ਕਿਸਾਨ ਮੋਰਚੇ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਬੀਜੇਪੀ ਦੀ ਟਿਕਟ ਲਈ ਮਾਰਾਮਾਰੀ
- ਨਗਰ ਕੌਂਸਲ ਚੋਣਾਂ ਮੌਕੇ ਚੋਣ ਲੜਨ ਤੋਂ ਪਾਸਾ ਵੱਟਣ ਵਾਲੇ ਵੀ ਬਣ ਰਹੇ ਵਿਧਾਨਸਭਾ ਟਿਕਟ ਦੇ ਦਾਅਵੇਦਾਰ
ਦੀਪਕ ਗਰਗ
ਕੋਟਕਪੂਰਾ 13 ਜਨਵਰੀ 2022 - ਕਿਸਾਨ ਅੰਦੋਲਨ ਦੌਰਾਨ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਆਪਣੇ ਸਿਖਰ 'ਤੇ ਸੀ, ਉਸ ਸਮੇਂ ਹਰ ਕੋਈ ਪਾਰਟੀ ਨਾਲ ਤੁਰਨ ਤੋਂ ਗੁਰੇਜ਼ ਕਰ ਰਿਹਾ ਸੀ, ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੇ ਰੋਸ ਦਾ ਸ਼ਿਕਾਰ ਨਾ ਹੋਣਾ ਪਵੇ। ਪਰ ਹੁਣ ਹਾਲਾਤ ਬਦਲਦੇ ਨਜਰ ਆ ਰਹੇ ਹਨ। ਜਦੋਂ ਤੋਂ ਕਿਸਾਨ ਅੰਦੋਲਨ ਖ਼ਤਮ ਹੋਇਆ ਹੈ ਉਦੋਂ ਤੋਂ ਪੰਜਾਬ ਵਿੱਚ ਭਾਜਪਾ ਦੀ ਹਾਲਤ ਵੀ ਸੁਧਰ ਰਹੀ ਹੈ। ਜਦੋਂ ਵਿਧਾਨਸਭਾ ਚੋਣਾਂ ਨੂੰ ਲੈਕੇ ਭਾਜਪਾ ਜੌਰ ਸ਼ੋਰ ਨਾਲ ਪੰਜਾਬ ਵਿੱਚ ਦਾਖਲ ਹੋਈ ਤਾਂ ਨਾਲ ਚੱਲਣ ਤੋਂ ਪਰਹੇਜ਼ ਕਰਨ ਵਾਲੇ ਵੀ ਆਪਣੇ ਆਪ ਨੂੰ ਬੀਜੇਪੀ ਵਫਾਦਾਰ ਸਿਪਾਹੀ ਕਹਿਣ ਲੱਗ ਪਏ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ਲੜਨ ਲਈ 4028 ਲੋਕਾਂ ਨੇ ਪਾਰਟੀ ਨੂੰ ਅਪਲਾਈ ਕੀਤਾ ਹੈ।
ਉਂਝ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਫਰਵਰੀ 2021 ਨਗਰ ਕੌਂਸਲ ਚੋਣਾਂ ਮੌਕੇ ਬੀਜੇਪੀ ਦੇ ਅਹੁਦਿਆਂ ਦੀਆਂ ਪਲੇਟਾਂ ਲਗਾਕੇ ਘੁੱਮਣ ਵਾਲੇ ਵੀ ਚੋਣ ਮੈਦਾਨ ਵਿੱਚ ਆਉਣ ਤੋਂ ਟਲ ਗਏ ਸਨ। ਕਈਆਂ ਨੇ ਆਪਣੀ ਥਾਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਲੋੜਵੰਦ ਲੋਕਾਂ ਨੂੰ ਚੋਣ ਫੰਡ ਦਾ ਲਾਲਚ ਦੇਕੇ ਚੋਣ ਮੈਦਾਨ ਵਿਚ ਲਿਆਂਦਾ ਸੀ। ਹੁਣ ਇਹੋ ਜਿਹੇ ਲੋਕ ਬੀਜੇਪੀ ਦੀ ਵਿਧਾਨਸਭਾ ਸਭਾ ਟਿਕਟ ਤੇ ਦਾਅਵੇਦਾਰੀ ਕਰਦੇ ਨਜਰ ਆ ਰਹੇ ਹਨ।
ਬੀਜੇਪੀ ਸੂਤਰਾਂ ਅਤੇ ਮੀਡਿਆ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪਾਰਟੀ ਦੇ ਉੱਚ ਕੋਟੀ ਦੇ ਆਗੂ ਵੀ ਟਿਕਟਾਂ ਲਈ ਅਰਜ਼ੀਆਂ ਦੀ ਗਿਣਤੀ ਦੇਖ ਕੇ ਹੈਰਾਨ ਹਨ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਵਿਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਇੰਨੇ ਲੋਕ ਟਿਕਟਾਂ ਲਈ ਅਪਲਾਈ ਕਰਨਗੇ। ਜ਼ਿਆਦਾਤਰ ਦਰਖਾਸਤਾਂ ਵਰਕਿੰਗ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਰਾਹੀਂ ਪੰਜਾਬ ਸੰਗਠਨ ਕੋਲ ਪੁੱਜੀਆਂ ਹਨ। ਜਦਕਿ ਕਈ ਅਜਿਹੇ ਹਨ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਅਪਲਾਈ ਕੀਤਾ ਹੈ। ਸਭ ਤੋਂ ਵੱਧ ਦਰਖਾਸਤਾਂ ਦੋਆਬਾ, ਮਾਝਾ, ਪੁਆਦ ਅਤੇ ਪੰਜਾਬ ਦੀ ਹਿੰਦੂ ਬਹੁਲ ਪੱਟੀ ਦੇ ਸ਼ਹਿਰੀ ਖੇਤਰਾਂ ਤੋਂ ਆਈਆਂ ਹਨ। ਜਦਕਿ ਸਭ ਤੋਂ ਘੱਟ ਅਰਜ਼ੀਆਂ ਬਠਿੰਡਾ ਤੋਂ ਪ੍ਰਾਪਤ ਹੋਈਆਂ ਹਨ।
ਪਾਰਟੀ ਸੂਤਰਾਂ ਮੁਤਾਬਿਕ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਕਿਉਂਕਿ ਇਨ੍ਹਾਂ ਸ਼ਹਿਰੀ ਖੇਤਰਾਂ ਵਿੱਚ ਹਿੰਦੂ ਜ਼ਿਆਦਾ ਹਨ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਕਿਤੇ ਨਾ ਕਿਤੇ ਭਾਜਪਾ ਦਾ ਆਧਾਰ ਹੈ। ਇਸੇ ਲਈ ਇਨ੍ਹਾਂ ਸ਼ਹਿਰਾਂ ਤੋਂ ਟਿਕਟਾਂ ਦੇ ਚਾਹਵਾਨ ਜ਼ਿਆਦਾ ਨਿਕਲੇ ਹਨ। ਹੁਣ ਤੱਕ ਇਹ ਉਹ ਹਨ ਜਿਨ੍ਹਾਂ ਨੇ ਟਿਕਟਾਂ ਲਈ ਖੁਦ ਅਪਲਾਈ ਕੀਤਾ ਹੈ। ਉਹ ਵੱਖਰੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਹੀ ਦੂਜੀਆਂ ਪਾਰਟੀਆਂ ਨਾਲੋਂ ਤੋੜ ਕੇ ਚੋਣ ਦੰਗਲ ਵਿੱਚ ਲਿਆਂਦਾ ਹੈ।
ਭਾਜਪਾ ਆਗੂਆਂ ਨੇ ਮੀਡਿਆ ਨੂੰ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਅਰਜ਼ੀਆਂ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਬਾਕੀ ਨਾਵਾਂ ਦੀ ਸੂਚੀ ਹਾਈਕਮਾਂਡ ਨੂੰ ਭੇਜ ਦਿੱਤੀ ਜਾਵੇਗੀ। ਸੂਬਾ ਪੱਧਰ 'ਤੇ ਪੰਜਾਬ ਚੋਣ ਇੰਚਾਰਜ, ਭਾਜਪਾ ਦੇ ਸੂਬਾ ਪ੍ਰਧਾਨ, ਖੇਤਰੀ ਸੰਗਠਨ ਮੰਤਰੀ, ਸੂਬਾ ਸੰਗਠਨ ਮੰਤਰੀ ਅਤੇ ਪ੍ਰਾਂਤ ਸੰਘ ਪ੍ਰਚਾਰਕ ਸਮੇਤ ਕੁਝ ਸੀਨੀਅਰ ਆਗੂਆਂ ਦਾ ਪੈਨਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸੂਚੀ ਤਿਆਰ ਕਰੇਗਾ। ਇਸ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਗਠਜੋੜ ਦੇ ਪ੍ਰਧਾਨ ਅਤੇ ਆਗੂ, ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਪੰਜਾਬ ਇੰਚਾਰਜ, ਭਾਜਪਾ ਦੇ ਚੋਣ ਇੰਚਾਰਜ ਟਿਕਟਾਂ ਬਾਰੇ ਫੈਸਲਾ ਕਰਨਗੇ।
ਦੱਸਣਾ ਹੋਵੇਗਾ ਕਿ ਭਾਜਪਾ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਕਾਫੀ ਆਮਦ ਹੋ ਰਹੀ ਹੈ। ਉਨ੍ਹਾਂ ਵਿਚੋਂ ਬਹੁਤੇ ਆਪਣੀ ਪਾਰਟੀ ਨੂੰ ਇਸ ਲਈ ਨਹੀਂ ਛੱਡ ਰਹੇ ਕਿਉਂਕਿ ਉਥੇ ਕੋਈ ਰਚਨਾਤਮਕਤਾ ਨਹੀਂ ਸੀ ਜਾਂ ਇਹ ਡੁੱਬਦਾ ਜਹਾਜ਼ ਸੀ ਜਾਂ ਉਨ੍ਹਾਂ ਦੀ ਉਥੇ ਕੋਈ ਪੁੱਛ-ਪੜਤਾਲ ਨਹੀਂ ਸੀ। ਸਗੋਂ ਇਸ ਲਈ ਆ ਰਹੇ ਹਨ ਕਿਉਂਕਿ ਭਾਜਪਾ ਪੰਜਾਬ ਵਿੱਚ ਦਾਖ਼ਲ ਹੋ ਗਈ ਹੈ ਅਤੇ ਧਮਾਕੇਦਾਰ ਐਂਟਰੀ ਨਾਲ ਹੀ ਭਾਜਪਾ ਪੰਜਾਬ ਵਿੱਚ ਆਪਣੇ ਦਮ ’ਤੇ ਚੋਣ ਲੜਨ ’ਤੇ ਉਤਰ ਆਈ ਹੈ। ਅਜਿਹੇ 'ਚ ਉਨ੍ਹਾਂ ਨੂੰ ਪਾਰਟੀ ਟਿਕਟ ਮਿਲਣ 'ਚ ਕੋਈ ਦਿੱਕਤ ਨਹੀਂ ਹੋਵੇਗੀ। ਪਰ ਜਿਸ ਤਰ੍ਹਾਂ ਟਿਕਟਾਂ ਲਈ ਦਰਖਾਸਤਾਂ ਆਈਆਂ ਹਨ। ਇਸ ਤੋਂ ਅਜਿਹੇ ਆਗੂਆਂ ਦੇ ਮਨਸੂਬਿਆਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਇਹ ਫੈਸਲਾ ਵੀ ਅਜੇ ਲਿਆ ਜਾਣਾ ਹੈ ਕਿ ਪੰਜਾਬ ਲੋਕ ਕਾਂਗਰਸ ਨੂੰ ਕਿਹੜੀ ਕਿਹੜੀ ਸੀਟ ਦਿੱਤੀ ਜਾਣੀ ਹੈ।
ਇਹ ਵੀ ਜਿਕਰਯੋਗ ਹੈ ਕਿ ਪੰਜਾਬ ਵਿੱਚ 94 ਸੀਟਾਂ ਸੀਟਾਂ ਅਜਿਹੀਆਂ ਹਨ ਜੋ ਅਕਾਲੀ-ਬੀਜੇਪੀ ਗਠਜੋੜ ਦੇ ਸਮੇਂ ਅਕਾਲੀ ਦਲ ਦੇ ਖਾਤੇ ਵਿੱਚ ਸਨ। ਇਨ੍ਹਾਂ ਵਿਚੋਂ ਜਿਆਦਾਤਰ ਸੀਟਾਂ ਤੇ ਬੀਜੇਪੀ ਮਜਬੂਤ ਨਹੀਂ ਦਿਖ ਰਹੀ ਹੈ।