ਜੇ ਬੀਜੇਪੀ ਨੂੰ ਮਿਲ ਗਿਆ ਕੁਝ ਵੱਡੇ ਡੇਰਿਆਂ ਦਾ ਸਮਰਥਨ ਤਾਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਬਦਲ ਸਕਦੇ ਹਨ ਸਮੀਕਰਨ
ਦੀਪਕ ਗਰਗ
ਚੰਡੀਗੜ੍ਹ 14 ਜਨਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਇੱਕ ਮਹੀਨਾ ਬਾਕੀ ਹੈ। ਅਜਿਹੇ 'ਚ ਸੂਬੇ ਦੇ ਸਿਆਸੀ ਹਲਚਲ ਦਰਮਿਆਨ ਡੇਰਿਆਂ ਨੂੰ ਲੈ ਕੇ ਚਰਚਾ ਤੇਜ਼ ਹੋ ਰਹੀ ਹੈ।
ਇਸ ਸਮੇਂ ਸੁੱਬੇ ਦੇ ਜੋ ਸਿਆਸੀ ਸਮੀਕਰਨ ਹਨ ਉਨ੍ਹਾਂ ਦੇ ਜੋੜ ਤੋੜ ਤੋਂ ਬਾਅਦ ਪੁਰੀ ਸੰਭਾਵਨਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਕੀਮਤ ਤੇ ਆਪਣੀ ਸਰਕਾਰ ਬਣਾਉਣ ਲਈ ਜੂਝ ਰਹੀ ਬੀਜੇਪੀ ਵੀ ਕਿਸੇ ਤਰਾਂ ਇਨ੍ਹਾਂ ਡੇਰਿਆਂ ਦੀ ਮਦਦ ਨਾਲ ਚੋਣਾਂ ਦੇ ਸਮੀਕਰਨ ਬਦਲ ਸਕਦੀ ਹੈ।
ਡੇਰੇ ਪੰਜਾਬ ਦੀਆਂ ਚੋਣਾਂ ਵਿੱਚ ਕਿਸ ਹੱਦ ਤੱਕ ਪ੍ਰਭਾਵੀ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਇਨ੍ਹਾਂ ਦੀ ਗਿਣਤੀ ਤੋਂ ਹੀ ਲਗਾਇਆ ਜਾ ਸਕਦਾ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ਵਿੱਚ 12 ਹਜ਼ਾਰ ਤੋਂ ਵੱਧ ਸਾਰੇ ਵਰਗਾਂ ਨਾਲ ਜੁੜੇ ਡੇਰੇ ਹਨ। ਇਸ ਤੋਂ ਬਿਨਾਂ ਸਿੱਖ ਧਰਮ ਨਾਲ ਜੁੜੇ 9000 ਡੇਰੇ ਹਨ। ਨਾਲ ਹੀ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਗਿਣਤੀ ਲੱਖਾਂ 'ਚ ਹੈ। ਇਨ੍ਹਾਂ ਵਿਚ 300 ਦੇ ਕਰੀਬ ਡੇਰੇ ਬਹੁਤ ਪ੍ਰਸਿੱਧ ਹਨ, ਜੋ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਚ ਵੀ ਸਰਗਰਮ ਹਨ। ਇਨ੍ਹਾਂ 'ਚੋਂ ਵੀ ਕਰੀਬ 12 ਅਜਿਹੇ ਹੋਣਗੇ ਜਿਨ੍ਹਾਂ ਦੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
ਦੱਸਿਆ ਜਾ ਰਿਹਾ ਹੈ ਕਿ ਸੂਬੇ 'ਚ ਜੋ 300 ਵੱਡੇ ਅਤੇ ਪ੍ਰਸਿੱਧ ਡੇਰੇ ਹਨ ਉਹ ਸਿੱਧੇ ਤੌਰ 'ਤੇ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ। ਡੇਰਿਆਂ ਦਾ ਪ੍ਰਭਾਵ ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਾਲੀ 93 ਸੀਟਾਂ ’ਤੇ ਪਿਆ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ 47 ਸੀਟਾਂ ਐਸੀਆਂ ਹਨ, ਜਿੱਥੇ ਇਨ੍ਹਾਂ ਡੇਰਿਆਂ ਦੀ ਤਾਕਤ ਚੋਣਾਂ ਦੀ ਸਥਿਤੀ ਨੂੰ ਬਦਲ ਸਕਦੀ ਹੈ। ਨਾਲ ਹੀ ਕਰੀਬ 46 ਸੀਟਾਂ 'ਤੇ ਡੇਰੇ ਵੋਟਾਂ ਦੇ ਅੰਕੜਿਆਂ 'ਚ ਵੱਡਾ ਫਰਕ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੋਣਾਂ ਨੇੜੇ ਆਉਂਦੇ ਹੀ ਇਨ੍ਹਾਂ ਡੇਰਿਆਂ ਦੇ ਸਿਆਸੀ ਵਿੰਗ ਸਰਗਰਮ ਹੋ ਜਾਂਦੇ ਹਨ।
