ਦੀਪਕ ਗਰਗ
ਚੰਡੀਗੜ੍ਹ 17 ਜਨਵਰੀ 2022: ਮੱਧ ਪ੍ਰਦੇਸ਼ ਪੁਲਸ ਨੇ ਮੀਡਿਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਟਰੀਮੋਨੀਅਲ ਸਾਈਟ 'ਤੇ ਪ੍ਰੋਫਾਈਲ ਦੇਖ ਕੇ ਵਿਆਹ ਵਰਗੇ ਗੰਭੀਰ ਮਾਮਲੇ 'ਤੇ ਫੈਸਲਾ ਨਾ ਲਿਆ ਜਾਵੇ। ਕਿਸੇ ਵੀ ਤਰ੍ਹਾਂ ਦੇ ਵਿਆਹ ਦੇ ਰਿਸ਼ਤੇ ਤੋਂ ਪਹਿਲਾਂ, ਦੋਵਾਂ ਧਿਰਾਂ ਨੂੰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਜਾਂਚ ਕਰਨੀ ਚਾਹੀਦੀ ਹੈ। ਮੈਟਰੀਮੋਨੀਅਲ ਸਾਈਟਸ 'ਤੇ ਪ੍ਰੋਫਾਈਲ ਦੇਖਣ ਨਾਲ ਸੰਬੰਧਾਂ 'ਚ ਕਈ ਤਰ੍ਹਾਂ ਦੇ ਅਪਰਾਧ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਜਿਕਰ ਯੋਗ ਹੈ ਕਿ 15 ਜਨਵਰੀ ਨੂੰ ਮੱਧਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਕਸ਼ਿਪਰਾ ਥਾਣੇ 'ਚ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਆਹ ਵਾਲੀ ਸਾਈਟ ਜੀਵਨ ਸਾਥੀ ਰਾਹੀਂ ਹੋਏ ਵਿਆਹ ਤੋਂ ਬਾਅਦ ਉਸ ਦੇ ਪਤੀ ਰਾਜੇਸ਼ ਵਿਸ਼ਵਕਰਮਾ ਨੇ ਆਪਣੇ ਹੋਰ ਸਾਥੀਆਂ ਅੰਕੇਸ਼, ਵਿਵੇਕ, ਵਿਪਿਨ ਅਤੇ ਆਨੰਦ ਨਾਲ ਸਮੂਹਿਕ ਬਲਾਤਕਾਰ ਅਤੇ ਗੈਰ-ਕੁਦਰਤੀ ਹਰਕਤਾਂ ਕੀਤੀਆਂ। ਪੀੜਤਾ ਦੀ ਰਿਪੋਰਟ 'ਤੇ ਉਪਰੋਕਤ ਪੰਜਾਂ ਦੋਸ਼ੀਆਂ ਖਿਲਾਫ ਥਾਣਾ ਕਸ਼ਿਪਰਾ ਵਿਖੇ ਮੁਕੱਦਮਾ ਨੰਬਰ 24/2022 ਦਰਜ ਕੀਤਾ ਗਿਆ। ਜਿਸ ਵਿੱਚ ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ ਸਾਰੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦੇ ਹੋਏ ਦੋਸ਼ੀ ਰਾਜੇਸ਼ ਵਿਸ਼ਵਕਰਮਾ ਦੀ ਨਜਾਇਜ਼ ਜਾਇਦਾਦ ਦੀ ਜਾਣਕਾਰੀ ਲੈਂਦਿਆਂ ਮੰਗਲੀਆ ਸਥਿਤ ਦੋਸ਼ੀ ਰਾਜੇਸ਼ ਵਿਸ਼ਵਕਰਮਾ ਦੇ ਨਜਾਇਜ਼ ਉਸਾਰੀ ਵਾਲੇ ਫਾਰਮ ਹਾਊਸ ਨੂੰ ਢਾਹ ਦਿੱਤਾ।