26 ਜਨਵਰੀ ਦੇ ਪੱਕੇ ਧਰਨੇ ਲਈ ਨੌਜਵਾਨ ਵਿੰਗ ਨੇ ਕੀਤੀ ਕਿਸਾਨ ਆਗੂਆਂ ਨਾਲ ਮੀਟਿੰਗ
ਦੀਪਕ ਜੈਨ
ਜਗਰਾਉਂ 14 ਜਨਵਰੀ 2022 - ਇਥੋਂ ਨੇੜਲੇ ਪਿੰਡ ਬੁਰਜ਼ ਕੁਲਾਰਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨ ਵਿੰਗ ਵਲੋਂ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਵਲੋਂ ਪਿੰਡ ਦੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਜਗਰਾਉਂ ਪੁਲਿਸ ਦੇ ਦੋਸ਼ੀ ਡੀਐਸਪੀ ਗੁਰਿੰਦਰ ਬੱਲ ਪ੍ਰਤੀ ਰਵਈਏ ਨੂੰ ਨੰਗਾ ਕੀਤਾ ਅਤੇ ਭੈਣ ਕੁਲਵੰਤ ਕੌਰ ਰਸੂਲਪੁਰ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਅਤੇ ਦੋਸ਼ੀਆਂ ਨੂੰ ਜੇਲ਼ ਬੰਦ ਕਰਵਾਉਣ ਲਈ ਉਲੀਕੇ ਪੱਕੇ ਧਰਨੇ ਲਈ ਲਾਮਬੰਦ ਕੀਤਾ।
ਮੌਕੇ 'ਤੇ ਹਾਜ਼ਰ ਕਿਸਾਨਾਂ ਨੂੰ ਦੱਸਿਆ ਕਿ 2005 ਵਿੱਚ ਮੌਕੇ ਦੇ ਥਾਣਾਮੁਖੀ ਗੁਰਿੰਦਰ ਬੱਲ ਨੇ ਪਿੰਡ ਰਸੂਲਪੁਰ ਦੀ ਵਸਨੀਕ ਦਲਿਤ ਪਰਿਵਾਰ ਦੀ ਬੇਟੀ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਨਾਂ ਸਿਰਫ ਕੁੱਟਿਆ ਮਾਰਿਆ ਸਗੋਂ ਕੁਲਵੰਤ ਕੌਰ ਨੂੰ ਤਾਂ ਕਰੰਟ ਤੱਕ ਲਗਾਇਆ ਅਤੇ ਉਸ ਤੋਂ ਬਾਅਦ ਕੁਲਵੰਤ ਕੌਰ (ਮ੍ਰਿਤਕ)ਸਰੀਰਕ ਤੌਰ 'ਤੇ ਨਕਾਰਾ ਹੋ ਗਈ ਸੀ ਅਤੇ ਅੰਤ 15 ਸਾਲ ਮੰਜੇ ਤੇ ਪਈ ਰਹਿਣ ਤੋਂ ਬਾਦ ਦੁਨੀਆਂ ਤੋਂ ਚਲੀ ਗਈ।
ਪੁਲਿਸ ਨੇ ਕੁਲਵੰਤ ਕੌਰ ਦੀ ਮੌਤ ਤੋਂ ਬਾਅਦ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਜ ਕੀਤਾ ਪਰ ਗ੍ਰਿਫਤਾਰੀ ਨਹੀਂ ਕੀਤੀ। ਇਸ ਕਾਰਨ ਇਨਸਾਫ਼ ਪਸੰਦ ਲੋਕ ਸੜਕਾਂ 'ਤੇ ਹਨ ਅਤੇ ਉਨ੍ਹਾਂ ਵਲੋਂ ਡੀ.ਅਸ.ਪੀ. ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਐਸ.ਆਈ. ਰਾਜਵੀਰ ਤੇ ਫਰਜ਼ੀ ਬਣੇ ਗਵਾਹ ਹਰਜੀਤ ਸਰਪੰਚ ਨੂੰ ਗ੍ਰਿਫ਼ਤਾਰ ਕਰਵਾਉਣ ਲਈ 26 ਜਨਵਰੀ ਦੇ ਪੱਕੇ ਧਰਨੇ ਵਿੱਚ ਆਉਣ ਦਾ ਸੱਦਾ ਦਿੱਤਾ। ਉਨਾਂ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਹੇ ਅਤੇ ਪੁਲਿਸ ਅਧਿਕਾਰੀ ਦੋਸ਼ੀਆਂ ਨਾਲ ਮਿਲੇ ਹੋਏ ਹਨ ਅਤੇ ਪੁਲਿਸ ਅਧਿਕਾਰੀਆਂ ਦਾ ਚਿਹਰਾ ਬੇਨਕਾਬ ਕਰਨ ਲਈ ਪਿੰਡ -ਪਿੰਡ ਗਲ਼ੀ ਮੁਹੱਲਿਆਂ 'ਚ ਪੁਤਲੇ ਫੂਕੇ ਜਾ ਰਹੇ ਹਨ। ਮੀਟਿੰਗ ਵਿੱਚ ਮਹਿੰਦਰ ਸਿੰਘ ,ਅਜੀਤ ਸਿੰਘ ਸੁਰਜੀਤ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।