ਕੀ ਸਿਆਸੀ ਰੰਗ ’ਚ ਰੰਗੇ ਹੋਏ ਸਨ ਚੋਣ ਕਮਿਸ਼ਨ ਵੱਲੋਂ ਬਦਲੇ ਗਏ ਐਸ ਐਸ ਪੀਜ਼ ਤੇ ਡੀਸੀ ?
ਅਸ਼ੋਕ ਵਰਮਾ
ਬਠਿੰਡਾ,18ਜਨਵਰੀ2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਅਮਲ ਦੌਰਾਨ ਕਥਿਤ ਤੌਰ ਤੇ ਸਿਆਸੀ ਰੰਗ ’ਚ ਰੰਗੇ ਜਾਣ ਦੇ ਚਰਚਿਆਂ ਦੌਰਾਨ ਚੋਣ ਕਮਿਸ਼ਨ ਨੇ 8 ਜਿਲ੍ਹਾ ਪੁਲਿਸ ਮੁਖੀਆਂ ਤੋਂ ਇਲਾਵਾ ਬਠਿੰਡਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਮਾਮਲੇ ਦਾ ਅਹਿਮ ਪਹਿਲੂ ਹੈ ਕਿ ਚੋਣ ਕਮਿਸ਼ਨ ਨੇ ਨਵੇਂ ਤਾਇਨਾਤ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਥਾਵਾਂ ਤੇ ਜੁਆਇਨ ਕਰਨ ਲਈ ਹੁਕਮ ਦਿੱਤੇ ਹਨ। ਬਦਲੇ ਗਏ ਪੁਲਿਸ ਅਧਿਕਾਰੀਆਂ ਵਿੱਚੋਂ ਅੱਧੀ ਦਰਜਨ ਪੁਲਿਸ ਅਧਿਕਾਰੀ ਪੰਜਾਬ ਪੁਲਿਸ ਕਾਡਰ ਦੇ ਪੀ ਪੀ ਐਸ ਅਧਿਕਾਰੀ ਹਨ ਜਦੋਂਕਿ ਦੋ ਤਾਜਾ ਤਾਜਾ ਪੀ ਪੀ ਐਸ ਤੋਂ ਆਈ ਪੀ ਐਸ ਵਜੋਂ ਤਰੱਕੀ ਹਾਸਲ ਕਰਨ ਵਾਲੇ ਪੁਲਿਸ ਅਫਸਰ ਹਨ।
ਅੱਜ ਬਦਲੇ ਜਿਲ੍ਹਾ ਪੁਲਿਸ ਮੁਖੀਆਂ ’ਚ ਬਠਿੰਡਾ ਜਿਲ੍ਹੇ ਦਾ ਐਸ ਐਸ ਪੀ ਅਜੇ ਮਲੂਜਾ ਸ਼ਾਮਲ ਹੈ ਜਿਸ ਦੀ ਥਾਂ ਅਮਨੀਤ ਕੌਂਡਲ ਆਈ ਪੀ ਐਸ ਨੂੰ ਨਵਾਂ ਐਸ ਐਸ ਪੀ ਲਾਇਆ ਗਿਆ ਹੈ। ਹਾਲਾਂਕਿ ਚੋਣ ਕਮਿਸ਼ਨ ਦਾ ਡੰਡਾ ਅੱਜ ਚੱਲਿਆ ਹੈ ਪਰ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਨੂੰ ਬਦਲੇ ਜਾਣ ਦੀ ਚਰਚਾ ਸ਼ਹਿਰ ’ਚ ਪਿਛਲੇ ਕਈ ਦਿਨਾਂ ਤੋਂ ਛਿੜੀ ਹੋਈ ਸੀ। ਦਰਅਸਲ ਪਿਛਲੇ ਕੁੱਝ ਦਿਨਾਂ ਤੋਂ ਹਾਕਮ ਧਿਰ ਕਾਂਗਰਸ ਵੱਲੋਂ ਸ਼ਹਿਰੀ ਹਲਕੇ ’ਚ ਸੋਲਰ ਪੈਨਲ ਵੰਡਣੇ ਸ਼ੁਰੂ ਕੀਤੇ ਹੋਏ ਸਨ। ਅਕਾਲੀ ਦਲ ਨੂੰ ਇਤਰਾਜ ਸੀ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ ਕਾਂਗਰਸ ਸਮਰਥਕਾਂ ਵੱਲੋਂ ਕੀਤੇ ਜਾਣ ਵਾਲੇ ਵੰਡ ਵੰਡਾਰੇ ਦਾ ਮਾਮਲਾ ਮੀਡੀਆ ਦੀਆਂ ਸੁਰਖੀਆਂ ਵੀ ਬਣਿਆ ਸੀ।
