ਭਾਜਪਾ ਦੀ ਕੈਪਟਨ ਦੀ ਪਾਰਟੀ ਤੇ ਢੀਂਡਸਾ ਧੜੇ ਨਾਲ 65 ਸੀਟਾਂ ’ਤੇ ਹੋਈ ਰਜ਼ਾਮੰਦੀ, ਬੈਂਸ ਭਰਾਵਾਂ ਨਾਲ ਗਠਜੋੜ ਦੀ ਸੰਭਾਵਨਾ
ਚੰਡੀਗੜ੍ਹ, 13 ਜਨਵਰੀ, 2022: ਭਾਜਪਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਧੜੇ ਦੇ ਅਕਾਲੀ ਦਲ ਸੰਯੁਕਤ ਨਾਲ 65 ਸੀਟਾਂ ਨੁੰ ਲੈ ਕੇ ਸਹਿਮਤੀ ਹੋ ਗਈ ਹੈ। ਇਹਨਾਂ 65 ਸੀਟਾਂ ਵਿਚੋਂ 41 ਸੀਟਾਂ ’ਤੇ ਭਾਜਪਾ ਲੜੇਗੀ, 17 ਸੀਟਾਂ ’ਤੇ ਕੈਪਟਨ ਦੀ ਪਾਰਟੀ ਅਤੇ ਬਾਕੀ 7 ਸੀਟਾਂ ’ਤੇ ਢੀਂਡਸਾ ਧੜਾ ਚੋਣਾਂ ਲੜੇਗਾ। 117 ਵਿਚੋਂ 65 ਨੂੰ ਛੱਡ ਕੇ ਬਾਕੀ ਰਹਿੰਦੀਆਂ ਸੀਟਾਂ ਬਾਰੇ ਹਾਲੇ ਚਰਚਾਵਾਂ ਦਾ ਦੌਰ ਜਾਰੀ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਿਹੜੀਆਂ ਸੀਟਾਂ ’ਤੇ ਭਾਜਪਾ ਪਹਿਲਾਂ ਚੋਦਾਂ ਲੜਦੀ ਸੀ, ਉਹਨਾਂ ਵਿਚੋਂ 20 ਹਾਲੇ ਵੀ ਭਾਜਪਾ ਕੋਲ ਹਨ। ਜਿਹੜੇ ਸਾਬਕਾ ਵਿਧਾਇਕ ਪਾਰਟੀ ਵਿਚ ਸ਼ਾਮਲ ਹੋਏ ਹਨ, ਉਹਨਾਂ ਨੁੰ ਵੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।
65 ਸੀਟਾਂ ਦਾ ਨਿਬੇੜਾ ਜਿਸ ਮੀਟਿੰਗ ਵਿਚ ਹੋਇਆ, ਉਸ ਵਿਚ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ, ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਭਾਗ ਲਿਆ। ਇਹ ਵੀ ਪਤਾ ਲੱਗਾ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ 8 ਸੀਟਾਂ ਵਿਚੋਂ 5 ਕੈਪਟਨ ਅਮਰਿੰਦਰ ਸਿੰਘ ਨੇ ਲੈ ਲਈਆਂ ਹਨ।
ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਨੇ ਲੁਧਿਆਣਾ ਦੇ ਬੈਂਸ ਭਰਾਵਾਂ ਲਈ 5 ਸੀਟਾਂ ਛੱਡਣ ਦਾ ਮਨ ਬਣਾਇਆ ਹੈ। ਭਾਜਪਾ ਵੱਲੋਂ ਆਉਂਦੇ ਦੋ ਦਿਨਾਂ ਵਿਚ ਬੈਂਸ ਭਰਾਵਾਂ ਨਾਲ ਗਠਜੋੜ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਭਾਜਪਾ ਵੱਲੋਂ ਪਹਿਲੀ ਸੂਚੀ 20 ਜਨਵਰੀ ਦੇ ਕਰੀਬ ਆਉਣ ਦੇ ਆਸਾਰਹਨ।