ਭਾਵੇਂ ਇਨ੍ਹਾਂ ਡੇਰਿਆਂ ਦੇ ਮੁਖੀ ਸਿੱਧੇ ਤੌਰ 'ਤੇ ਆਪਣੇ ਪੈਰੋਕਾਰਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਕਰਨ ਲਈ ਨਹੀਂ ਕਹਿੰਦੇ, ਪਰ ਵੋਟਾਂ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਇਸ਼ਾਰਾ ਸਿਆਸੀ ਫੇਰਬਦਲ ਵਿਚ ਆਪਣੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਇਸ਼ਾਰੇ ਦੇ ਚਲਦੇ ਸਿਆਸੀ ਪਾਰਟੀਆਂ ਵਲੋਂ ਬਣਾਏ ਗਏ ਜਾਤੀ ਆਧਾਰਿਤ ਸਮੀਕਰਨ ਬਦਲ ਜਾਂਦੇ ਹਨ।
ਪੰਜਾਬ ਵਿੱਚ ਵੋਟਰਾਂ ਦੀ ਗਿਣਤੀ 2.12 ਕਰੋੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅੰਦਾਜ਼ਾ ਲਗਾਇਆ ਗਿਆ ਹੈ ਕਿ 53 ਲੱਖ ਲੋਕ ਯਾਨੀ ਕਰੀਬ 25 ਫੀਸਦੀ ਡੇਰਿਆਂ ਨਾਲ ਜੁੜੇ ਹੋਏ ਹਨ। ਸੂਬੇ ਦੇ 12 ਹਜ਼ਾਰ 581 ਪਿੰਡਾਂ ਵਿੱਚ ਡੇਰਿਆਂ ਦੀਆਂ 1.13 ਲੱਖ ਸ਼ਾਖਾਵਾਂ ਹਨ। ਅਸਲ ਵਿੱਚ, ਲੋਕਾਂ ਦੇ ਇਨ੍ਹਾਂ ਡੇਰਿਆਂ ਨਾਲ ਜੁੜਨ ਦੇ ਕਈ ਵੱਡੇ ਕਾਰਨ ਹਨ। ਇਨ੍ਹਾਂ ਵਿਚ ਜਾਤ-ਧਰਮ, ਨਸ਼ਾ ਅਤੇ ਗਰੀਬੀ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਪੰਜਾਬ ਵਿੱਚ ਡੇਰਿਆਂ ਬਾਰੇ ਲੋਕਾਂ ਦੇ ਮਨ ਵਿੱਚ ਸ਼ਰਧਾ ਹੈ ਅਤੇ ਇੱਥੇ ਹਰ ਜਾਤੀ ਧਰਮ ਦੇ ਲੋਕ ਆਉਂਦੇ ਹਨ। ਪਰ ਦਲਿਤਾਂ ਅਤੇ ਪਿਛੜੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਜੋ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹਨ। ਪੰਜਾਬ ਵਿੱਚ ਡੇਰਿਆਂ ਦੀ ਹੋਂਦ ਦਾ ਮੁੱਖ ਕਾਰਨ ਸਮਾਜਿਕ ਅਸਮਾਨਤਾ ਹੈ। ਪੰਜਾਬ ਵਿੱਚ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਜੱਟ ਸਿੱਖਾਂ ਦਾ ਦਬਦਬਾ ਹੈ। ਇੱਥੇ ਦਲਿਤਾਂ ਦੀ ਆਬਾਦੀ ਕੁੱਲ ਆਬਾਦੀ ਦਾ 32 ਪ੍ਰਤੀਸ਼ਤ ਹੈ, ਜੋ ਕਿ ਕਿਸੇ ਵੀ ਸੁੱਬੇ ਵਿੱਚ ਸਭ ਤੋਂ ਵੱਧ ਹੈ, ਪਰ ਉਨ੍ਹਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ। ਵੱਡੀ ਗਿਣਤੀ ਦਲਿਤ ਮਜ਼ਦੂਰ ਹੀ ਹਨ। ਅਜਿਹੇ ਸਮਾਜਿਕ ਤਾਣੇ-ਬਾਣੇ ਵਿੱਚ ਪੰਜਾਬ ਅੰਦਰਲੇ ਡੇਰਿਆਂ ਨੇ ਦਲਿਤ ਚੇਤਨਾ ਪੈਦਾ ਕਰਨ ਦਾ ਕੰਮ ਕੀਤਾ। ਡੇਰਿਆਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਸਿੱਖਿਆ ਅਤੇ ਸਿਹਤ ਦਵਾਈ ਦਾ ਜ਼ਿੰਮਾ ਵੀ ਚੁੱਕਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਜਿਆਦਾਤਰ ਡੇਰੇ ਸਮਾਜਿਕ-ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਕਈ ਭਾਈਚਾਰਿਆਂ ਦਾ ਵਿਚਾਰਧਾਰਕ ਮੰਚ ਵੀ ਬਣ ਚੁੱਕੇ ਹਨ। ਕਈ ਡੇਰਿਆਂ ਵਿੱਚ ਦਲਿਤ ਭਾਈਚਾਰੇ ਦੇ ਵਧੇਰੇ ਪੈਰੋਕਾਰ ਹਨ ਜੋ ਹਮੇਸ਼ਾ ਸੂਬੇ ਦੇ ਜੱਟ ਸਿੱਖਾਂ ਵਿੱਚ ਆਪਣੀ ਪਛਾਣ ਲਈ ਸੰਘਰਸ਼ ਕਰ ਰਹੇ ਹਨ।
ਸਪਸ਼ਟ ਹੈ ਕਿ ਪੰਜਾਬ ਵਿੱਚ ਕਿਸਾਨਾਂ ਦਾ ਵਿਰੋਧ ਝੇਲ ਰਹੀ ਕੇਂਦਰ ਦੀ ਸੱਤਾਧਾਰੀ ਬੀਜੇਪੀ ਲਈ ਕਿਤੇ ਨਾ ਕਿਤੇ ਇਹ ਡੇਰੇ ਰਾਮਬਾਨ ਬਣ ਕੇ ਚੋਣਾਂ ਦੇ ਸਮਰ ਚ ਉਸਨੂੰ ਵਿਜੇਤਾ ਬਣਾ ਸਕਦੇ ਹਨ।
ਪੰਜਾਬ ਵਿੱਚ ਸਿਰਸਾ ਵਾਲੇ ਡੇਰਾ ਸੱਚਾ ਸੌਦਾ ਦੀਆਂ ਸ਼ਾਖਾਵਾਂ ਦੀ ਗਿਣਤੀ 10 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਪੂਰੇ ਭਾਰਤ ਵਿੱਚ 6 ਕਰੋੜ ਪੈਰੋਕਾਰਾਂ ਵਾਲੇ ਇਸ ਡੇਰੇ ਦਾ ਪ੍ਰਭਾਵ ਸੂਬੇ ਦੇ ਮਾਲਵਾ ਖੇਤਰ ਦੀਆਂ 35-40 ਸੀਟਾਂ 'ਤੇ ਹੈ। ਇਸ ਤੋਂ ਬਾਅਦ 1891 'ਚ ਸ਼ੁਰੂ ਹੋਏ ਡੇਰਾ ਰਾਧਾ ਸੁਆਮੀ ਦਾ ਪ੍ਰਭਾਵ 10-12 ਸੀਟਾਂ 'ਤੇ ਹੈ। ਮਾਝੇ ਦੀਆਂ 2-3 ਅਤੇ ਮਾਲਵੇ ਦੀਆਂ 7-8 ਸੀਟਾਂ 'ਤੇ ਨਾਮਧਾਰੀ ਭਾਈਚਾਰੇ ਦਾ ਪ੍ਰਭਾਵ ਹੈ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਮਾਝੇ ਦੀਆਂ 4-5 ਅਤੇ ਦੋਆਬੇ ਦੀਆਂ 3-4 ਸੀਟਾਂ 'ਤੇ ਕਾਫੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ 27 ਦੇਸ਼ਾਂ ਵਿੱਚ ਫੈਲੇ ਨਿਰੰਕਾਰੀ ਮਿਸ਼ਨ ਦਾ ਅਸਰ ਮਾਲਵੇ ਦੀਆਂ 3-4 ਅਤੇ ਮਾਝੇ ਦੀਆਂ 2-3 ਸੀਟਾਂ ‘ਤੇ ਹੈ।
ਪਟਿਆਲਾ – ਰਾਧਾ ਸਵਾਮੀ ਸਤਿਸੰਗ ਬਿਆਸ ਅਤੇ ਨਿਰੰਕਾਰੀ ਮਿਸ਼ਨ
ਮੁਕਤਸਰ – ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ, ਡੇਰਾ ਸੱਚਾ ਸੌਦਾ ਅਤੇ ਰਾਧਾ ਸਵਾਮੀ ਸਤਿਸੰਗ ਬਿਆਸ
ਨਵਾਂਸ਼ਹਿਰ – ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਗਰੀਬਦਾਸੀ ਸੰਪ੍ਰਦਾਇ ਨਾਲ ਸੰਬੱਧਤ ਡੇਰੇ
ਕਪੁਰਥਲਾ – ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ, ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਅਤੇ ਨਿਰੰਕਾਰੀ ਮਿਸ਼ਨ
ਜਲੰਧਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ, ਡੇਰਾ ਸੱਚਖੰਡ ਰਾਏਪੁਰ ਬਲਾਂ ਅਤੇ ਨਿਰੰਕਾਰੀ ਮਿਸ਼ਨ