ਦੋ ਦਿਨ ਮਾਮਲਾ ਸ਼ਾਂਤ ਰਹਿਣ ਤੋਂ ਬਾਅਦ ਕਾਂਗਰਸੀ ਸਮਰਥਕਾਂ ਨੇ ਫਿਰ ਪੈਨਲਾਂ ਦੀ ਵੰਡ ਸ਼ੁਰੂ ਕਰ ਦਿੱਤੀ ਅਤਾਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਮੌਕੇ ਤੇ ਪੁੱਜ ਗਏ ਅਤੇ ਇਤਰਾਜ ਜਤਾਇਆ। ਇਸ ਮੌਕੇ ਕਾਫੀ ਗਰਮਾ ਗਰਮੀ ਵੀ ਹੋਈ ਅਤੇ ਮੌਕੇ ਤੇ ਪੁੱਜੇ ਵਿੱਤ ਮੰਤਰੀ ਦੇ ਸਾਲੇ ਜੈਜੀਤ ਸਿੰਘ ਜੋਜੋ ਨੇ ਇਸ ਨੂੰ ਪੁਰਾਣਾ ਪ੍ਰਜੈਕਟ ਕਰਾਰ ਦਿੰਦਿਆਂ ਕਿਹਾ ਕਿ ਇਸ ’ਚ ਕੁੱਝ ਵੀ ਗਲ੍ਹਤ ਨਹੀਂ ਹੈ। ਇਸ ਘਟਨਾ ਕਾਰਨ ਪੁਲਿਸ ਮੌਕੇ ਤੇ ਤਾਂ ਪੁੱਜੀ ਪਰ ਕੋਈ ਕਾਰਵਾਈ ਨਹੀਂ ਕੀਤੀ । ਦੱਸਦੇ ਹਨ ਕਿ ਅਖਬਾਰਾਂ ’ਚ ਛਪੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਦੀ ਗਾਜ ਅੱਜ ਐਸ ਐਸ ਪੀ ਤੇ ਡਿੱਗੀ ਹੈ। ਇਸੇ ਤਰਾਂ ਹੀ ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸਰਬਜੀਤ ਸਿੰਘ ਪੀ ਪੀ ਐਸ ਨੂੰ ਵੀ ਚੋਣ ਕਮਿਸ਼ਨ ਨੇ ਬਦਲ ਦਿੱਤਾ ਹੈ।
ਮਹੱਤਵਪੂਰਨ ਤੱਥ ਹੈ ਕਿ ਜਿਸ ਪੁਲਿਸ ਅਫਸਰ ਸਰਬਜੀਤ ਸਿੰਘ ਨੂੰ 14 ਅਕਤੂਬਰ 2017 ਨੂੰ ਮੁਕਤਸਰ ’ਚ ਤਾਇਨਾਤ ਕੀਤਾ ਉਸ ਦੀ ਥਾਂ ਪਹਿਲਾਂ ਚਰਨਜੀਤ ਸਿੰਘ ਸੋਹਲ ਐਸ ਐਸ ਪੀ ਲਾਏ ਗਏ ਸਨ ਜੋ ਆਈ ਪੀ ਐਸ ਅਧਿਕਾਰੀ ਅਤੇ ਚੋਣ ਕਮਿਸ਼ਨ ਦੇ ਮਾਪਦੰਡਾਂ ਤੇ ਖਰੇ ਉੱਤਰਦੇ ਸਨ। ਦੱਸਿਆ ਜਾਂਦਾ ਹੈ ਕਿ ਮੁਕਤਸਰ ਜਿਲ੍ਹੇ ਨਾਲ ਸਬੰਧਤ ਇੱਕ ਤਾਕਤਵਰ ਮੰਤਰੀ ਨਾਲ ਕਥਿਤ ਨਜ਼ਦੀਕੀਆਂ ਹੋਣ ਕਾਰਨ ਇਹ ਪੁਲਿਸ ਅਧਿਕਾਰੀ ਅਕਾਲੀ ਆਗੂਆਂ ਦੀਆਂ ਅੱਖਾਂ ’ਚ ਰੜਕਦਾ ਆ ਰਿਹਾ ਸੀ। ਸੂਤਰਾਂ ਮੁਤਾਬਕ ਜਦੋਂ ਇੱਕ ਸੀਨੀਅਰ ਅਕਾਲੀ ਆਗੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਾਮਲਾ ਧਿਆਨ ’ਚ ਲਿਆਂਦਾ ਨੇ ਉਨ੍ਹਾਂ ਚੋਣ ਕਮਿਸ਼ਨ ਨੂੰ ਜਾਣਕਾਰੀ ਦੇ ਦਿੱਤੀ।
ਇਸ ਤੋਂ ਬਾਅਦ ਅੱਜ ਚੋਣ ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਕਮਾਨ ਸਾਲ 2015 ਬੈਚ ਦੇ ਆਈ ਪੀ ਐਸ ਅਫਸਰ ਸੰਦੀਪ ਕੁਮਾਰ ਮਲਿਕ ਨੂੰ ਸੌਪ ਦਿੱਤੀ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਨੂੰ ਅੱਖੋਂ ਪਰੋਖੇ ਕਰਦਿਆਂ ਪੰਜਾਬ ਸਰਕਾਰ ਨੇ ਪਿਛਲੇ ਕੁੱਝ ਸਮੇਂ ਦੌਰਾਨ ਕਈ ਅਜਿਹੇ ਅਫਸਰ ਤਾਇਨਾਤ ਕਰ ਦਿੱਤੇ ਸਨ ਜਿੰਨ੍ਹਾਂ ਦੇ ਕਾਡਰ ਨੂੰ ਕਮਿਸ਼ਨ ਗੈਰਭਰੋਸੇਯੋਗ ਮੰਨਦਾ ਹੈ। ਚੋਣ ਕਮਿਸ਼ਨ ਦੀ ਧਾਰਨਾ ਹੈ ਕਿ ਸਿੱਧੇ ਭਰਤੀ ਆਈ ਪੀ ਐਸ ਅਧਿਕਾਰੀ ਸਿਆਸੀ ਪ੍ਰਭਾਵ ਨਹੀਂ ਕਬੂਲਦੇ ਹਨ ਜਦੋਂਕਿ ਪੀ ਪੀ ਐਸ ਅਧਿਕਾਰੀਆਂ ਦਾ ਸਿੱਧਾ ਸਬੰਧ ਪੰਜਾਬ ਸਰਕਾਰ ਨਾਲ ਹੋਣ ਕਰਕੇ ਇਸ ਕਾਡਰ ਦੀ ਬਾਂਹ ਮਰੋੜਨੀ ਅਸਾਨ ਹੁੰਦੀ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਬਦਲਿਆ
ਡਿਪਟੀ ਕਮਿਸ਼ਨਰ ਬਠਿੰਡਾ ਅਰਵਿੰਦਪਾਲ ਸਿੰਘ ਸੰਧੂ ਨੂੰ ਵੀ ਚੋਣ ਕਮਸ਼ਿਨ ਨੇ ਬਦਲਣ ਦੇ ਹੁਕਮ ਦਿੱਤੇ ਹਨ। ਸੰਧੂ ਦੀ ਥਾਂ ਵਿਨੀਤ ਕੁਮਾਰ ਨੂੰ ਬਠਿੰਡਾ ਜਿਲ੍ਹੇ ਦਾ ਨਵਾਂ ਡੀ ਸੀ ਲਾਇਆ ਗਿਆ ਹੈ। ਅਸਲ ’ਚ ਅਰਵਿੰਦਪਾਲ ਸਿੰਘ ਸੰਧੂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸਨ ਜਦੋਂ ਉਨ੍ਹਾਂ ਦੀ ਬਠਿੰਡਾ ਜਿਲ੍ਹੇ ’ਚ ਬਦਲੀ ਕਰ ਦਿੱਤੀ ਸੀ। ਪਤਾ ਲੱਗਿਆ ਹੈ ਕਿ ਸੰਧੂ ਦਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ ਨੇੜਲਾ ਸਬੰਧ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜੱਦੀ ਪਿੰਡ ਵੀ ਇਸੇ ਜਿਲ੍ਹੇ ’ਚ ਪੈਂਦਾ ਹੈ। ਸੂਤਰ ਦੱਸਦੇ ਹਨ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਅਰਵਿੰਦਪਾਲ ਸਿੰਘ ਸੰਧੂ ਦੀ ਕਾਰਗੁਜ਼ਾਰੀ ਮੁਲਾਂਕਣ ਕਰਨ ਉਪਰੰਤ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਬਦਲਿਆ ਹੈ।
ਆਈ ਜੀ ਬਠਿੰਡਾ ਤੇ ਵੀ ਡਿੱਗੀ ਬਿਜਲੀ
ਬਠਿੰਡਾ ਰੇਂਜ ਦੇ ਆਈ ਜੀ ਜਸਕਰਨ ਸਿੰਘ ਦੀ ਵੀ ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਬਦਲੀ ਕਰ ਦਿੱਤੀ ਗਈ ਹੈ। ਜਸਕਰਨ ਸਿੰਘ ਨੂੰ ਪੰਜਾਬ ਪੁਲਿਸ ਦੇ ਹੈਡਕੁਆਟਰ ’ਚ ਤਾਇਨਾਤ ਕੀਤਾ ਗਿਆ ਹੈ। ਬਠਿੰਡਾ ਰੇਂਜ ’ਚ ਦੋ ਜਿਲ੍ਹੇ ਮਾਨਸਾ ਅਤੇ ਬਠਿੰਡਾ ਪੈਂਦੇ ਹਨ ਜਿੱਥੋਂ ਚੋਣ ਕਮਿਸ਼ਨ ਕੋਲ ਸ਼ਕਾਇਤਾਂ ਪੁੱਜੀਆਂ ਸਨ।