ਕਾਂਗਰਸ ਅਤੇ ਬੀਜੇਪੀ ਗਠਜੋੜ ਦੇ ਉਮੀਦਵਾਰਾਂ ਦਾ ਐਲਾਨ ਨਾ ਹੋਣ ਕਰਕੇ ਅਕਾਲੀ ਦਲ ਬਸਪਾ ਗਠਜੋੜ ਚੋਣ ਪ੍ਰਚਾਰ ਵਿੱਚ ਸਭ ਤੋਂ ਚੱਲ ਰਿਹਾ ਅੱਗੇ
ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਸੀਨੀਅਰ ਆਗੂਆਂ ਦੀ ਨਰਾਜਗੀ ਕੋਟਕਪੂਰਾ ਤੋਂ ਪਾਰਟੀ ਉਮੀਦਵਾਰ ਨੂੰ ਪੈ ਰਹੀ ਮਹਿੰਗੀ
ਦੀਪਕ ਗਰਗ
ਕੋਟਕਪੂਰਾ 17 ਜਨਵਰੀ 2022 : ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪਾਰਟੀ ਵਰਕਰਾਂ ਨੂੰ ਨਾਲ ਲੈਕੇ ਸੋਮਵਾਰ ਨੂੰ ਕੋਟਕਪੂਰਾ ਦੇ ਵਾਰਡ ਨੰਬਰ 7 ਅਤੇ 8 ਨਾਲ ਜੁੜੇ ਇਲਾਕੇ ਦੇਵੀਵਾਲਾ ਰੋਡ ਵਿਖੇ ਘਰ-ਘਰ ਅਤੇ ਦੁਕਾਨਾਂ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਜਿੱਥੇ ਉਨ੍ਹਾਂ ਨੇ ਸਰਕਾਰ ਆਉਣ ਤੇ ਪਾਰਟੀ ਵੱਲੋਂ ਲੋਕਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਉੱਥੇ ਹੀ ਪਾਰਟੀ ਦੇ 13 ਸੂਤਰੀ ਪ੍ਰੋਗਰਾਮ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜੇਕਰ 10 ਮਾਰਚ ਨੂੰ ਪਾਰਟੀ ਨੂੰ ਬਹੁਮਤ ਮਿਲਣ ਤੇ ਅਕਾਲੀ- ਬਸਪਾ ਦੀ ਸਰਕਾਰ ਬਣੀ ਤਾਂ ਪਾਰਟੀ ਵੱਲੋਂ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਾਬਕਾ ਵਿਧਾਇਕ ਬਰਾੜ ਦੀ ਡੋਰ ਟੂ ਡੋਰ ਮੁਹਿੰਮ ਦੌਰਾਨ ਸ਼ਹਿਰ ਵਾਸੀਆਂ ਵਲੋਂ ਹਾਰ ਪਾਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਸਮਰਥਨ ਦੇਣ ਦਾ ਭਰੋਸਾ ਦਿੱਤਾ। ਬਰਾੜ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਹਮੇਸ਼ਾ ਹੀ ਕੋਟਕਪੂਰਾ ਹਲਕੇ ਤੋਂ ਬਹੁਤ ਪਿਆਰ ਮਿਲਿਆ ਹੈ। 1972 ਤੋਂ ਲੈਕੇ 1980 ਤੱਕ ਮੇਰੇ ਮਰਹੂਮ ਪਿੱਤਾ ਜਸਵਿੰਦਰ ਸਿੰਘ ਬਰਾੜ ਸਾਬਕਾ ਸਹਿਕਾਰਤਾ ਮੰਤਰੀ ਪੰਜਾਬ ਨੇ ਇਸ ਹਲਕੇ ਦੀ ਨੁਮਾਇੰਦਗੀ ਕੀਤੀ ਹੈ ਅਤੇ ਤਿੰਨ ਬਾਰ ਦਾਸ ਨੂੰ ਇਸ ਹਲਕੇ ਦਾ ਵਿਧਾਇਕ ਬਣਕੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਹਲਕੇ ਦੇ ਸਰਵਪੱਖੀ ਵਿਕਾਸ ਲਈ ਪਿਛਲੇ 50 ਸਾਲਾਂ ਤੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਸਮੇਂ ਦੇ ਲਿਹਾਜ ਨਾਲ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਗਈ।
ਇਸ ਮੌਕੇ ਦੇਵੀਵਾਲਾ ਸੜਕ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੇ ਉਨ੍ਹਾਂ ਨੂੰ ਸੜਕ ਦੀ ਮਾੜੀ ਹਾਲਤ ਤੋਂ ਵੀ ਜਾਣੂ ਕਰਵਾਇਆ ਤਾਂ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੋਟਕਪੂਰਾ ਨੂੰ ਸੁੰਦਰ ਰੂਪ ਦੇਣ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਵਾਏ ਸਨ ਪਰ ਬਹੁਤ ਅਫਸੋਸ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਵਿਕਾਸ ਪ੍ਰੋਜੈਕਟਾਂ ਨੂੰ ਠੰਡੇ ਬੱਸਤੇ ਵਿੱਚ ਪਾਕੇ ਸ਼ਹਿਰ ਦੀ ਹਾਲਤ ਨੂੰ ਬਦਤਰ ਬਣਾ ਦਿੱਤਾ ਨਾਲ ਹੀ ਜਨਤਾ ਤੋਂ ਟੈਕਸ ਰੂਪੀ ਕੀਤੀ ਗਈ ਕਮਾਈ ਚੋਂ ਸ਼ਹਿਰ ਦੇ ਵਿਕਾਸ ਲਈ ਆਏ ਕਰੋੜਾਂ ਰੁਪਏ ਦੇ ਸਰਕਾਰੀ ਫੰਡਾਂ ਨੂੰ ਬਰਬਾਦ ਕਰ ਦਿੱਤਾ ਗਿਆ। 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ - ਬਸਪਾ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਸਾਰੇ ਅਧੂਰੇ ਪਏ ਵਿਕਾਸ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ਤੇ ਸ਼ੁਰੂ ਕਰਵਾਕੇ ਸ਼ਹਿਰ ਨੂੰ ਸੁੰਦਰ ਰੂਪ ਦਿੱਤਾ ਜਾਵੇਗਾ।
ਇਸ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਅਨੁਪ੍ਰਤਾਪ ਸਿੰਘ ਬਰਾੜ, ਨਗਰ ਕੌਂਸਲ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ, ਕੇਵਲ ਸਿੰਘ ਸਹੋਤਾ, ਰਵੀਤੇਜ ਸਿੰਘ, ਵਰਿੰਦਰ ਕੁਮਾਰ ਡਿਪਟੀ, ਬਲਵਿੰਦਰ ਸਿੰਘ ਅਤੇ ਪੀਏ ਮਨਦੀਪ ਸਿੰਘ ਵੀ ਹਾਜਰ ਸਨ।
ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਮੇਂ ਕੋਟਕਪੂਰਾ ਵਿਧਾਨਸਭਾ ਹਲਕੇ ਵਿਚ ਚੋਣ ਪ੍ਰਚਾਰ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਸਭ ਤੋਂ ਅੱਗੇ ਚਲ ਰਹੇ ਹਨ। ਆਪਸੀ ਧੜੇਬੰਦੀ ਦੇ ਚਲਦੇ ਅੱਜੇ ਤੱਕ ਕਾਂਗਰਸ ਇਥੋਂ ਉਮੀਦਵਾਰ ਦਾ ਐਲਾਨ ਨਹੀਂ ਕਰ ਸਕੀ ਹੈ। ਜਿਸਦੇ ਚਲਦੇ ਕੋਈ ਵੀ ਕਾਂਗਰਸੀ ਆਗੂ ਪਾਰਟੀ ਵਰਕਰਾਂ ਤੋਂ ਵੱਖ ਆਮ ਲੋਕਾਂ ਨਾਲ ਸੰਪਰਕ ਬਨਾਉਂਦਾ ਨਹੀਂ ਦਿਖ ਰਿਹਾ ਹੈ।
ਬੀਜੇਪੀ ਗਠਜੋੜ ਨੇ ਇਹ ਫੈਸਲਾ ਲੈਣਾ ਹੈ ਕਿ ਇਥੋਂ ਬੀਜੇਪੀ, ਪੰਜਾਬ ਲੋਕ ਕਾਂਗਰਸ ਜਾਂ ਅਕਾਲੀ ਦਲ ਸੰਯੁਕਤ ਵਿਚੋਂ ਕਿਸ ਨੂੰ ਟਿਕਟ ਦਿੱਤੀ ਜਾਣੀ ਹੈ। ਅਜੇ ਤੱਕ ਸਿਰਫ ਬੀਜੇਪੀ ਤੋਂ ਹੀ ਦਰਜਨ ਦੇ ਕਰੀਬ ਟਿਕਟ ਦੇ ਦਾਅਵੇਦਾਰ ਸਾਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਐਸਸੀ ਵਿੰਗ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਹੋਤਾ ਦੇ ਬੀਜੇਪੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਢਾਹ ਲੱਗੀ ਹੈ। ਇਸ ਤੋਂ ਬਿਨਾਂ ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਸਾਬਕਾ ਸੁੱਬਾ ਜਨਰਲ ਸਕੱਤਰ ਨਰਿੰਦਰ ਰਾਠੌਰ ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਨਾਲ ਖੜੇ ਦਿੱਖ ਰਹੇ ਹਨ ਜਦਕਿ ਕੋਟਕਪੂਰਾ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਦੇ ਖਿਲਾਫ ਬੋਲਦੇ ਦਿੱਖ ਰਹੇ ਹਨ।