ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ 'ਚ ਚੰਨੀ ਸਰਕਾਰ ਦੇ ਪੁਤਲੇ ਫੂਕੇ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 9 ਦਸੰਬਰ, 2021: ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੇ ਅਮਲ ਨਾ ਕਰਨ ਦੇ ਰੋਸ਼ ਵੱਜੋਂ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਲੱਖੇਵਾਲ, ਮੁਨਸੀਵਾਲ ਅਤੇ ਸਦਰਪੁਰ ਵਿਖੇ ਕੇ. ਪੀ. ਐੱਮ. ਯੂ. ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਭਰਵੇਂ ਇਕੱਠ ਕਰਕੇ ਚੰਨੀ ਸਰਕਾਰ ਦੇ ਪੁਤਲੇ ਫੂਕੇ ਗਏ।
ਅੱਜ ਇੱਥੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਕਾਲਾਝਾੜ ਅਤੇ ਬਲਾਕ ਆਗੂ ਪਾਲ ਸਿੰਘ ਲੱਖੇਵਾਲ ਤੇ ਜਰਨੈਲ ਸਿੰਘ ਸਦਰਪੁਰ ਨੇ ਦੱਸਿਆ ਕਿ 23 ਨਵੰਬਰ ਨੂੰ ਪੰਜਾਬ ਭਵਨ ਵਿਖੇ ਮੁੱਖ ਮੰਤਰੀ, ਵਿੱਤ ਮੰਤਰੀ, ਖੇਤੀਬਾੜੀ ਮੰਤਰੀ ਸਮੇਤ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੋਈ ਸੀ, ਜਿਸ ਵਿੱਚ ਬੇਘਰਿਆਂ ਦੇ ਨਾਲ- ਨਾਲ ਲੋੜਵੰਦਾਂ ਨੂੰ ਵੀ ਪਲਾਟ ਦੇਣ,ਪਲਾਟ ਦੇਣ ਵਿੱਚ ਕੁਤਾਹੀ ਕਰਨ ਵਾਲੀਆਂ ਪੰਚਾਇਤਾਂ ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਨ,ਕੱਟੇ ਪਲਾਟਾਂ ਦੇ ਫੌਰੀ ਕਬਜ਼ੇ ਦੇਣ, ਬਿਜਲੀ ਦੇ ਪੁੱਟੇ ਮੀਟਰ ਬਿਨਾਂ ਸ਼ਰਤ ਤੁਰੰਤ ਜੋੜਨ, ਨੋਟੀਫਿਕੇਸ਼ਨ ਮੁਤਾਬਕ ਬਕਾਏ ਬਿਜਲੀ ਬਿੱਲ ਮੁਆਫ਼ ਕਰਨ, ਕੋਅਪਰੇਟਿਵ ਸੁਸਾਇਟੀਆਂ 'ਚ ਮਜ਼ਦੂਰਾਂ ਦਾ 25 ਫੀਸਦੀ ਰਾਖਵਾਂਕਰਨ ਕਰਕੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਦੇਣ ਦੇਣ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੁਕਮ ਜਾਰੀ ਕੀਤੇ ਸਨ ਅਤੇ ਕਿ ਮਾਈਕਰੋਫਾਈਨਾਸ ਕੰਪਨੀਆਂ ਵੱਲੋਂ ਕਰਜ਼ੇ ਬਦਲੇ ਘਰੇਲੂ ਸਮਾਨ ਕੁਰਕ ਕਰਨ ਉਤੇ ਸਖ਼ਤੀ ਨਾਲ ਰੋਕ ਲਾਉਣ, ਨੀਲੇ ਕਾਰਡ ਧਾਰਕਾਂ ਨੂੰ ਰਿਆਇਤੀ ਦਰਾਂ 'ਤੇ ਡਿੱਪੂਆਂ ਰਾਹੀਂ ਕਣਕ ਤੋਂ ਇਲਾਵਾ ਦਾਲ, ਖੰਡ, ਪੱਤੀ ਤੇ ਹੋਰ ਰਸੋਈ ਵਰਤੋਂ ਦੀਆਂ ਵਸਤਾਂ ਮੁਹੱਈਆ ਕਰਾਉਣ, ਕੱਟੇ ਨੀਲੇ ਕਾਰਡ ਤੇ ਰਹਿੰਦੇ ਲੋੜਵੰਦ ਲੋਕਾਂ ਦੇ ਕਾਰਡ ਬਣਾਉਣ,ਦਲਿਤਾਂ 'ਤੇ ਜ਼ਬਰ ਨਾਲ਼ ਸਬੰਧਤ ਮੁੱਦਿਆਂ ਦੇ ਨਿਪਟਾਰੇ ਲਈ ਪੁਲਿਸ ਅਧਿਕਾਰੀ ਈਸ਼ਵਰ ਸਿੰਘ ਦੀ ਅਗਵਾਈ ਹੇਠ ਸਿੱਟ ਦਾ ਗਠਨ ਕਰਕੇ 15 ਦਿਨਾਂ 'ਚ ਇਹਨਾਂ ਕੇਸਾਂ ਦਾ ਨਿਪਟਾਰਾ ਕਰਨ, ਸੰਘਰਸ਼ਾਂ ਦੌਰਾਨ ਮਜ਼ਦੂਰ ਤੇ ਕਿਸਾਨ ਆਗੂਆਂ ਤੇ ਵਰਕਰਾਂ ਵਿਰੁੱਧ ਦਰਜ ਕੇਸ ਰੱਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ।
ਮਜ਼ਦੂਰ ਜਥੇਬੰਦੀਆਂ ਵੱਲੋਂ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ'ਤੇ ਦੇਣ ਨੂੰ ਯਕੀਨੀ ਬਣਾਉਣ ਵਾਸਤੇ ਹੁੰਦੀਆਂ ਡੰਮੀ ਬੋਲੀਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ 'ਤੇ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਦਸ ਦਿਨਾਂ ਚ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ।
ਉਨ੍ਹਾਂ ਕਰੋਨਾ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਪਰ ਮੁੱਖ ਮੰਤਰੀ ਦਾ ਇੱਕ ਵੀ ਐਲਾਨ ਵਫ਼ਾ ਨਹੀਂ ਹੋਇਆ ਅਤੇ 12 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਲਈ ਸੁਨਾਮ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ 'ਚ ਪੇਂਡੂ ਤੇ ਖੇਤ ਮਜ਼ਦੂਰ ਹੋਣਗੇ ਸ਼ਾਮਲ। ਮੰਗਾਂ ਦੇ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।