ਜੰਮੂ ਦੀ ਰਾਜੋਰੀ ਸਰਹੱਦ 'ਤੇ ਗੋਲੀ ਲੱਗਣ ਨਾਲ ਫੌਜੀ ਦੀ ਮੌਤ
ਜਗਤਾਰ ਸਿੰਘ
ਭਾਦਸੋਂ 14 ਜਨਵਰੀ 2022: ਸਬ ਤਹਿਸੀਲ ਭਾਦਸੋਂ ਦੇ ਪਿੰਡ ਖੇੜੀ ਜੱਟਾਂ ਦੇ ਨੌਜਵਾਨ ਫੌਜੀ ਨਵਰਾਜ ਸਿੰਘ ਪੁੱਤਰ ਅਵਤਾਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਜੰਮੂ ਦੇ ਰਾਜੌਰੀ ਸਰਹੱਦੀ ਖੇਤਰ ’ਚ ਚੱਲੀ ਗੋਲ਼ੀ ਨਾਲ ਫ਼ੌਜ ਦੀ 14 ਪੰਜਾਬ ਯੂਨਿਟ ਦੇ ਦੋ ਜਵਾਨਾਂ ਦੀ ਮੌਤ ਹੋਈ ।
ਵੀਰਵਾਰ ਦੁਪਹਿਰ ਨੂੰ ਸਰਹੱਦ ’ਤੇ ਅਚਾਨਕ ਗੋਲ਼ੀਆਂ ਚੱਲਣ ਦੀ ਆਵਾਜ਼ ਆਉਣ ‘ਤੇ ਉਸੇ ਸਮੇਂ ਜਵਾਨ ਤੇ ਫ਼ੌਜੀ ਅਧਿਕਾਰੀ ਮੌਕੇ ’ਤੇ ਪੁੱਜੇ । ਉਨ੍ਹਾਂ ਦੇਖਿਆ ਕਿ ਸਿਪਾਹੀ ਸਰਬਜੀਤ ਸਿੰਘ ਤੇ ਸਿਪਾਹੀ ਨਵਰਾਜ ਸਿੰਘ ਦੋਵੇਂ ਖੂਨ ਨਾਲ ਲਥਪਥ ਪਏ ਹੋਏ ਹਨ।
ਦੋਵਾਂ ਨੂੰ ਤੁਰੰਤ ਨਜ਼ਦੀਕੀ ਫ਼ੌਜੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਦੋਵਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਜੌਰੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ, ਦੋਵਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਯੂਨਿਟ ਹੈੱਡਕੁਆਰਟਰ ’ਚ ਰੱਖਿਆ ਗਿਆ ਹੈ। ਘਟਨਾ ਦਾ ਪਤਾ ਲੱਗਣ ਤੇ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਛਾ ਗਈ ਹੈ ।