ਆਈ.ਕੇ.ਜੀ ਪੀ.ਟੀ.ਯੂ ਵੱਲੋਂ ਔਨਲਾਈਨ ਲਈਆਂ ਜਾਣਗੀਆਂ ਪ੍ਰੀਖਿਆਵਾਂ
- ਨਵੰਬਰ 2021 ਪ੍ਰੀਖਿਆਵਾਂ ਸਬੰਧੀ ਨੋਟਿਸ ਜਾਰੀ, ਪ੍ਰੈਕਟੀਕਲ ਲਈ ਔਨਲਾਈਨ ਤੇ ਆਫਲਾਈਨ ਦੋਵੈਂ ਰਾਹ ਖੁੱਲੇ
ਜਲੰਧਰ/ਕਪੂਰਥਲਾ, 9 ਦਸੰਬਰ 2021 - ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਨਵੰਬਰ 2021 ਸਬੰਧੀ ਪੈਂਡਿੰਗ ਚਲੀਆਂ ਆ ਰਹੀਆਂ ਪ੍ਰੀਖਿਆਵਾਂ ਔਨਲਾਈਨ ਲੈਣ ਦਾ ਫੈਂਸਲਾ ਲਿਆ ਗਿਆ ਹੈ! ਯੂਨੀਵਰਸਿਟੀ ਦੇ 250 ਤੋਂ ਵੱਧ ਕਾਲਜਾਂ ਵਿਚ ਹਜਾਰਾਂ ਹੀ ਵਿਦਿਆਰਥੀ ਦੇਸ਼ ਦੇ ਵਿਭਿੰਨ ਰਾਜਾਂ ਤੋਂ ਪੜ੍ਹਦੇ ਹਨ ਤੇ ਕੋਵਿਡ ਦੇ ਨਵੇਂ ਵੇਰੀਐਂਟ ਕਰਕੇ ਬਾਹਰਲੇ ਰਾਜਾਂ ਦੇ ਵਿਦਿਆਰਥੀ ਲਗਾਤਾਰ ਔਨਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਮੰਗ ਕਰ ਰਹੇ ਸਨ! ਯੂਨੀਵਰਸਿਟੀ ਵੱਲੋਂ ਕਾਲਜਾਂ ਦੇ ਨੁਮਾਇੰਦਿਆਂ ਸਮੇਤ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ, ਜਿਸ ਵੱਲੋਂ ਸਾਰੇ ਥਿਊਰੀ ਪੇਪਰ ਔਨਲਾਈਨ ਕਰਵਾਉਣ ਦਾ ਫੈਂਸਲਾ ਮੰਜੂਰੀ ਪਿੱਛੋਂ ਕਾਲਜਾਂ/ਸੰਸਥਾਵਾਂ/ਵਿਦਿਆਰਥੀਆਂ ਵਾਸਤੇ ਵੀਰਵਾਰ ਨੂੰ ਜਾਰੀ ਕੀਤਾ ਗਿਆ ਹੈ!
ਯੂਨੀਵਰਸਿਟੀ ਰਜਿਸਟਰਾਰ ਆਈ.ਏ.ਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਨਵੰਬਰ 2021 ਦੀਆਂ ਪ੍ਰੀਖਿਆਵਾਂ ਸਬੰਧੀ ਬੀਤੇ ਦਿਨੀ ਮਾਨਯੋਗ ਉਪ-ਕੁਲਪਤੀ ਤੇ ਪ੍ਰਮੁੱਖ ਸਕੱਤਰ ਤਕਨੀਕੀ ਸਿਖਿਆ ਸੀਨੀਅਰ ਆਈ.ਏ.ਐਸ ਅਧਿਕਾਰੀ ਰਾਜ ਕਮਲ ਚੌਧਰੀ ਜੀ ਵੱਲੋਂ ਇਕ ਕਮੇਟੀ ਬਣਾ ਕੇ ਇੱਕ ਹਫਤੇ ਅੰਦਰ ਫੈਂਸਲਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਸਨ! ਉਹਨਾਂ ਦੱਸਿਆ ਕਿ ਕੋਵਿਡ ਦੇ ਨਵੇਂ ਵੇਰੀਐਂਟ ਕਰਕੇ ਬਾਹਰਲੇ ਰਾਜਾਂ ਦੇ ਵਿਦਿਆਰਥੀ ਲਗਾਤਾਰ ਔਨਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਮੰਗ ਕਰ ਰਹੇ ਸਨ! ਇਸ ਤੋਂ ਇਲਾਵਾ ਕਾਲਜਾਂ ਵੱਲੋਂ ਵੀ ਇਹ ਮੰਗ ਰੱਖੀ ਜਾ ਰਹੀ ਸੀ!
ਰਜਿਸਟਰਾਰ ਜਸਪ੍ਰੀਤ ਸਿੰਘ, ਆਈ.ਏ.ਐਸ, ਨੇ ਦੱਸਿਆ ਕਿ ਪ੍ਰੈਕਟੀਕਲ ਇਮਤਿਹਾਨ ਆਫ-ਲਾਈਨ/ਆਨ-ਲਾਈਨ ਦੋਵੇਂ ਮੋਡ ਵਿੱਚ ਆਯੋਜਿਤ ਕੀਤੇ ਜਾਣਗੇ! ਪ੍ਰੈਕਟੀਕਲ ਵਾਸਤੇ ਸੰਸਥਾ ਯਾਨੀ ਕਾਲਜ ਮੁੱਖੀ ਆਪਣੇ ਪੱਧਰ ਤੇ ਫੈਸਲਾ ਲੈਣਗੇ। ਥਿਊਰੀ ਪ੍ਰੀਖਿਆਵਾਂ ਔਨਲਾਈਨ ਮੋਡ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ! ਇਸਦੇ ਲਈ ਔਨਲਾਈਨ ਪ੍ਰਕ੍ਰਿਆ ਓਹੀ ਰਹੇਗੀ ਜੋ ਅਪ੍ਰੈਲ/ਮਈ 2021 ਸੈਸ਼ਨ ਦੀ ਪਰੀਖਿਆ ਵਿਚ ਰਹੀ ਸੀ!
ਉਹਨਾਂ ਦੱਸਿਆ ਕਿ ਪ੍ਰੀਖਿਆਵਾਂ ਜਨਵਰੀ 2022 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣਗੀਆਂ। ਪ੍ਰੀਖਿਆ ਫਾਰਮ ਭਰਨ ਦੀ ਮਿਤੀ 11 ਦਸੰਬਰ 2021 ਤੋਂ ਸ਼ੁਰੂ ਹੈ (ਸਿਰਫ 2021 ਬੈਚ ਨੂੰ ਛੱਡ ਕੇ) ਬਾਕੀ ਵਿਦਿਆਰਥੀ ਆਪਣੇ ਲੌਗਇਨ ਆਈ.ਡੀ ਰਾਹੀਂ ਔਨਲਾਈਨ ਫਾਰਮ ਭਰ ਸਕਣਗੇ! ਕੰਟ੍ਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ ਵੱਲੋਂ ਜਾਰੀ ਨੋਟਿਸ ਮੁਤਾਬਿਕ ਸਾਰੀਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ 16 ਦਸੰਬਰ 2021 ਤੋਂ ਬਾਅਦ ਯੂਨੀਵਰਸਿਟੀ ਦੇ ਐਗਜਾਮ ਪੋਰਟਲ ਉਪਰ ਉਪਲਬਧ ਹੋਵੇਗੀ।