ਮੋਗਾ ਵਿਧਾਨ ਸਭਾ ਹਲਕੇ ਵਿੱਚ ਮਾਲਵਿਕਾ ਦੀਦੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ
ਚੋਣ ਪ੍ਰਚਾਰ ਦੌਰਾਨ ਮਾਲਵਿਕਾ ਬੋਲੀ : ਜੇਕਰ ਜਨਤਾ ਕੋਲ ਰੁਜ਼ਗਾਰ ਹੋਵੇਗਾ ਤਾਂ ਮੁਫਤ ਚੀਜਾਂ ਵੰਡਣ ਦੀ ਸਿਆਸਤ ਹੋਵੇਗੀ ਖਤਮ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 18 ਜਨਵਰੀ 2022- ਮੋਗਾ ਵਿਧਾਨਸਭਾ ਹਲਕੇ ਦੇ ਵਿਧਾਇਕ ਹਰਜੋਤ ਕਮਲ ਵਲੋਂ ਬੀਜੇਪੀ ਵਿੱਚ ਸ਼ਾਮਿਲ ਹੁੰਦੇ ਹੀ ਇਥੋਂ ਦੀ ਕਾਂਗਰਸ ਉਮੀਦਵਾਰ ਅਤੇ ਬਾਲੀਵੁੱਡ ਸਟਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਦੀ ਚੋਣ ਮੁਹਿੰਮ ਨੂੰ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ। ਕਿਉਂਕਿ ਜਿਆਦਾਤਰ ਕਾਂਗਰਸੀ ਮਾਲਵਿਕਾ ਸੂਦ ਨਾਲ ਪ੍ਰਚਾਰ ਚ ਲੱਗੇ ਦਿਖ ਰਹੇ ਹਨ। ਮਾਲਵਿਕਾ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਮੋਗਾ ਵਿਧਾਨਸਭਾ ਦੇ ਵੱਖ ਵੱਖ ਪਿੰਡਾਂ ਅਤੇ ਵਾਰਡਾਂ ਵਿਚ ਡੋਰ ਟੁ ਡੋਰ ਸੰਪਰਕ ਕੀਤਾ ਜਾ ਰਿਹਾ ਹੈ। ਇਕ ਵੱਡੇ ਬਾਲੀਵੁੱਡ , ਹਾਲੀਵੁਡ ਅਤੇ ਟੋਲੀਵੁਡ ਸਟਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਦੀਦੀ ਵਿੱਚ ਰੱਤਾ ਵੀ ਹੰਕਾਰ ਵੇਖਣ ਨੂੰ ਨਹੀਂ ਮਿਲਦਾ।
ਇਸੇ ਲੜੀ ਦੇ ਤਹਿਤ ਮਾਲਵਿਕਾ ਸੂਦ ਕਾਂਗਰਸੀ ਵਰਕਰਾਂ ਦੇ ਨਾਲ ਲੈਕਮੇ ਸਾਲੋਨ ਅਤੇ ਅਕਾਦਮੀ ਵਿਖੇ ਬਹੁਤ ਹੀ ਅਹਿਮ ਬੈਠਕ ਕਰਨ ਲਈ ਪਹੁੰਚੀ ਉੱਥੇ ਮਾਲਵਿਕਾ ਨੇ ਸਭਨਾਂ ਨਾਲ ਮੋਗਾ ਹਲਕੇ ਲਈ ਜ਼ਰੂਰੀ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਬਾਬਤ ਗੱਲਬਾਤ ਕੀਤੀ। ਮਾਲਵਿਕਾ ਨੇ ਸਭਨਾਂ ਨਾਲ ਵਾਅਦਾ ਕੀਤਾ ਕਿ ਚੋਣਾਂ ਵਿੱਚ ਜਿੱਤ ਉਪਰੰਤ ਕਾਂਗਰਸ ਦੀ ਸਰਕਾਰ ਬਣਨ ਤੇ ਪੂਰੇ ਮੋਗਾ ਹਲਕੇ ਵਿੱਚ ਹਲਕਾ ਵਾਸੀਆਂ ਲਈ ਰੁਜ਼ਗਾਰ ਪੈਦਾ ਕਰਵਾਏ ਜਾਣਗੇ ਅਤੇ ਮੋਗੇ ਵਿੱਚ ਵੱਖ ਵੱਖ ਥਾਵਾਂ 'ਤੇ ਲਘੂ ਉਦਯੋਗ ਸਥਾਪਤ ਕਰਵਾਵਾਂਗੀ। ਸਭਨਾਂ ਕੋਲ ਜੇਕਰ ਰੁਜ਼ਗਾਰ ਹੋਵੇਗਾ ਤਾਂ ਸਿਆਸਤ ਵਿੱਚ ਮੁਫ਼ਤ ਚੀਜ਼ਾਂ ਵੰਡਣ ਦੀ ਦੌੜ ਯਕੀਨਨ ਖਤਮ ਹੋਵੇਗੀ ਅਤੇ ਸੋਹਣੇ ਸਮਾਜ ਦੀ ਸਿਰਜਣਾ ਯਕੀਨੀ ਹੋਵੇਗੀ।
ਇਸ ਮੌਕੇ ਲੈਕਮੇ ਸਾਲੋਨ ਅਤੇ ਅਕਾਦਮੀ ਦੇ ਸਮੂਹ ਪ੍ਰਬੰਧਕਾਂ, ਸਿੱਖਿਅਕਾਂ ਅਤੇ ਵਿਦਿਆਰਥੀਆਂ ਨੇ ਮਾਲਵਿਕਾ ਦੀਦੀ ਨੂੰ ਮਾਣ ਸਤਿਕਾਰ ਬਖਸ਼ਦਿਆਂ ਸਨਮਾਨਤ ਕੀਤਾ। ਮਾਲਵਿਕਾ ਨੇ ਸਭ ਦਾ ਧੰਨਵਾਦ ਕੀਤਾ।
ਇਸੇ ਤਰਾਂ ਮਾਲਵਿਕਾ ਵਾਰਡ ਨੰਬਰ 5 ਵਿਖੇ ਸ. ਜੌਂਟੀ ਢਿੱਲੋਂ ਦੇ ਗ੍ਰਹਿ ਵਿਖੇ ਬੈਠਕ ਵਿੱਚ ਪਹੁੰਚੇ। ਉੱਥੇ ਬਹੁਤ ਵੱਡਾ ਇਕੱਠ ਹੋਇਆ ਸੀ। ਉਸਨੇ ਕਿਹਾ ਕਿ ਮੈਂ ਚੋਣਾਂ ਵਿੱਚ ਰਾਜਨੀਤੀ ਕਰਨ ਲਈ ਨਹੀਂ, ਸੇਵਾਨੀਤੀ ਕਰਨ ਆਈ ਹਾਂ। ਇੱਥੇ ਉਸਨੂੰ ਇੱਕ ਮਾਤਾ ਜੀ ਮਿਲੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਕੋਲ ਉਹਨਾਂ ਦੀ ਬੇਟੀ ਨੂੰ ਪੜ੍ਹਾਉਣ ਲਈ ਸਾਧਨ ਨਹੀਂ ਹਨ। ਮਾਲਵਿਕਾ ਨੇ ਵਾਅਦਾ ਕੀਤਾ ਕਿ ਉਹਨਾਂ ਦੀ ਬੇਟੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਮੈਂ ਚੁੱਕਾਂਗੀ। ਉਹ ਬੋਲੀ ਪੂਰਾ ਮੋਗਾ ਹਲਕਾ ਮੇਰਾ ਆਪਣਾ ਪਰਿਵਾਰ ਹੈਂ। ਉਹਨਾਂ ਦੀ ਸੇਵਾ ਲਈ ਮੈਂ ਦਿਨ ਰਾਤ, ਤਨ ਮਨ ਧਨ ਨਾਲ ਸਮਰਪਿਤ ਹਾਂ।
ਦੱਸਣਯੋਗ ਹੈ ਕਿ ਕੋਵਿਡ ਲਾਕਡਾਊਨ ਦੌਰਾਨ, ਮਾਲਵਿਕਾ ਨੇ ਗਰੀਬ ਵਿਦਿਆਰਥੀਆਂ ਲਈ ਮੁਫਤ ਔਨਲਾਈਨ ਕਲਾਸਾਂ ਦਾ ਵੀ ਆਯੋਜਨ ਕੀਤਾ ਸੀ। ਉਸਦੇ ਪਿਤਾ ਮੋਗਾ ਦੇ ਮੇਨ ਬਜ਼ਾਰ ਵਿੱਚ ਬੰਬੇ ਕਲੌਥ ਹਾਊਸ ਦੀ ਦੁਕਾਨ ਚਲਾਉਂਦੇ ਸਨ ਅਤੇ ਉਸਦੀ ਮਾਂ ਸ਼ਹਿਰ ਦੇ ਡੀਐਮ ਕਾਲਜ ਵਿੱਚ ਅੰਗਰੇਜ਼ੀ ਲੈਕਚਰਾਰ ਸੀ।