ਪਠਾਨਕੋਟ – ਡੇਰਾ ਜਗਤ ਗਿਰੀ ਆਸ਼ਰਮ,
ਰੋਪੜ – ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾ) ਦਾ ਡੇਰਾ ਅਤੇ
ਬਾਬਾ ਪਿਆਰਾ ਸਿੰਘ ਭਨਿਆਰਾਂ ਦੇ ਡੇਰੇ ਦਾ ਪ੍ਰਭਾਵ ਤਰਨਤਾਰਨ – ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ
ਕੋਟਕਪੂਰਾ - ਡੇਰਾ ਸੱਚਾ ਸੌਦਾ, ਨਿਰੰਕਾਰੀ ਮਿਸ਼ਨ, ਰਾਧਾ ਸਵਾਮੀ ਸਤਿਸੰਗ ਬਿਆਸ, ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ
ਹੁਣ ਤੱਕ ਰਹੀਆਂ ਸੂਬੇ ਦੀਆਂ ਦੋ ਵੱਡੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਜਾਂ ਅਕਾਲੀ ਦਲ, ਦੋਨਾਂ ਨੇ ਕਿਸੇ ਨਾ ਕਿਸੇ ਡੇਰੇ ਨਾਲ ਆਪਣੇ ਸਬੰਧ ਕਾਇਮ ਰੱਖੇ ਹੋਏ ਹਨ। 2007 ਦੀਆਂ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਨੇ ਕਾਂਗਰਸ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਮਾਲਵਾ ਖੇਤਰ ਵਿਚ ਕਾਂਗਰਸ ਨੂੰ ਭਾਰੀ ਸਮਰਥਨ ਮਿਲਿਆ।
ਸੂਤਰਾਂ ਮੁਤਾਬਿਕ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਸੱਚਾ ਸੌਦਾ ਨੂੰ ਆਪਣੇ ਪੱਖ ਵਿੱਚ ਲਿਆ। ਨਤੀਜਾ ਇਹ ਨਿਕਲਿਆ ਕਿ ਹਰਸਿਮਰਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਇਕ ਲੱਖ ਵੋਟਾਂ ਨਾਲ ਹਰਾਇਆ। 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਖੁਦ ਡੇਰਾ ਸੱਚਾ ਸੌਦਾ ਗਈ ਸੀ। ਸਿਰਫ਼ ਡੇਰਾ ਸੱਚਾ ਸੌਦਾ ਹੀ ਨਹੀਂ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਾਮਧਾਰੀ, ਰਾਧਾਸੁਆਮੀ ਆਦਿ ਸਾਰੇ ਡੇਰਿਆਂ ਦੇ ਬੂਹੇ 'ਤੇ ਮੱਥਾ ਟੇਕਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਦੇ ਲੱਖਾਂ ਸਮਰਥਕਾਂ ਦੀਆਂ ਵੋਟਾਂ ਮਿਲ ਸਕਣ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਇਦ ਹੀ ਕੋਈ ਅਜਿਹਾ ਆਗੂ ਹੋਵੇ ਜੋ ਆਪਣੀ ਪਾਰਟੀ ਦੀ ਹਮਾਇਤ ਹਾਸਲ ਕਰਨ ਲਈ ਇਨ੍ਹਾਂ ਡੇਰਿਆਂ ਵਿੱਚ ਨਾ ਪਹੁੰਚਿਆ ਹੋਵੇ। 2016 ਵਿੱਚ ਰਾਹੁਲ ਗਾਂਧੀ ਡੇਰਾ ਬਿਆਸ ਪਹੁੰਚੇ ਸਨ ਅਤੇ ਉੱਥੇ ਕਰੀਬ 19 ਘੰਟੇ ਬਿਤਾਏ ਸਨ।
2022 ਚੋਣਾਂ ਲਈ ਕੇਂਦਰ ਦੀ ਸੱਤਾਧਾਰੀ ਪਾਰਟੀ ਬੀਜੇਪੀ ਵਲੋਂ ਡੇਰਾ ਸੱਚਾ ਸੌਦਾ ਸਮੇਤ ਕੁਝ ਹੋਰ ਡੇਰਿਆਂ ਦੀ ਮਦਦ ਨਾਲ ਚੋਣ ਸਮੀਕਰਨ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।