ਸੁਖਬੀਰ ਬਾਦਲ ਹਮੇਸ਼ਾ ਟੌਹੜਾ ਪਰਿਵਾਰ ਨੂੰ ਖ਼ਤਮ ਕਰਨ ਦੀ ਕਰਦੇ ਰਹੇ ਕੋਸ਼ਿਸ਼: ਮਹਿਰੀਨ ਟੌਹੜਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 14 ਜਨਵਰੀ',2022 :
ਅੱਜ ਟੌਹੜਾ ਪਰਿਵਾਰ ਦੇ ਮੈਂਬਰ ਜਿਨ੍ਹਾਂ ਵਿੱਚ ਕੰਵਰਪ੍ਰੀਤ ਸਿੰਘ ਪੋਤਰੇ ਗੁਰਚਰਨ ਸਿੰਘ ਟੌਹੜਾ ਅਤੇ ਮਹਿਰੀਨ ਟੌਹੜਾ ਪੋਤ ਨੂੰਹ ਗੁਰਚਰਨ ਸਿੰਘ ਟੌਹੜਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਮਹਿਰੀਨ ਟੌਹੜਾ ਨੇ ਦੱਸਿਆ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਸੁਖਬੀਰ ਬਾਦਲ ਦੀ ਸੌੜੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ,ਵਿਸ਼ੇਸ਼ ਕਰ ਸੁਖਬੀਰ ਸਿੰਘ ਬਾਦਲ ਟੌਹੜਾ ਪਰਿਵਾਰ ਨੂੰ ਖ਼ਤਮ ਕਰਨ ਵਿੱਚ ਲੱਗਾ ਹੋਇਆ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਗੁਰਚਰਨ ਸਿੰਘ ਟੌਹੜਾ ਨੇ ਆਪਣੀ ਸਾਰੀ ਉਮਰ ਲੋਕਾਂ ਦੀ ਸੇਵਾ ਵਿਚ ਕੱਢੀ, ਜਿਸ ਦੇ ਨਾਲ ਨਾ ਕੇਵਲ ਪੰਜਾਬ ਬਲਕਿ ਪੂਰੇ ਭਾਰਤ ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਲੋਕ ਪਿਆਰ ਕਰਦੇ ਹਨ। ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਦੀ ਸੌੜੀ ਰਾਜਨੀਤੀ ਨੇ ਟੌਹੜਾ ਪਰਿਵਾਰ ਨੂੰ ਅੱਗੇ ਨਹੀਂ ਆਉਣ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਅਤੇ ਗੁਰਚਰਨ ਸਿੰਘ ਟੌਹੜਾ ਦੇ ਪੋਤਰੇ ਕੰਵਰਪ੍ਰੀਤ ਸਿੰਘ ਕਈ ਚਿਰਾਂ ਤੋਂ ਇਸ ਉਡੀਕ ਵਿੱਚ ਸਨ ਕਿ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਟੁੱਟਣ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਿਲ ਹੋਣਗੇ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ 1984 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਸਿੱਖ ਕਤਲੇਆਮ ਦੇ ਮੁਜ਼ਰਮਾਂ ਨੂੰ ਸਜ਼ਾ ਨਹੀਂ ਦਿਵਾਈ ਜਦਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਇਹ ਕੰਮ ਕੀਤਾ ਗਿਆ ਹੈ। ਹਾਲ ਵਿੱਚ ਹੀ ਪ੍ਰਧਾਨ ਮੰਤਰੀ ਵੱਲੋਂ ਹਰ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਵੀਰ ਬਾਲ ਦਿਵਸ ਮਨਾਉਣ ਦੇ ਐਲਾਨ ਦੀ ਵੀ ਉਨ੍ਹਾਂ ਨੇ ਭਰਪੂਰ ਸ਼ਲਾਘਾ ਕੀਤੀ। ਤਿੰਨੇ ਖੇਤੀ ਕਾਨੂੰਨ ਮੁਆਫੀ ਮੰਗ ਕੇ ਵਾਪਸ ਲੈਣ ਨੂੰ ਉਨ੍ਹਾਂ ਨੇ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਪਿਛਲੇ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਨਵੇਂ ਕਾਨੂੰਨ ਬਣਾਉਣ 'ਤੇ ਕਦੇ ਵੀ ਉਸ ਨੂੰ ਵਾਪਸ ਨਹੀਂ ਲਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਇਹ ਕਾਨੂੰਨ ਵਾਪਸ ਲਏ ਹਨ ਜੋ ਆਪਣੇ ਆਪ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਉਨ੍ਹਾਂ ਦੱਸਿਆ ਕਿ ਅੱਜ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਡੇਰਾ ਬਾਬਾ ਨਾਨਕ ਬਾਬਾ ਬਕਾਲਾ ਸਾਹਿਬ ਫਤਹਿਗੜ੍ਹ ਸਾਹਿਬ ਵੀ ਨਤਮਸਤਕ ਹੋਣਗੇ ਨਾਲ ਹੀ ਉਹ ਬੀਜੇਪੀ ਹਾਈ ਕਮਾਂਡ ਨਾਲ ਵੀ ਅੱਜ ਮੁਲਾਕਾਤ ਕਰਨਗੇ ।
ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਲਾਲਚ ਜਾਂ ਟਿਕਟ ਕਰਕੇ ਪਾਰਟੀ ਵਿਚ ਨਹੀਂ ਆਏ ਹਨ ਪਰ ਜੇਕਰ ਪਾਰਟੀ ਉਨ੍ਹਾਂ ਨੂੰ ਕਿਸੇ ਵਿਧਾਨ ਸਭਾ ਖੇਤਰ ਤੋਂ ਟਿਕਟ ਦੇਣ ਦੀ ਚਾਹਵਾਨ ਹੈ ਤਾਂ ਉਹ ਪਾਰਟੀ ਜਿੱਥੇ ਉਨ੍ਹਾਂ ਨੁੰ ਚੋਣ ਲੜਨ ਨੂੰ ਕਹੇਗੀ ਉਥੇ ਚੋਣ ਜ਼ਰੂਰ ਲੜਨਗੇ ।