ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਵਪਾਰੀ ਵਰਗ ਨੇ ਕੀਤਾ ਭਰੋਸਾ : ਬਣਾਂਵਾਲੀ
ਸੰਜੀਵ ਜਿੰਦਲ
ਸਰਦੂਲਗੜ੍ਹ 9 ਦਸੰਬਰ 2021 : ਪੰਜਾਬ ਅੰਦਰ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ । ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਇਸੇ ਤਹਿਤ ਸਰਦੂਲਗਡ਼੍ਹ ਵਿਖੇ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਸੌਰਵ ਭਾਰਦਵਾਜ ਦੀ ਮਹਾਂਰੈਲੀ ਹੋਈ ।
ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਅੱਕ ਚੁੱਕੇ ਵਪਾਰੀ ਵਰਗ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚ ਭਰੋਸਾ ਪ੍ਰਗਟਾਇਆ ਹੈ। ਵਪਾਰੀ, ਸਨਅਤਕਾਰਾਂ, ਟਰਾਂਸਪੋਰਟਰਾ , ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀ ਬਾਂਹ ਫੜਣ ਲਈ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਹੈ। ਪੰਜਾਬ ਅੰਦਰ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਵਰਗਾਂ ਨੂੰ ਮਿਲਕੇ ਚੋਣ ਮਨੋਰਥ ਪੱਤਰ ਦੀ ਰੂਪ ਰੇਖਾ ਉਲੀਕ ਰਹੀ ਆਮ ਆਦਮੀ ਪਾਰਟੀ ਨੇ ਮੁੰਹਿਮ ਵਿੱਢੀ ਹੈ ਕਿ ਵਪਾਰੀ ਤੇ ਟਰਾਂਸਪੋਰਟਰ ਵਰਗ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਪਰੋਖੇ ਨਹੀਂ ਹੋਣ ਦਿੱਤਾ ਜਾਵੇਗਾ।
ਹਲਕਾ ਸਰਦੂਲਗੜ੍ਹ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਰਦੂਲਗੜ੍ਹ ਵਿਖੇ ਪਹੁੰਚੇ 'ਆਪ' ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸੌਰਵ ਭਾਰਦਵਾਜ ਨੂੰ ਵੱਡੀ ਗਿਣਤੀ ਵਿੱਚ ਸੁਣਨ ਲਈ ਪਹੁੰਚੇ ਵਪਾਰੀਆਂ ਤੇ ਉਦਯੋਗਪਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸੂਬੇ ਵਿੱਚ 'ਆਪ' ਦੀ ਸਰਕਾਰ ਬਣਨ ਤੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰਕੇ ਇਸ ਵਰਗ ਨੂੰ ਸਰਕਾਰੀ ਤੇ ਬੇਲੋੜੀਆਂ ਸ਼ਰਤਾਂ ਤੋਂ ਮੁਕਤ ਕੀਤਾ ਜਾਵੇਗਾ। ਇਸ ਵਰਗ ਨੂੰ ਰਾਹਤ ਦੇ ਕੇ ਆਮ ਆਦਮੀ ਪਾਰਟੀ ਨਮੂਨੇ ਦਾ ਪੰਜਾਬ ਬਣਾਉਣ ਵੱਲ ਕਦਮ ਚੁੱਕੇਗੀ।
