ਰਾਜਪੁਰਾ, 17 ਜਨਵਰੀ 2022 (ਕੁਲਵੰਤ ਸਿੰਘ ਬੱਬੂ) : ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸ਼ੰਭੂ ਸਰਕਲ ਦੇ ਚੋਣ ਦਫਤਰ ਦਾ ਉਦਘਾਟਨ ਅੱਜ ਬਸਪਾ ਆਗੂ ਬਲਦੇਵ ਸਿੰਘ ਮਹਿਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ ਸਣੇ ਵੱਖ ਵੱਖ ਸਰਕਲਾਂ ਦੇ ਪ੍ਰਧਾਨ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਖਾਸ ਕਰਕੇ ਦਲਿਤ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁੰਦਿਆਂ ਕਾਂਗਰਸ ਪਾਰਟੀ ਵਲੋਂ ਤਿੰਨ-ਤਿੰਨ ਉਮੀਦਵਾਰਾਂ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਬਣਾਉਣਾ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਨੂੰ ਜਗ ਜਾਹਰ ਕਰ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੂੰ ਸਿਰਫ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਵਲੋਂ ਦਲਿਤਾਂ ਨਾਲ ਖੇਡੀ ਵੋਟਾਂ ਦੀ ਰਾਜਨੀਤੀਕ ਕੋਝੀ ਚਾਲ ਦਾ ਮਕਸਦ ਸਭ ਦੇ ਸਾਹਮਣੇ ਆ ਚੁੱਕਿਆ ਹੈ । ਇਸ ਪਾਰਟੀ ਨੂੰ ਦਲਿਤਾਂ ਨਾਲ ਕੋਈ ਲਗਾਅ ਨਹੀਂ ਹੈ ਅਤੇ ਕਾਂਗਰਸ ਨੇ ਹਮੇਸ਼ਾਂ ਦਲਿਤਾਂ ਨੂੰ ਸਿਰਫ਼ ਇਕ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੋ ਸਿੱਕੇ ਦੇ ਦੋ ਪਹਿਲੂ ਹਨ, ਜਿਨ੍ਹਾਂ ਦੀ ਪੰਜਾਬ ਪ੍ਰਤੀ ਸੋਚ ਅਤੇ ਨੀਤੀ ਇਕ ਹੀ ਹੈ। ‘ਆਪ’ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਵਲੋਂ ਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਪੰਜਾਬੀਆਂ ਨੂੰ ਹਮੇਸ਼ਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਹਰ ਵਾਰ ਇਹ ਕਹਿ ਕੇ ਭੰਡਿਆ ਪੰਜਾਬ ਦੇ ਖੇਤਾਂ ਦਾ ਧੂੰਆਂ ਦਿੱਲੀ ਦੀ ਆਬੋ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ। ਇਥੇ ਹੀ ਬਸ ਨਹੀਂ ਦਿੱਲੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਾਲੀ ਥਾਂ ਬਣੇ ਪਿਆਊ ਢਾਹ ਕੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦਿੱਲੀ ’ਚ ਨਾ ਲੱਗਣ ਦੇਣ ਨਾਲ ਕੇਜਰੀਵਾਲ ਦਾ ਪੰਜਾਬ ਅਤੇ ਸਿੱਖ ਵਿਰੋਧੀ ਚਿਹਰਾ ਪਹਿਲਾਂ ਹੀ ਨੰਗਾ ਹੋ ਚੁੱਕਿਆ ਹੈ। ਚੰਦੂਮਾਜਰਾ ਨੇ ਆਖਿਆ ਕਿ ਕੇਜਰੀਵਾਲ ਦੀ ਪਾਰਟੀ ਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਗਾਉਣਗੇ ਅਤੇ ਇਨ੍ਹਾਂ ਚੋਣਾਂ ’ਚ ਆਪ ਦੇ ਸਾਰੇ ਭੁਲੇਖੇ ਕੱਢ ਦੇਣਗੇ।
ਇਸ ਮੌਕੇ ਜਥੇਦਾਰ ਤਰਲੋਕ ਸਿੰਘ ਘੱਗਰ ਸਰਾਏ, ਜਥੇਦਾਰ ਅਵਤਾਰ ਸਿੰਘ ਸਰਕਲ ਪ੍ਰਧਾਨ ਸ਼ੰਭੂ ਕਲਾਂ, ਸੁੱਚਾ ਸਿੰਘ ਅਲੀ ਮਾਜਰਾ, ਜਥੇਦਾਰ ਲਾਲ ਸਿੰਘ ਮਰਦਾਂਪੁਰ, ਜਥੇਦਾਰ ਬਲਵਿੰਦਰ ਸਿੰਘ ਨੇਪਰਾ, ਰਣਬੀਰ ਸਿੰਘ ਪੂਨੀਆ, ਬਲਕਾਰ ਸਿੰਘ, ਮੁਖਤਿਆਰ ਸਿੰਘ ਨੌਸ਼ਹਿਰਾ, ਸੁਰਜੀਤ ਸਿੰਘ ਮਰਦਾਂਪੁਰ, ਪਰਮਜੀਤ ਸਿੰਘ ਮਰਦਾਂਪੁਰ ਵੀ ਹਾਜ਼ਰ ਸਨ।