ ਮੰਤਰੀਆਂ ਨੇ ਕਈ ਮੀਟਿੰਗਾਂ ਵਿੱਚ ਕਈ ਵਾਰ ਦਿੱਤਾ ਸੀ ਪਰੰਤੂ ਸਰਕਾਰ ਨੇ ਅਜੇ ਤੱਕ ਕੋਈ ਵੀ ਮੰਗ ਲਿਖਤੀ ਰੂਪ ’ਚ ਨਹੀਂ ਮੰਨੀ ਹੈ ।
ਜਥੇਬੰਦੀ ਦੇ ਵਿੱਤ ਸਕੱਤਰ ਭੂਸ਼ਣ ਕੁਮਾਰ ਅਤੇ ਮੀਡੀਆ ਕੋਆਰਡੀਨੇਟਰ ਰਮੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹੈੱਡਮਾਸਟਰਜ਼ ਕਾਡਰ ਨੂੰ ਵਾਰ ਵਾਰ ਲਾਰੇ ਲਾ ਕੇ ਸੋਸ਼ਣ ਅਤੇ ਧੋਖਾ ਕਰ ਰਹੀ ਹੈ ਜੋ ਕਿ ਨਿੰਦਣਯੋਗ ਹੈ ਅਤੇ ਇਹ ਵਰਤਾਰਾ ਸਰਕਾਰ ਦੀ ਭਰੋਸੇਯੋਗਤਾ ‘ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹੈਡਮਾਸਟਰਜ਼ ਕਾਡਰ ਨੇ ਆਪਣੇ ਖੂਨ ਪਸੀਨੇ ਨਾਲ਼ ਮਿਹਨਤ ਕਰਕੇ ਸਕੂਲਾਂ ਦੀ ਗੁਣਾਤਮਕਤਾ ਤੇ ਗਿਣਾਤਮਕਤਾ ਪੱਖੋਂ ਨੁਹਾਰ ਬਦਲੀ ਹੈ ਜਿਸ ਕਰਕੇ ਪੰਜਾਬ ਦੇ ਸਕੂਲਾਂ ਨੇ ਪੀ.ਜੀ.ਆਈ.ਇੰਡੈਕਸ ਵਿੱਚੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਪਰ ਸਰਕਾਰ ਨੇ ਉਨ੍ਹਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਮੋੜਿਆ ਹੈ ।
ਉਨ੍ਹਾਂ ਕਿਹਾ ਕਿ ਹੁਣ ਹੈਡਮਾਸਟਰਜ਼ ਪੀ.ਈਐੱਸ. (ਬੀ )ਕਾਡਰ ਨੇ ਪੰਜਾਬ ਸਰਕਾਰ ਨੂੰ ਅਗਾਊਂ ਸੂਚਨਾ ਦਿੱਤੀ ਹੈ ਕਿ ਜੇਕਰ ਹੈੱਡਮਾਸਟਰਜ਼ ਕਾਡਰ ਦੀਆਂ 10 ਦਸੰਬਰ ਤੱਕ ਸਾਰੀਆਂ ਮੰੰਗਾਂ ਲਿਖਤੀ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਨਾ ਮੰਨੀਆਂ ਗਈਆਂ ਤਾਂ ਹੈੱਡਮਾਸਟਰ ਆਪਣੇ ਪਰਿਵਾਰਾਂ ਸਮੇਤ 12 ਦਸੰਬਰ ਨੂੰ ਖਰੜ ਵਿਖੇ ਵਿਸ਼ਾਲ ਰੈਲੀ ਕਰਨਗੇ ਜਿਸਨੂੰ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਅਤੇ ਪ੍ਰੈਸ ਸਕੱਤਰ ਗੁਰਦਾਸ ਸੇਖੋਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤੁਲਨਾ ਦਿੱਲੀ ਦੇ ਸਰਕਾਰੀ ਸਕੂਲਾਂ ਨਾਲ਼ ਕਰ ਰਹੀ ਹੈਪਰ ਦੂਜੇ ਪਾਸੇ ਸਕੂਲ ਮੁਖੀਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਲਈ ਆਨਾਕਾਨੀ ਕਰ ਰਹੀ ਹੈ ਜੋ ਕਿ ਸਕੂਲ ਮੁਖੀਆਂ ਨਾਲ਼ ਧੱਕੇਸ਼ਾਹੀ ਹੈ।