ਮਾਲਵਿਕਾ ਅਤੇ ਸੋਨੂੰ ਮਿਲ ਕੇ ਆਪਣੇ ਮਰਹੂਮ ਮਾਤਾ-ਪਿਤਾ ਸ਼ਕਤੀ ਸਾਗਰ ਸੂਦ ਅਤੇ ਸਰੋਜ ਬਾਲਾ ਸੂਦ ਦੀ ਯਾਦ ਵਿੱਚ ਸੂਦ ਚੈਰਿਟੀ ਫਾਊਂਡੇਸ਼ਨ ਚਲਾਉਂਦੇ ਹਨ, ਜਿਨ੍ਹਾਂ ਦਾ ਕ੍ਰਮਵਾਰ 2016 ਅਤੇ 2007 ਵਿੱਚ ਦਿਹਾਂਤ ਹੋ ਗਿਆ ਸੀ।
ਮਹਾਂਮਾਰੀ ਫੈਲਣ ਤੋਂ ਬਾਅਦ, ਭੈਣ ਭਰਾਵਾਂ ਨੇ ਮੋਗਾ ਵਿੱਚ ਲੋੜਵੰਦ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਸੈਂਕੜੇ ਸਾਈਕਲ ਵੰਡੇ। ਮਾਲਵਿਕਾ ਨੇ ਫਾਊਂਡੇਸ਼ਨ ਤਹਿਤ ਮੋਗਾ ਲਈ ‘ਮੇਰਾ ਸ਼ੇਰ, ਮੇਰੀ ਜਿੰਮੇਵਾਰੀ’ (ਮੇਰਾ ਸ਼ਹਿਰ, ਮੇਰੀ ਜ਼ਿੰਮੇਵਾਰੀ) ਮੁਹਿੰਮ ਵੀ ਸ਼ੁਰੂ ਕੀਤੀ।
ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ, ਮਾਲਵਿਕਾ ਸੂਦ ਸੱਚਰ (38) ਮੋਗਾ ਕਸਬੇ ਵਿੱਚ ਇੱਕ ਪ੍ਰਮੁੱਖ ਸਮਾਜਸੇਵਿਕਾ ਦੇ ਤੌਰ ਤੇ ਜਾਣੀ ਜਾਂਦੀ ਹੈ, ਜੋ ਸਿੱਖਿਆ, ਰੁਜ਼ਗਾਰ ਅਤੇ ਸਿਹਤ ਖੇਤਰਾਂ ਵਿੱਚ ਆਪਣੇ ਸਮਾਜਿਕ ਕੰਮਾਂ ਲਈ ਜਾਣੀ ਜਾਂਦੀ ਹੈ। ਉਹਨਾਂ ਦੀ ਸਭ ਤੋਂ ਵੱਡੀ ਭੈਣ ਮੋਨਿਕਾ ਸ਼ਰਮਾ, ਇੱਕ ਫਾਰਮਾਸਿਊਟੀਕਲ ਪੇਸ਼ੇਵਰ, ਅਮਰੀਕਾ ਵਿੱਚ ਸੈਟਲ ਹੈ।
ਇੱਕ ਯੋਗਤਾ ਪ੍ਰਾਪਤ ਕੰਪਿਊਟਰ ਇੰਜੀਨੀਅਰ, ਮਾਲਵਿਕਾ ਮੋਗਾ ਵਿੱਚ ਇੱਕ IELTS ਕੋਚਿੰਗ ਸੈਂਟਰ ਚਲਾਉਂਦੀ ਹੈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਅੰਗਰੇਜ਼ੀ ਕੋਚਿੰਗ ਪ੍ਰਦਾਨ ਕਰਦੀ ਹੈ। ਉਸਦਾ ਵਿਆਹ ਗੌਤਮ ਸੱਚਰ ਨਾਲ ਹੋਇਆ ਹੈ, ਅਤੇ ਇਹ ਜੋੜਾ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਚੈਰਿਟੀ ਪ੍ਰੋਜੈਕਟਾਂ ਦੀ ਦੇਖਭਾਲ ਕਰਦਾ ਹੈ। "ਮੌਜੂਦਾ ਸਮੇਂ ਵਿੱਚ, ਇਹ ਦੇਸ਼ ਭਰ ਵਿੱਚ 20,000 ਤੋਂ ਵੱਧ ਪਛੜੇ ਵਿਦਿਆਰਥੀਆਂ ਦੀ ਸਿੱਖਿਆ ਲਈ ਮਦਦ ਕਰ ਰਹੇ ਹਨ ਅਤੇ ਲੋੜਵੰਦ ਮਰੀਜ਼ਾਂ ਦੀਆਂ ਸਰਜਰੀਆਂ ਲਈ ਵੀ ਵਿੱਤੀ ਸਹਾਇਤਾ ਕਰ ਰਹੇ ਹਨ ਗੌਤਮ ਸੱਚਰ, ਵੀ ਇੱਕ ਸਿੱਖਿਆ ਸ਼ਾਸਤਰੀ ਹਨ।
