ਅਸ਼ੋਕ ਵਰਮਾ
ਬਠਿੰਡਾ,17 ਜਨਵਰੀ 2022: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ,ਬਸੰਤ ਸਿੰਘ ਕੋਠਾਗੁਰੂ ਪਰਮਜੀਤ ਕੌਰ ਪਿੱਥੋ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਦੀ ਅਗਵਾਈ ਵਿਚ ਕਿਸਾਨੀ ਮੰਗਾਂ ਸਬੰਧੀ ਵਫਦ ਡੀ ਸੀ ਬਠਿੰਡਾ ਨੂੰ ਮਿਲਣ ਪਹੁੰਚਿਆ । ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਲਗਾਤਾਰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਤੋਂ ਵੱਟੇ ਜਾ ਰਹੇ ਟਾਲੇ ਦੇ ਵਿਰੋਧ ਵਿੱਚ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰ ਲਿਆ । ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਕਰਵਾਈ ਗਈ । ਮੀਟਿੰਗ ਵਿਚ ਨਰਮੇ ਦਾ ਮੁਆਵਜ਼ਾ ਵੰਡਣ ਚ ਕੀਤੀ ਜਾ ਰਹੀ ਦੇਰੀ ਅਤੇ ਤਹਿਸੀਲਦਾਰਾਂ ਵੱਲੋਂ ਚੋਣ ਕਮਿਸ਼ਨ ਵੱਲੋਂ ਲਾਈ ਰੋਕ ਕਹਿਣ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕੋਈ ਰੋਕ ਨਹੀਂ ਲਾਈ ਗਈ ਫਿਰ ਵੀ ਅਸੀਂ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਕੱਲ੍ਹ ਤੋਂ ਬਾਅਦ ਮੁਆਵਜ਼ਾ ਵੰਡਣਾ ਸ਼ੁਰੂ ਕਰ ਦੇਵਾਂਗੇ । ਖੇਤੀ ਕਾਨੂੰਨਾਂ ਦੇ ਮੋਰਚੇ ਸਬੰਧੀ ਸ਼ਹੀਦ ਹੋਏ ਰਹਿੰਦੇ ਤਿੰਨ ਕਿਸਾਨਾਂ ਦੇ ਮੁਆਵਜ਼ੇ ਸਬੰਧੀ ,ਪੁਲਿਸ ਕੇਸਾਂ ਦੀ ਵਾਪਸੀ ਸਬੰਧੀ ਅਤੇ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਕੱਲ੍ਹ ਨੂੰ ਦੁਬਾਰਾ ਫਿਰ ਡਿਪਟੀ ਕਮਿਸ਼ਨਰ ਨੇ ਮੀਟਿੰਗ ਕਰਨ ਦਾ ਸਮਾਂ ਦਿੱਤਾ ਹੈ ।