ਜੀ ਐਸ ਪੰਨੂ
ਮਲੇਰਕੋਟਲਾ, 17 ਜਨਵਰੀ, 2022: ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਮਾਧਵੀ ਕਟਾਰੀਆ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਵਿਖੇ 25 ਜਨਵਰੀ ਤੱਕ ਕੋਵਿਡ-19 ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਐਪੀਡੈਮਿਕ ਡਿਸੀਜ਼ ਐਕਟ 1897 ਦੇ ਐਕਟ ਨੰਬਰ 2 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰੀ ਦੀ ਵਰਤੋਂ ਕਰਦੇ ਹੋਏ ਪਹਿਲਾ ਜੋ ਮਿਤੀ 04 ਜਨਵਰੀ 2022 ਨੂੰ ਪਾਬੰਦੀਆਂ ਲਗਾਈਆਂ ਗਈਆਂ ਸਨ ਉਨ੍ਹਾਂ ਨੂੰ ਵਧਾ ਕੇ 25 ਜਨਵਰੀ 2022 ਤੱਕ ਕਰ ਦਿੱਤੀ ਗਿਆ ਹੈ।
ਇਨ੍ਹਾਂ ਪਾਬੰਦੀਆਂ ਤਹਿਤ ਹੁਣ ਸਾਰੇ ਜਨਤਕ ਸਥਾਨਾਂ ਤੇ ਕੰਮਕਾਰ ਦੇ ਸਥਾਨਾਂ ਆਦਿ ਉੱਤੇ ਹਰੇਕ ਨਾਗਰਿਕ ਦੁਆਰਾ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਰ ਗਤੀਵਿਧੀ ਦੌਰਾਨ ਘੱਟੋ ਘੱਟ ਛੇ ਫੁੱਟ (ਦੋ ਗਜ਼ ਦੀ ਦੂਰੀ) ਦੇ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਰਾਤ ਦਾ ਕਰਫ਼ਿਊ ਵੀ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਸਾਰੇ ਮਿਊਂਸੀਪਲ ਸ਼ਹਿਰਾਂ ਤੇ ਟਾਊਨ ਅੰਦਰ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ’ਤੇ ਰਾਤ 10 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਪਾਬੰਦੀ ਲਗਾਈ ਗਈ ਹੈ। ਜਦਕਿ ਸਾਰੀਆਂ ਲਾਜ਼ਮੀ ਗਤੀਵਿਧੀਆਂ ਜਿਨ੍ਹਾਂ ਵਿੱਚ ਵੱਖ ਵੱਖ ਸ਼ਿਫ਼ਟਾਂ ਵਿੱਚ ਚੱਲਣ ਵਾਲੇ ਉਦਯੋਗ ਤੇ ਦਫ਼ਤਰ ਆਦਿ ਸ਼ਾਮਲ ਹਨ (ਸਰਕਾਰੀ ਤੇ ਪ੍ਰਾਈਵੇਟ ਦੋਵੇਂ), ਨੈਸ਼ਨਲ ਤੇ ਸਟੇਟ ਹਾਈਵੇ ’ਤੇ ਨਾਗਰਿਕਾਂ ਅਤੇ ਵਸਤਾਂ ਦੀ ਆਵਾਜਾਈ ਅਤੇ ਸਮਾਨ ਦੀ ਅਣਲੋਡਿੰਗ ਅਤੇ ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਦੀ ਛੋਟ ਰਹੇਗੀ।ਖਾਣ ਪੀਣ ਦੀਆਂ ਵਸਤੂਆਂ ਦੀ ਹੋਮ ਡਿਲੀਵਰੀ ਦੀ ਆਗਿਆ ਰਾਤ 11.00 ਵਜੇ ਤੱਕ ਹੋਵੇਗੀ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਵਿੱਦਿਅਕ ਅਦਾਰੇ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਆਦਿ ਸ਼ਾਮਲ ਹਨ, ਬੰਦ ਰਹਿਣਗੇ। ਫਿਰ ਵੀ ਇਹ ਅਦਾਰੇ ਆਪਣੀ ਅਕਾਦਮਿਕ ਸਮਾਂ ਸਾਰਣੀ ਮੁਤਾਬਕ ਆਨਲਾਈਨ ਟੀਚਿੰਗ ਕਰ ਸਕਣਗੇ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜਾਂ ’ਤੇ ਇਹ ਪਾਬੰਦੀ ਨਹੀਂ ਲਗਾਈ ਗਈ।
ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੈਂਟ, ਸਪਾਜ਼, ਮਿਊਜ਼ੀਅਮ, ਚਿੜੀਆਘਰ ਆਦਿ ਆਪਣੀ 50 ਫ਼ੀਸਦੀ ਸਮਰੱਥਾ ਮੁਤਾਬਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਸਾਰੇ ਹਾਜ਼ਰ ਸਟਾਫ਼ ਦੇ ਦੋਵੇਂ ਕੋਵਿਡ ਖ਼ੁਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ ਹਨ। ਸਾਰੇ ਖੇਡ ਕੰਪਲੈਕਸ, ਸਟੇਡੀਅਮ, ਸਵਿਮਿੰਗ ਪੂਲ, ਜਿੰਮ ਬੰਦ ਰਹਿਣਗੇ (ਸਿਰਫ਼ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਦੀ ਸਿਖਲਾਈ ਹਾਸਲ ਕਰ ਰਹੇ ਖਿਡਾਰੀਆਂ ਜਾਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਦੇ ਆਯੋਜਨ ਵਾਲੇ ਸਥਾਨਾਂ ਨੂੰ ਛੱਡ ਕੇ)। ਇਨ੍ਹਾਂ ਸਥਾਨਾਂ ’ਤੇ ਕਿਸੇ ਵੀ ਦਰਸ਼ਕ ਜਾਂ ਵਿਜੀਟਰ ਨੂੰ ਜਾਣ ਦੀ ਪ੍ਰਵਾਨਗੀ ਨਹੀਂ ਹੋਵੇਗੀ। ਏ.ਸੀ ਬੱਸਾਂ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨਰ ਭਾਰਤ ਵੱਲੋਂ ਜਾਰੀ ਹਦਾਇਤਾਂ ਰਾਜਨੀਤਿਕ ਪਾਰਟੀਆਂ/ ਰਾਜਨੀਤਿਕ ਗਤੀਵਿਧੀਆਂ ਤੇ ਲਾਗੂ ਹੋਣਗੇ । ਜ਼ਿਲ੍ਹੇ ਵਿੱਚ ਰੋਡ ਸ਼ੋਅ, ਪਦ ਯਾਤਰਾ, ਸਾਈਕਲ/ਬਾਈ ਸਾਈਕਲ/ਵਹੀਕਲ ਰੈਲੀ ਅਤੇ ਕੋਈ ਵੀ ਜਲੂਸ ਕੱਢਣ ਦੀ 22 ਜਨਵਰੀ 2022 ਤੱਕ ਪੂਰਨ ਤੌਰ ਤੇ ਮਨਾਹੀ ਹੋਵੇਗੀ। ਇਸ ਤੋਂ ਬਾਅਦ ਚੋਣ ਕਮਿਸ਼ਨ ਸਮੀਖਿਆ ਕਰਕੇ ਢੁਕਵੇਂ ਆਦੇਸ਼ ਜਾਰੀ ਕਰੇਗਾ। ਕਿਸੇ ਵੀ ਰਾਜਨੀਤਿਕ ਪਾਰਟੀਆਂ ਜਾਂ ਸੰਭਾਵੀ ਉਮੀਦਵਾਰਾਂ ਜਾਂ ਚੋਣਾਂ ਨਾਲ ਸਬੰਧਿਤ ਕਿਸੇ ਹੋਰ ਸਮੂਹ ਦੀ ਸਰੀਰਕ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਲਈ ਇਸ ਹੱਦ ਤੱਕ ਛੋਟ ਦਿੱਤੀ ਹੈ ਕਿ ਵੱਧ ਤੋਂ ਵੱਧ 50ਵਿਅਕਤੀਆਂ ਜਾਂ ਹਾਲ ਦੀ ਸਮਰੱਥਾ ਦਾ 50 ਫ਼ੀਸਦੀ ਜਾਂ ਅਥਾਰਿਟੀ ਦੁਆਰਾ ਨਿਰਧਾਰਿਤ ਕੀਤੀ ਗਈ ਸੀਮਾ ਦੇ ਅੰਦਰੂਨੀ ਮੀਟਿੰਗਾਂ ਦੀ ਆਗਿਆ ਹੋਵੇਗੀ। ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਰਾਜਨੀਤਿਕ ਮੀਟਿੰਗ ਲਈ ਵੱਧ ਤੋਂ ਵੱਧ ਇਨਡੋਰ 50 ਵਿਅਕਤੀਆਂ ਦਾ ਹੀ ਇਕੱਠ ਕੀਤਾ ਜਾ ਸਕਦਾ ਹੈ, ਭਾਵੇਂ ਕਿ ਹਾਲ ਦੀ ਸਮਰੱਥਾ 50 ਤੋਂ ਵੱਧ ਇਕੱਠ ਕਰਨ ਦੀ ਕਿਉਂ ਨਾ ਹੋਵੇ। ਇਸ ਤੋਂ ਇਲਾਵਾ ਹੋਰ ਪਾਬੰਦੀਆਂ ਜਿਹੜੀਆਂ ਕਿ 8 ਜਨਵਰੀ ਨੂੰ ਲਾਗੂ ਕੀਤੀਆਂ ਗਈਆਂ ਸਨ ਉਹ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ । ਰਾਜਨੀਤਿਕ ਪਾਰਟੀਆਂ ਕੋਵਿਡ ਉਚਿਤ ਵਿਵਹਾਰ , ਹਦਾਇਤਾਂ ਅਤੇ ਚੋਣਾਂ ਨਾਲ ਜੁੜੀਆਂ ਗਤੀਵਿਧੀਆਂ ਦੌਰਾਨ ਹਰ ਮੌਕੇ ਤੇ ਆਦਰਸ਼ ਚੋਣ ਜ਼ਾਬਤਾ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ । ਉਕਤ ਪਾਬੰਦੀਆਂ ਦੀ ਵੀ ਉਲੰਘਣਾ ਕਰਨ ਵਾਲੇ ਵਿਅਕਤੀ ਤੇ ਇੰਡੀਅਨ ਪੀਨਲ ਕੋਡ, 188 ਦੇ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।