ਮਾਲਵਿਕਾ ਨੇ ਟਿਕਟ ਮਿਲਣ ਤੋਂ ਪਹਿਲਾਂ ਮੀਡਿਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀਆਂ ਪੰਜਾਬੀ ਜੜ੍ਹਾਂ 'ਤੇ ਬਹੁਤ ਮਾਣ ਹੈ ਅਤੇ 'ਸੇਵਾ' (ਦੂਜਿਆਂ ਦੀ ਸੇਵਾ ਕਰਨਾ) ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ 'ਚ ਪਾਈਆਂ ਹਨ। “ਮੇਰੇ ਭਰਾ ਨੇ ਕੋਵਿਡ ਦੌਰਾਨ ਪ੍ਰਵਾਸੀਆਂ ਦੀ ਮਦਦ ਕੀਤੀ ਕਿਉਂਕਿ ਅਸੀਂ ਕਿਸੇ ਨੂੰ ਦਰਦ ਵਿੱਚ ਨਹੀਂ ਦੇਖ ਸਕਦੇ। ਸਾਡੇ ਮਾਤਾ-ਪਿਤਾ ਨੇ ਸਾਨੂੰ ਇਹੀ ਸਿਖਾਇਆ ਹੈ ਅਤੇ ਸਾਡੇ ਵਿੱਚ ਪੰਜਾਬੀਅਤ ਹੈ, ”ਉਸਨੇ ਕਿਹਾ ਸੀ “ਅਸੀਂ ਆਪਣੇ ਮਾਪਿਆਂ ਨੂੰ ਯਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਸਵਰਗ ਤੋਂ ਇੱਥੇ ਦੇਖਣ ਅਤੇ ਮਾਣ ਮਹਿਸੂਸ ਕਰਨ ਕਿ ਉਹ (ਸੋਨੂੰ) ਲੋੜਵੰਦਾਂ ਲਈ ਕੀ ਕਰ ਰਿਹਾ ਹੈ।
ਰਾਜਨੀਤੀ ਵਿੱਚ ਆਉਣ ਦਾ ਐਲਾਨ ਕਰਨ ਤੋਂ ਬਾਅਦ, ਮਾਲਵਿਕਾ ਨੇ ਕਿਹਾ “ਅਸੀਂ ਪਹਿਲਾਂ ਹੀ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਪ੍ਰਮੁੱਖਤਾ ਨਾਲ ਕੰਮ ਕਰ ਰਹੇ ਹਾਂ। ਹਸਪਤਾਲਾਂ ਅਤੇ ਸਕੂਲਾਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ ਮੇਰੀ ਤਰਜੀਹ ਹੋਵੇਗੀ।
ਉਸ ਸਮੇਂ ਸੋਨੂੰ ਨੇ ਮੀਡਿਆ ਨੂੰ ਦੱਸਿਆ ਸੀ ਕਿ ਉਸਦੀ ਭੈਣ ਦਾ "ਹਮੇਸ਼ਾ ਆਪਣਾ ਅਲਗ ਸਫਰ ਰਿਹਾ ਹੈ" ਅਤੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਚੋਣ ਲੜੇਗੀ। “ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ ਕਿਉਂਕਿ ਉਹ ਲੋਕਾਂ ਵੱਲੋਂ ਸਾਡੇ ਪਰਿਵਾਰ ਨੂੰ ਦਿੱਤਾ ਗਿਆ ਪਿਆਰ ਅਤੇ ਸਤਿਕਾਰ ਵਾਪਸ ਕਰਨਾ ਚਾਹੁੰਦੀ ਹੈ। ਮੋਗਾ ਜਿੱਥੇ ਅਸੀਂ ਵੱਡੇ ਹੋਏ ਹਾਂ। ਇਹ ਸਾਡਾ ਜੱਦੀ ਸ਼ਹਿਰ ਹੈ।