ਬਣਾਂਵਾਲੀ ਨੇ ਕਿਹਾ ਕਿ ਸਮਾਂ ਗਵਾਹ ਹੈ ਕਿ ਅੱਜ ਤੱਕ ਉਕਤ ਵਰਗ ਦੀਆਂ ਮੁਸ਼ਕਿਲਾਂ, ਦਿੱਕਤਾਂ ਅਤੇ ਮੰਗਾਂ ਨੂੰ ਵੱਖ-ਵੱਖ ਰਾਜਕਰਤਾ ਪਾਰਟੀਆਂ ਨੇ ਕਦੇ ਨਹੀਂ ਸੁਣਿਆ ਬੱਸ ਲਾਰੇ ਲਾਕੇ ਮਿੱਠੀਆਂ ਗੋਲੀਆਂ ਦਿੰਦੇ ਰਹੇ । ਜਿਸ ਕਰਕੇ ਵਪਾਰੀ ਵਰਗ ਮੁਸ਼ਕਿਲਾਂ ਵਿੱਚ ਘਿਰਦਾ ਗਿਆ ਅਤੇ ਉਸ ਦਾ ਕਾਰੋਬਾਰ ਠੰਢਾ ਹੁੰਦਾ ਚਲਾ ਗਿਆ। ਇਹੀ ਕਾਰਨ ਹੈ ਕਿ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਵਿੱਚ ਸਰਕਾਰਾਂ ਪ੍ਰਤੀ ਭਰੋਸਾ ਨਹੀਂ ਰਿਹਾ ਅਤੇ ਨਿਰਾਸ਼ ਹਨ ਕਿ ਕੋਈ ਵੀ ਪਾਰਟੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।
ਬਣਾਂਵਾਲੀ ਨੇ ਸਰਦੂਲਗੜ੍ਹ ਵਿਖੇ ਪਾਰਟੀ ਦੇ ਸੀਨੀਅਰ ਸੌਰਵ ਭਾਰਦਵਾਜ ਦੇ ਪਹੁੰਚਣ, ਆਪਣੇ ਵੱਡਮੁੱਲੇ ਵਿਚਾਰ ਦੇਣ ਅਤੇ ਉਨ੍ਹਾਂ ਨੂੰ ਸੁਣਨ, ਉਨ੍ਹਾਂ ਦੀਆਂ ਨੀਤੀਆਂ ਵਿੱਚ ਵਿਸ਼ਵਾਸ਼ ਪ੍ਰਗਟਾਉਣ ਤੇ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਹੈ। ਕਿਹਾ ਹੈ ਕਿ ਆਮ ਆਦਮੀ ਪਾਰਟੀ ਸੂਬੇ ਦੇ ਹਲਕੇ-ਹਲਕੇ ਵਿੱਚ ਜਾ ਕੇ ਵਪਾਰੀ ਵਰਗ ਨੂੰ ਆਪਣੇ ਨਾਲ ਜੋੜ ਰਹੀ ਹੈ ਤਾਂ ਕਿ ਉਹ ਹੋਰ ਕਿਸੇ ਸਿਆਸੀ ਪਾਰਟੀਆਂ ਦੀਆਂ ਗੱਲਾਂ ਵਿੱਚ ਆ ਕੇ ਪਹਿਲਾਂ ਦੀ ਤਰ੍ਹਾਂ ਠੱਗੇ ਨਾ ਜਾਣ। ਉਨ੍ਹਾਂ ਕਿਹਾ ਕਿ ਵਪਾਰੀ ਅਤੇ ਉਦਯੋਗਪਤੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਆਮ ਆਦਮੀ ਪਾਰਟੀ ਨੇ ਇਸ ਵਰਗ ਨੂੰ ਆਪਣੇ ਨਾਲ ਜੋੜ ਕੇ ਅੱਗੇ ਵਧਣ ਦਾ ਜੋ ਕਦਮ ਚੁੱਕਿਆ ਹੈ। ਉਸ ਨਾਲ ਸੂਬਾ ਖੁਸ਼ਹਾਲ ਅਤੇ ਤਰੱਕੀ ਦੇ ਰਾਹ ਤੇ ਤੁਰੇਗਾ। ਬਣਾਂਵਾਲੀ ਨੇ ਸਰਦੂਲਗੜ੍ਹ ਸਮਾਗਮ ਚ ਸਭ ਦੇ ਪਹੁੰਚਣ ਅਤੇ ਸਹਿਯੋਗ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਵਪਾਰੀਆਂ ਨੇ ਜਿਸ ਤਰ੍ਹਾਂ ਰਿਕਾਰਡ ਤੋੜ ਗਿਣਤੀ ਵਿੱਚ ਇਸ ਸਮਾਗਮ ਵਿੱਚ ਸਮੂਲੀਅਤ ਕੀਤੀ ਅਤੇ ਗੰਭੀਰਤਾ ਨਾਲ ਵਿਚਾਰ ਸੁਣਾਏ। ਉਸ ਨਾਲ 'ਆਪ' ਦੀ ਕਾਰਗੁਜਾਰੀ ਹੋਰ ਵਧੀਆ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਇਨ੍ਹਾਂ ਸਹਿਯੋਗੀਆਂ ਸਦਕਾ ਪੰਜਾਬ ਦੀ ਸੱਤਾ ਤੇ ਬਿਰਾਜਮਾਨ ਹੋਵੇਗੀ।