ਮੁਹੱਲਾ ਵਾਸੀਆਂ ਵਲੋਂ ਵੋਟਾਂ ਲਈ ਆਉਣ ਵਾਲੇ ਲੀਡਰਾਂ ਤੋਂ ਸਮੱਸਿਆ ਸਬੰਧੀ ਸਵਾਲ ਪੁੱਛਣ ਦਾ ਫੈਸਲਾ
ਦੀਪਕ ਗਰਗ
ਕੋਟਕਪੂਰਾ, 18 ਜਨਵਰੀ 2022:- ਇੱਥੋਂ ਦੀ ਪਾਸ਼ ਕਲੋਨੀ ਅਤੇ ਜਾਗਰੂਕ ਨਾਗਰਿਕਾਂ ਵਾਲੇ ਮੰਨੇ ਜਾਂਦੇ ਮੁਹੱਲੇ ਅਰਥਾਤ ਹੀਰਾ ਸਿੰਘ ਨਗਰ ਦੇ ਵਸਨੀਕਾਂ ਨੇ ਅੱਜ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਐਲਾਨ ਕਰ ਦਿੱਤਾ ਕਿ ਇਸ ਇਲਾਕੇ ਵਿੱਚ ਵੋਟਾਂ ਮੰਗਣ ਲਈ ਆਉਣ ਵਾਲੇ ਇਹ ਜਰੂਰ ਸੋਚ ਕੇ ਆਉਣ ਕਿ ਉਨਾਂ ਨੂੰ ਮੁਹੱਲਾ ਵਾਸੀਆਂ ਦੇ ਸਖਤ ਸੁਆਲਾਂ ਦਾ ਜਵਾਬ ਵੀ ਦੇਣਾ ਪਵੇਗਾ ਅਤੇ ਕੌੜੀਆਂ ਕੁਸੈਲੀਆਂ ਬਰਦਾਸ਼ਤ ਵੀ ਕਰਨੀਆਂ ਪੈਣਗੀਆਂ।
ਮੁਹੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਢੈਪਈ ਸਮੇਤ ਰਜਿੰਦਰ ਸਿੰਘ ਸਰਾਂ, ਨਰਜਿੰਦਰ ਸਿੰਘ ਖਾਰਾ, ਅਵਤਾਰ ਸਿੰਘ, ਹਰਦੇਵ ਸਿੰਘ, ਵਿਨੋਦ ਸ਼ਰਮਾ, ਹਰਪ੍ਰੀਤ ਸਿੰਘ ਮੜਾਕ, ਬਲਵੀਰ ਸਿੰਘ ਤੱਗੜ, ਰਜਿੰਦਰ ਰਾਜਨ, ਅਸ਼ੋਕ ਸੇਠੀ ਆਦਿ ਨੇ ਆਖਿਆ ਕਿ ਪਿਛਲੇ ਕਰੀਬ ਤਿੰਨ ਦਹਾਕਿਆਂ ਅਰਥਾਤ 30 ਸਾਲਾਂ ਤੋਂ ਇੱਥੋਂ ਦੇ ਵਸਨੀਕ ਸੀਵਰੇਜ ਪ੍ਰਬੰਧਾਂ, ਪਾਣੀ ਨਿਕਾਸੀ ਅਤੇ ਸਾਫ ਪਾਣੀ ਦੀ ਸਪਲਾਈ ਵਾਲੀਆਂ ਸਮੱਸਿਆਵਾਂ ਤੋਂ ਬਹੁਤ ਦੁਖੀ ਹਨ। ਉਨਾ ਦੱਸਿਆ ਕਿ ਦੇਸ਼ ਦੀ ਆਜਾਦੀ ਦੇ 75 ਸਾਲਾਂ ਬਾਅਦ ਸਾਡੀਆਂ ਟੂਟੀਆਂ ਵਿੱਚ ਸੀਵਰੇਜ ਰਲਿਆ ਮੁਸ਼ਕ ਮਾਰਦਾ ਗੰਦਾ ਪਾਣੀ ਸਪਲਾਈ ਹੋਣ ਲੱਗ ਪਿਆ ਹੈ ਤੇ ਪਿਛਲੇ ਕਰੀਬ 30 ਸਾਲਾਂ ਤੋਂ ਸਾਡੇ ਸਕੂਲ-ਕਾਲਜ ਪੜਦੇ ਬੱਚੇ ਤੇ ਨੌਜਵਾਨਾਂ ਸਮੇਤ ਬਜੁਰਗ ਵੀ ਬਿਨਾ ਕਸੂਰੋਂ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੁੂਰ ਹਨ। ਉਨਾਂ ਆਖਿਆ ਕਿ ਉਹ ਇਸ ਸਮੱਸਿਆ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਵਾਟਰ ਵਰਕਸ ਵਿਭਾਗ ਅਤੇ ਸੀਵਰੇਜ ਬੋਰਡ ਦੇ ਹਰ ਛੋਟੇ ਵੱਡੇ ਅਧਿਕਾਰੀ ਨੂੰ ਜਾਣੂ ਕਰਵਾ ਕੇ ਸਮੱਸਿਆ ਦੇ ਹੱਲ ਲਈ ਬੇਨਤੀਆਂ ਤੇ ਅਪੀਲਾਂ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ।
ਹੁਣ ਮੁਹੱਲਾ ਵਾਸੀਆਂ ਨੇ ਹਰ ਤਰਾਂ ਦੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਮੁਹੱਲੇ ਦੇ ਸੁਧਾਰ ਲਈ ਵੋਟਾਂ ਵਾਸਤੇ ਆਉਣ ਵਾਲੇ ਲੀਡਰਾਂ ਤੋਂ ਸਮੱਸਿਆ ਨਾਲ ਸਬੰਧਤ ਸਵਾਲ ਪੁੱਛਣ ਦਾ ਫੈਸਲਾ ਕੀਤਾ ਹੈ। ਮੁਹੱਲਾ ਵਾਸੀਆਂ ਨੇ ਸੱਤਾਧਾਰੀ ਧਿਰ ਵਲੋਂ ਕਰੀਬ ਦੋ ਸਾਲ ਪਹਿਲਾਂ ਰੱਖਿਆ ਗਿਆ ਨੀਂਹ ਪੱਥਰ ਦਿਖਾਉਂਦਿਆਂ ਆਖਿਆ ਕਿ ਉਹ ਨੀਂਹ ਪੱਥਰ ਵੀ ਆਪਣੀ ਹਾਲਤ ’ਤੇ ਹੰਝੂ ਵਹਾ ਰਿਹਾ ਹੈ। ਉਨਾਂ ਆਖਿਆ ਕਿ ਕਰੀਬ ਸਾਲ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾ ਮੌਕੇ ਸੱਤਾਧਾਰੀ ਧਿਰ ਨੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਪਰ ਵੋਟਾਂ ਬਟੋਰਨ ਤੋਂ ਬਾਅਦ ਕਿਸੇ ਦੀ ਕੋਈ ਸੁਣਵਾਈ ਕਰਨ ਦੀ ਜਰੂਰਤ ਹੀ ਨਾ ਸਮਝੀ।